ਮੂਸਾ ਪਿੰਡ 'ਚ ਮਨਾਈ ਗਈ ਸਿੱਧੂ ਦੀ ਦੂਜੀ ਬਰਸੀ, ਬਾਪੂ ਬਲਕੌਰ ਨੇ ਕਿਹਾ- ਇਨਸਾਫ਼ ਲਈ ਜੰਗ ਰੱਖਾਂਗੇ ਜਾਰੀ

05/30/2024 10:24:30 AM

ਮਾਨਸਾ (ਸੰਦੀਪ ਮਿੱਤਲ)- ਮਸ਼ਹੂਰ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਬੀਤੇ ਦਿਨੀਂ ਪੂਰੇ 2 ਸਾਲ ਹੋ ਗਏ ਹਨ। ਇਸ ਨੂੰ ਦੁਨੀਆ ਭਰ ’ਚ ਅੱਜ ‘ਕਾਲੇ ਦਿਨ’ ਵਜੋਂ ਵੀ ਮਨਾਇਆ ਗਿਆ। ਇਸ ਮੌਕੇ ਕਈ ਕਲਾਕਾਰ ਪੋਸਟਾਂ ਸਾਂਝੀਆਂ ਕਰ ਕੇ ਸਿੱਧੂ ਨੂੰ ਸ਼ਰਧਾਂਜਲੀ ਦੇ ਰਹੇ ਸਨ ਅਤੇ ਨਾਲ ਹੀ ਇਨਸਾਫ ਦੀ ਮੰਗ ਕਰ ਰਹੇ ਹਨ। ਉਧਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਅੱਜ ਉਨ੍ਹਾਂ ਦੀ ਦੂਜੀ ਬਰਸੀ ਪਿੰਡ ਮੂਸਾ ਦੇ ਗੁਰਦੁਆਰਾ ਸਾਹਿਬ ਵਿਖੇ ਸੰਖੇਪ ਰੂਪ ’ਚ ਮਨਾਈ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਕਾਂਗਰਸ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਕਾਂਗਰਸ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਅਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰ ਅਤੇ ਪਿੰਡ ਵਾਸੀ ਮੌਜੂਦ ਸਨ। ਉਧਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ’ਚ ਅੱਜ ਦੇਸ਼ ਅਤੇ ਵਿਦੇਸ਼ ’ਚ ਕਈ ਸਮਾਗਮ ਕਰਵਾਏ ਜਾ ਰਹੇ ਹਨ। ਇਸ ਮੌਕੇ ਮੂਸੇਵਾਲਾ ਦੇ ਪਰਿਵਾਰ ਦੇ ਨਾਲ-ਨਾਲ ਪ੍ਰਸ਼ੰਸਕ ਵੀ ਬੇਹੱਦ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਹਨ। ਮਾਤਾ ਚਰਨ ਕੌਰ ਵੱਲੋਂ ਆਪਣੇ ਪੁੱਤਰ ਨੂੰ ਅੱਜ ਯਾਨੀ 29 ਮਈ ਨੂੰ ਇਕ ਵਾਰ ਫਿਰ ਯਾਦ ਕਰਦਿਆਂ ਭਾਵੁਕ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਪੋਸਟ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਮਰਹੂਮ ਸਿੱਧੂ ਨੂੰ ਯਾਦ ਕਰ ਭਾਵੁਕ ਹੋਈ ਸੋਨਮ ਬਾਜਵਾ, ਲਿਖਿਆ- ਜਸਟਿਸ ਇਕ ਧੁੰਦਲੀ ਉਮੀਦ ਬਣ ਗਿਆ

ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਿੱਧੂ ਨਾਲ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਲਿਖਿਆ, ਸ਼ੁੱਭ ਪੁੱਤ ਅੱਜ ਪੂਰੇ 730 ਦਿਨ 17532 ਘੰਟੇ 1051902 ਮਿੰਟ ਤੇ 63115200 ਸੈਕਿੰਡ ਗੁਜ਼ਰ ਗਏ ਆ… ਪੁੱਤ ਤੁਹਾਨੂੰ ਘਰ ਦੀ ਦਹਿਲੀਜ਼ ਲੰਘੇ ਨੂੰ ਮੇਰੀਆਂ ਅਰਦਾਸਾਂ ਤੇ ਮੰਨਤਾਂ ਦਾ ਸੁੱਚਾ ਫਲ ਢਲਦੀ ਸ਼ਾਮ ਨਾਲ ਸਾਡੇ ਬਿਨਾਂ ਕਿਸੇ ਗੁਨਾਹ ਤੋਂ ਬਣੇ ਦੁਸ਼ਮਣਾਂ ਨੇ ਮੇਰੀ ਕੁੱਖ ’ਚੋਂ ਖੋਹ ਲਿਆ, ਤੇ ਪੁੱਤ ਅਜਿਹਾ ਹਨ੍ਹੇਰਾ ਕੀਤਾ, ਜਿਸ ਮਗਰੋਂ ਉਮੀਦ ਦਾ ਸੂਰਜ ਚੜਨ ਦੀ ਉਮੀਦ ਖੁਦ ਉਮੀਦ ਨੂੰ ਵੀ ਨਹੀਂ ਸੀ ਪਰ ਬੇਟਾ ਗੁਰੂ ਮਾਹਾਰਾਜ ਤੁਹਾਡੀ ਸੋਚ ਤੇ ਸੁਪਨਿਆਂ ਤੋਂ ਵਾਕਿਫ ਸੀ। ਇਸ ਲਈ ਪੁੱਤ ਮੇਰਾ ਪੁੱਤ ਮੈਨੂੰ ਦੁਬਾਰਾ ਬਖਸ਼ਿਆ, ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਤੁਹਾਡਾ ਨਿੱਕਾ ਵੀਰ ਤੁਹਾਡੀ ਮੌਜੂਦਗੀ ਨੂੰ ਸਦਾ ਇਸ ਜਹਾਨ ਵਿਚ ਬਰਕਰਾਰ ਰੱਖਾਂਗੇ, ਬੇਸ਼ੱਕ ਮੈਂ ਤੁਹਾਨੂੰ ਸਰੀਰਕ ਤੌਰ ’ਤੇ ਦੇਖ ਨਹੀਂ ਸਕਦੀ ਪਰ ਮਨ ਦੀਆਂ ਅੱਖਾਂ ਨਾਲ ਮਹਿਸੂਸ ਕਰ ਸਕਦੀ ਆਂ, ਜੋ ਮੈਂ ਇਨ੍ਹਾਂ ਦੋ ਸਾਲਾਂ ਤੋਂ ਕਰਦੀ ਆ ਰਹੀ ਆਂ, ਅੱਜ ਦਾ ਦਿਨ ਬੜਾ ਔਖਾ ਆ ਪੁੱਤ। ਉਧਰ ਜ਼ਿਲਾ ਮਾਨਸਾ ਦੇ ਪਿੰਡ ਮੂਸਾ ਵਿਖੇ ਸਥਾਪਤ ਕੀਤੇ ਸਿੱਧੂ ਮੂਸੇਵਾਲਾ ਦੇ ਬੁੱਤ ’ਤੇ ਅੱਜ ਮਾਪਿਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਦੀ ਬਰਸੀ 'ਤੇ ਚਰਨਜੀਤ ਚੰਨੀ ਨੇ ਪਾਈ ਪੋਸਟ, ਕਿਹਾ ਪੰਜਾਬ ਦੇ ਹੀਰੇ ਪੁੱਤ ਲਈ ਜਾਰੀ ਰੱਖਾਂਗੇ ਸੰਘਰਸ਼

ਜ਼ਿਕਰਯੋਗ ਹੈ ਕਿ 29 ਮਈ, 2022 ਦੀ ਸ਼ਾਮ ਮਸ਼ਹੂਰ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਵਿਚ ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਅਤੇ ਹਸਪਤਾਲ ਲਿਜਾਇਆ ਗਿਆ ਪਰ ਹਸਤਪਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ। ਭੋਗ ਸਮਾਗਮ ਤੋਂ ਬਾਅਦ ਮੰਚ ਤੋਂ ਜੀਤ ਮਹਿੰਦਰ ਸਿੰਘ, ਯਾਦਵ, ਪੀਰ ਮੁਹੰਮਦ ਅਤੇ ਬਲਕੌਰ ਸਿੰਘ ਸਿੱਧੂ ਨੇ ਸੰਬੋਧਨ ਕੀਤਾ। ਬਲਕੌਰ ਸਿੰਘ ਸਿੱਧੂ ਨੇ ਮੂਸੇਵਾਲੇ ਦੇ ਇਨਸਾਫ ਲਈ ਜੰਗ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News