ਸਤਿੰਦਰ ਸਰਤਾਜ ਨੇ ਜੁਗਨੂੰ ਯੂਟਿਊਬ ਚੈਨਲ ’ਤੇ ਇਕ ਹੋਰ ਰੂਹਦਾਰ ਗੀਤ ‘ਤਿਤਲੀ’ ਕੀਤਾ ਰਿਲੀਜ਼

Monday, Sep 19, 2022 - 12:23 PM (IST)

ਸਤਿੰਦਰ ਸਰਤਾਜ ਨੇ ਜੁਗਨੂੰ ਯੂਟਿਊਬ ਚੈਨਲ ’ਤੇ ਇਕ ਹੋਰ ਰੂਹਦਾਰ ਗੀਤ ‘ਤਿਤਲੀ’ ਕੀਤਾ ਰਿਲੀਜ਼

ਚੰਡੀਗੜ੍ਹ (ਬਿਊਰੋ)– ਜਦੋਂ ਵੀ ਕੋਈ ਸਤਿੰਦਰ ਸਰਤਾਜ ਸ਼ਬਦ ਬੋਲਦਾ ਹੈ ਤਾਂ ਇਕ ਸ਼ਾਨਦਾਰ ਸੁਮੇਲ ਵਾਲੀ ਆਵਾਜ਼ ਦਿਲ ’ਚ ਖਿੱਚ ਪਾਉਂਦੀ ਹੈ। ਕਈ ਹਿੱਟ ਗੀਤ ਦੇਣ ਤੋਂ ਬਾਅਦ ‘ਤਿਤਲੀ’, ਜੋ ਨਵਾਂ ਗੀਤ ਰਿਲੀਜ਼ ਹੋਇਆ ਹੈ, ਬਿਨਾਂ ਸ਼ੱਕ ਇਹ ਦਰਸਾਉਂਦਾ ਹੈ ਕਿ ਇਹ ਪਿਆਰ ਭਰੀਆਂ ਭਾਵਨਾਵਾਂ ਰਾਹੀਂ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰੇਗਾ। ਗੀਤ ਦੀ ਵੀਡੀਓ ਵੀ ਇਸੇ ਭਾਵਨਾ ਨੂੰ ਪ੍ਰਗਟ ਕਰਦੀ ਹੈ।

ਸਰਤਾਜ ਆਪਣੇ ਗੀਤਾਂ ਰਾਹੀਂ ਨੈਤਿਕਤਾ ਦੇ ਸਿਧਾਂਤਾਂ ਨੂੰ ਸਥਾਪਿਤ ਕਰ ਰਿਹਾ ਹੈ ਤੇ ਬਾਕੀ ਗਾਇਕਾਂ, ਲੇਖਕਾਂ ਨੂੰ ਅੱਗੇ ਵਧਣ, ਇਸ ’ਤੇ ਪਾਲਣਾ ਕਰਨ ਤੇ ਦਰਸ਼ਕਾਂ ਦੇ ਪਿਆਰ ਦਾ ਸੁਆਦ ਲੈਣ ਲਈ ਰਾਹ ਦਿਖਾ ਰਿਹਾ ਹੈ। ਸਰਤਾਜ ਨੂੰ ਪਸੰਦ ਕਰਨ ਵਾਲਿਆਂ ਦੀ ਵਿਸ਼ਾਲ ਗਿਣਤੀ, ਉਸ ਦੀ ਚੰਗਿਆਈ, ਵਫ਼ਾਦਾਰੀ ਤੇ ਉਹ ਜੋ ਕੁਝ ਲਿਖ ਰਿਹਾ ਹੈ, ਗਾ ਰਿਹਾ ਹੈ ਤੇ ਕੰਪੋਜ਼ ਕਰ ਰਿਹਾ ਹੈ, ਉਸ ਬਾਰੇ ਡੂੰਘੀ ਜਾਣਕਾਰੀ ਦਾ ਸਬੂਤ ਹੈ। ਸਰਤਾਜ ਦੀ ਸਿਰਜਣਾਤਮਕਤਾ ਹਮੇਸ਼ਾ ਇਕ ਹੋਰ ਪੱਧਰ ਨੂੰ ਛੂੰਹਦੀ ਹੈ ਤੇ ਨਵੇਂ ਮਾਪਦੰਡ ਤੈਅ ਕਰਦੀ ਹੈ। ਉਸ ਦੇ ਪ੍ਰਾਜੈਕਟ ਡੂੰਘੇ ਅਰਥਾਂ, ਕਦਰਾਂ-ਕੀਮਤਾਂ ਨਾਲ ਉੱਭਰਦੇ ਹਨ ਤੇ ਹਰ ਵਾਰ ਸਰੋਤਿਆਂ ਨੂੰ ਹੈਰਾਨ ਕਰ ਦਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਮੋਹ’ ਦੀ ਕਲੈਕਸ਼ਨ ਤੋਂ ਦੁਖੀ ਜਗਦੀਪ ਸਿੱਧੂ, ਕੀ ਛੱਡ ਰਹੇ ਪੰਜਾਬੀ ਫ਼ਿਲਮ ਇੰਡਸਟਰੀ?

ਸਰਤਾਜ ਅਨੁਸਾਰ ਨੌਜਵਾਨਾਂ ਦੀ ਮਾਨਸਿਕਤਾ ਨੂੰ ਚੰਗੇ ਤੇ ਮਾੜੇ ਗੀਤਾਂ ਦੀ ਪਛਾਣ ਕਰਨੀ ਚਾਹੀਦੀ ਹੈ ਤਾਂ ਜੋ ਵੱਧ ਤੋਂ ਵੱਧ ਦਰਸ਼ਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਤੇ ਕੁਦਰਤ ਦੇ ਨੇੜੇ ਹੋਣ ਵਾਲੇ ਸਾਫ਼-ਸੁਥਰੇ ਗੀਤਾਂ ਦੀ ਮੰਗ ਕਰ ਸਕਣ। ਇਹ ਗਲੈਮਰਾਈਜ਼, ਸ਼ਰਾਬ ਜਾਂ ਗੈਂਗਸਟਰਵਾਦ ਵਾਲੇ ਗੀਤਾਂ ਦੀ ਮੰਗ ਨੂੰ ਰੋਕ ਸਕੇਗਾ।

ਗੀਤ ‘ਤਿਤਲੀ’ ਸਰਤਾਜ ਦੇ ਹੁਣ ਤੱਕ ਦੇ ਹਿੱਟ ਗੀਤਾਂ ’ਚੋਂ ਇਕ ਵਜੋਂ ਉੱਭਰ ਰਿਹਾ ਹੈ। ਪਿਆਰ ਦੀਆਂ ਡੂੰਘੀਆਂ ਭਾਵਨਾਵਾਂ ਨੂੰ ਲਿਆਉਣ, ਰੂਹਾਂ ਨੂੰ ਹਿਲਾਉਣ ਤੇ ਦਿਲਾਂ ਨੂੰ ਦਰੁਸਤ ਕਰਨ ਲਈ ਜਾਦੂਈ ਕਲਮ ਸਭ ਤੋਂ ਅੱਗੇ ਹੈ। ਰਮੀਤ ਸੰਧੂ ਪਿਆਰ ਦੇ ਨਿੱਘ ਨੂੰ ਦਰਸਾਉਂਦੇ ਇਸ ਸੰਗੀਤ ਵੀਡੀਓ ’ਚ ਸਤਿੰਦਰ ਸਰਤਾਜ ਨਾਲ ਲਵ ਬਰਡ ਦੇ ਰੂਪ ’ਚ ਨਜ਼ਰ ਆ ਰਹੇ ਹਨ।

ਇਸ ਗੀਤ ਨੂੰ ਸਤਿੰਦਰ ਸਰਤਾਜ ਨੇ ਗਾਇਆ, ਲਿਖਿਆ ਤੇ ਕੰਪੋਜ਼ ਕੀਤਾ ਹੈ। ਸੰਗੀਤ ਬੀਟ ਮਿਨਿਸਟਰ ਵਲੋਂ ਦਿੱਤਾ ਗਿਆ ਹੈ ਤੇ ਵੀਡੀਓ ਸੰਨੀ ਢੀਂਸੇ ਵਲੋਂ ਨਿਰਦੇਸ਼ਿਤ ਹੈ। ਇਹ ਗੀਤ ਅੱਜ ਜੁਗਨੂੰ ਗਲੋਬਲ ਦੇ ਲੇਬਲ ਹੇਠ ਰਿਲੀਜ਼ ਹੋਇਆ ਹੈ। ਗੀਤ ਯਕੀਨੀ ਤੌਰ ’ਤੇ ਦਰਸ਼ਕਾਂ ਦੇ ਦਿਲਾਂ ਨੂੰ ਛੂਹੇਗਾ।

ਸਤਿੰਦਰ ਸਰਤਾਜ ਨੇ ਕਿਹਾ, ‘‘ਇਹ ਗੀਤ ਮੇਰੇ ਦਿਲ ਦੇ ਬਹੁਤ ਕਰੀਬ ਹੈ। ਗੀਤ ਤਿਤਲੀ ਉਨ੍ਹਾਂ ਲੋਕਾਂ ਨਾਲ ਜੁੜਿਆ ਹੈ, ਜੋ ਪਿਆਰ ’ਚ ਵਿਸ਼ਵਾਸ ਰੱਖਦੇ ਹਨ। ਮੈਨੂੰ ਉਮੀਦ ਹੈ ਕਿ ਮੇਰੇ ਦਰਸ਼ਕ ਇਸ ਗੀਤ ਨੂੰ ਪਿਆਰ ਤੇ ਸਨੇਹ ਦੇਣਗੇ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News