1100 ਕਿਲੋ ਮੀਟਰ ਸਾਈਕਲ ਚਲਾ ਕੇ ਸਲਮਾਨ ਨੂੰ ਮਿਲਣ ਪਹੁੰਚਿਆ ਜ਼ਬਰਾ ਫੈਨ, ਖ਼ੁਸ਼ ਹੋ ਦਬੰਗ ਖ਼ਾਨ ਨੇ ਲਾਇਆ ਗ਼ਲੇ
Tuesday, Jan 03, 2023 - 03:04 PM (IST)

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੇ ਦੁਨੀਆ ਭਰ 'ਚ ਲੱਖਾਂ ਫੈਨਜ਼ ਹਨ। ਹਾਲ ਹੀ 'ਚ ਸਲਮਾਨ ਖ਼ਾਨ ਦੇ ਇੱਕ ਫੈਨ ਨੇ ਕੁਝ ਅਜਿਹਾ ਕੀਤਾ ਦਬੰਗ ਖ਼ਾਨ ਵੀ ਹੈਰਾਨ ਰਹਿ ਗਏ। ਸਲਮਾਨ ਖ਼ਾਨ ਦੇ ਜਨਮਦਿਨ 'ਤੇ ਉਨ੍ਹਾਂ ਦੇ ਘਰ ਦੇ ਬਾਹਰ ਉਨ੍ਹਾਂ ਦੇ ਫੈਨਜ਼ ਦੀ ਇੰਨੀ ਭੀੜ ਸੀ ਕਿ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ। ਇਨ੍ਹਾਂ ਫੈਨਜ਼ ਨੂੰ ਸ਼ਾਇਦ ਹੀ ਸਲਮਾਨ ਦੀ ਝਲਕ ਮਿਲ ਸਕੇ ਪਰ ਦੂਜੇ ਪਾਸੇ ਅਜਿਹਾ ਫੈਨ ਸਾਹਮਣੇ ਆਇਆ, ਜਿਸ ਦਾ ਖ਼ੁਦ ਸਲਮਾਨ ਖ਼ਾਨ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਕੜਾਕੇ ਦੀ ਠੰਡ 'ਚ ਲੋਕ ਆਪਣੀ ਯਾਤਰਾਵਾਂ ਰੱਦ ਕਰ ਰਹੇ ਹਨ ਪਰ ਇਸ ਠੰਡ 'ਚ ਵੀ ਸਲਮਾਨ ਖ਼ਾਨ ਦੇ ਅਨੋਖੇ ਫੈਨ ਸਮੀਰ ਨੇ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਜਬਲਪੁਰ ਤੋਂ ਮੁੰਬਈ ਤੱਕ ਸਾਈਕਲ ਚਲਾਇਆ। ਜਦੋਂ ਕਿ ਇਹ ਵੀ ਪੱਕਾ ਨਹੀਂ ਸੀ ਕਿ ਉਹ ਸਲਮਾਨ ਨੂੰ ਮਿਲ ਸਕਣਗੇ ਜਾਂ ਨਹੀਂ। ਇਸ ਫੈਨ ਨੇ ਆਪਣੀ ਸਾਈਕਲ 'ਤੇ ਬੀਇੰਗ ਹਿਊਮਨ ਲਿਖਿਆ ਹੋਇਆ ਹੈ। ਉਨ੍ਹਾਂ ਨੇ ਆਪਣੇ ਸਾਈਕਲ ਅੱਗੇ ਇਕ ਪੋਸਟਰ ਲਗਾਇਆ ਸੀ, ਜਿਸ 'ਤੇ ਲਿਖਿਆ ਸੀ, ''ਆਓ ਉਨ੍ਹਾਂ ਨੂੰ ਦੁਆਏਂ ਦੇਤੇ ਚੱਲੇਂ।''
ਦੱਸ ਦਈਏ ਕਿ ਸਲਮਾਨ ਖ਼ਾਨ ਇੱਕ ਜਾਣੀ-ਪਛਾਣੀ ਸ਼ਖਸੀਅਤ ਹਨ, ਇਸ ਲਈ ਇਹ ਯਕੀਨੀ ਨਹੀਂ ਸੀ ਕਿ ਇੰਨੀ ਮਿਹਨਤ ਕਰਨ ਦੇ ਬਾਵਜੂਦ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਤੱਕ ਪਹੁੰਚ ਸਕਣਗੇ ਜਾਂ ਨਹੀਂ, ਪਰ ਸਲਮਾਨ ਨੇ ਜੋ ਕੀਤਾ ਉਸ ਨੇ ਆਪਣੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ 'ਚ ਉਨ੍ਹਾਂ ਦੀ ਇੱਜ਼ਤ ਹੋਰ ਵਧਾ ਦਿੱਤੀ। ਉਹ ਨਾ ਸਿਰਫ਼ ਆਪਣੇ ਇਸ ਖ਼ਾਸ ਫੈਨ ਨੂੰ ਮਿਲੇ ਸਗੋਂ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕਰਦੇ ਹੋਏ ਮਜ਼ੇਦਾਰ ਤਰੀਕੇ ਨਾਲ ਸਮੀਰ ਨਾਲ ਸੈਲਫੀਆਂ ਵੀ ਲਈਆਂ।
ਖ਼ਬਰਾਂ ਮੁਤਾਬਕ, ਇਸ ਫੈਨ ਨੂੰ ਜਬਲਪੁਰ ਤੋਂ ਮੁੰਬਈ ਪਹੁੰਚਣ 'ਚ ਪੰਜ ਦਿਨ ਲੱਗ ਗਏ। ਜਦੋਂ ਉਹ ਸਲਮਾਨ ਖ਼ਾਨ ਨੂੰ ਮਿਲਣ ਦੇ ਇਰਾਦੇ ਨਾਲ ਜਬਲਪੁਰ ਤੋਂ ਨਿਕਲਿਆ ਸੀ ਤਾਂ ਉਸ ਦੇ ਦੋਸਤਾਂ ਨੇ ਉਸ ਨੂੰ ਮਿੱਠਾ ਦਹੀਂ ਖਿਲਾ ਕੇ ਵਿਦਾ ਕੀਤਾ ਸੀ। ਸਮੀਰ 29 ਦਸੰਬਰ ਨੂੰ ਮੁੰਬਈ ਪਹੁੰਚਿਆ ਅਤੇ ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟਸ ਦੇ ਬਾਹਰ ਸਲਮਾਨ ਖ਼ਾਨ ਦਾ ਇੰਤਜ਼ਾਰ ਕਰਨ ਲੱਗਾ। ਕਾਫ਼ੀ ਦੇਰ ਤੱਕ ਉਸ ਨੂੰ ਦੇਖਣ ਤੋਂ ਬਾਅਦ ਅਪਾਰਟਮੈਂਟ ਦੇ ਸੁਰੱਖਿਆ ਗਾਰਡ ਨੇ ਸਲਮਾਨ ਖ਼ਾਨ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਰਾਤ ਕਰੀਬ ਤਿੰਨ ਵਜੇ ਸਲਮਾਨ ਖ਼ਾਨ ਖ਼ੁਦ ਆਪਣੇ ਇਸ ਫੈਨ ਨੂੰ ਮਿਲਣ ਆਏ।
ਦੱਸ ਦੇਈਏ ਕਿ ਸਮੀਰ ਕਈ ਸਾਲਾਂ ਤੋਂ ਸਲਮਾਨ ਖ਼ਾਨ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਹਰ ਸਾਲ 27 ਦਸੰਬਰ ਨੂੰ ਸਲਮਾਨ ਖ਼ਾਨ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਨੂੰ ਮਿਲਣ ਦੀ ਉਮੀਦ ਨਾਲ ਮੁੰਬਈ ਪਹੁੰਚਦੇ ਸਨ ਪਰ ਉਹ ਕਦੇ ਵੀ ਸਲਮਾਨ ਖ਼ਾਨ ਨੂੰ ਨਹੀਂ ਮਿਲ ਸਕੇ। ਇਸ ਸਾਲ ਆਖਿਰਕਾਰ ਸਮੀਰ ਦਾ ਸੁਫ਼ਨਾ ਪੂਰਾ ਹੋ ਗਿਆ। ਸਲਮਾਨ ਨੂੰ ਮਿਲਣ ਤੋਂ ਬਾਅਦ ਸਮੀਰ ਦੀ ਖੁਸ਼ੀ ਦਾ ਕੋਈ ਠਕਿੱਣਾ ਨਹੀਂ ਸੀ। ਸਮੀਰ ਨੇ ਦੱਸਿਆ ਕਿ ਸਲਮਾਨ ਨੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਇਹ ਵੀ ਪੁੱਛਿਆ ਕੀ ਰਸਤੇ 'ਚ ਕੋਈ ਸਮੱਸਿਆ ਤਾਂ ਨਹੀਂ ਆਈ। ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਨੇ ਸਮੀਰ ਨੂੰ ਆਪਣੇ ਬੰਗਲੇ 'ਚ ਖਾਣਾ ਖੁਆਇਆ ਅਤੇ ਫਿਰ ਉਸ ਨੂੰ ਘਰ ਭੇਜ ਦਿੱਤਾ। ਸਮੀਰ ਹੁਣ ਵਾਪਸ ਜਬਲਪੁਰ ਪਰਤ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।