ਵਿਦੇਸ਼ ਅਧਾਰਤ ਤਸਕਰ ਦੇ ਦੋ ਕਾਰਕੁਨ 10 ਕਿਲੋ ਹੈਰੋਇਨ ਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ

Thursday, May 08, 2025 - 06:48 PM (IST)

ਵਿਦੇਸ਼ ਅਧਾਰਤ ਤਸਕਰ ਦੇ ਦੋ ਕਾਰਕੁਨ 10 ਕਿਲੋ ਹੈਰੋਇਨ ਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ

ਚੰਡੀਗੜ੍ਹ/ਅੰਮ੍ਰਿਤਸਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵਿੱਢੀ ਗਈ ਨਸ਼ਾ ਵਿਰੋਧੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਵਿਦੇਸ਼-ਅਧਾਰਤ ਤਸਕਰ ਜੱਸਾ ਦੁਆਰਾ ਚਲਾਏ ਜਾ ਰਹੇ ਅੰਤਰਰਾਸ਼ਟਰੀ ਨਾਰਕੋ-ਤਸਕਰੀ ਮਾਡਿਊਲ ਦੇ ਭਾਰਤ-ਅਧਾਰਤ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ‘ਚੋਂ 10 ਕਿਲੋ ਹੈਰੋਇਨ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। 

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਮਜੀਠਾ ਰੋਡ ਸਥਿਤ ਇੰਦਰਾ ਕਲੋਨੀ ਦੇ ਰਹਿਣ ਵਾਲੇ ਗੁਰਪਿੰਦਰ ਸਿੰਘ ਅਤੇ ਅੰਮ੍ਰਿਤਸਰ ਦੇ ਚੱਕ ਮਿਸ਼ਰੀ ਖਾਨ ਦੇ ਰਹਿਣ ਵਾਲੇ ਸਾਜਨ ਵਜੋਂ ਹੋਈ ਹੈ। ਪੁਲਸ ਟੀਮਾਂ ਨੇ ਉਨ੍ਹਾਂ ਦਾ ਕਾਲਾ ਹੀਰੋ ਸਪਲੈਂਡਰ ਮੋਟਰਸਾਈਕਲ (ਪੀਬੀ-02-ਈਐਮ-2025), ਜਿਸਦੀ ਵਰਤੋਂ ਉਹ ਨਸ਼ਿਆਂ ਦੀ ਤਸਕਰੀ ਲਈ ਕਰ ਰਹੇ ਸਨ, ਵੀ ਜ਼ਬਤ ਕਰ ਲਿਆ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਵਿਦੇਸ਼-ਅਧਾਰਤ ਮੁਲਜ਼ਮ ਜੱਸਾ ਨਸ਼ਿਆਂ ਅਤੇ ਹਥਿਆਰਾਂ ਦਾ ਤਸਕਰ ਹੈ, ਜੋ ਪੁਲਸ ਨੂੰ ਥਾਣਾ ਐੱਸਐੱਸਓਸੀ ਅੰਮ੍ਰਿਤਸਰ ਵਿਖੇ ਦਰਜ ਐੱਨਡੀਪੀਐੱਸ ਐਕਟ ਅਤੇ ਅਸਲਾ ਐਕਟ ਤਹਿਤ ਕਈ ਕੇਸਾਂ ਵਿੱਚ ਲੋੜੀਂਦਾ ਹੈ।

 ਇਹ ਵੀ ਪੜ੍ਹੋ- ਤਣਾਅ ਵਿਚਾਲੇ ਪੰਜਾਬ ਦੇ ਇਸ ਜ਼ਿਲ੍ਹੇ ਤੋਂ ਵੱਡੀ ਖ਼ਬਰ, ਹੁਣ ਰੋਜ਼ ਹੋਵੇਗਾ Blackout

ਜ਼ਿਕਰਯੋਗ ਹੈ ਕਿ ਸੀਆਈ ਅੰਮ੍ਰਿਤਸਰ ਵੱਲੋਂ ਪਿਛਲੇ ਦਸ ਦਿਨਾਂ ਵਿੱਚ ਬੇਨਕਾਬ ਕੀਤਾ ਗਿਆ ਹੈ ਤੀਜਾ ਮਡਿਊਲ ਹੈ, ਜਿਸਨੂੰ ਵਿਦੇਸ਼ ਅਧਾਰਤ ਤਸਕਰ ਜੱਸਾ ਦੁਆਰਾ ਚਲਾਇਆ ਜਾ ਰਿਹਾ ਸੀ। ਇਸ ਤੋਂ ਪਹਿਲਾਂ ਉਕਤ ਤਸਕਰ ਜੱਸਾ ਦੇ ਕਾਰਕੁਨ ਅਭਿਸ਼ੇਕ ਨੂੰ ਸੱਤ ਪਿਸਤੌਲਾਂ ਅਤੇ 1.5 ਲੱਖ ਰੁਪਏ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਤੋਂ ਕੁਝ ਦਿਨਾਂ ਬਾਅਦ ਪੁਲਸ ਟੀਮਾਂ ਨੇ ਜੱਸਾ ਦੇ ਫਰਾਰ ਸਾਥੀ ਜੋਧਬੀਰ ਸਿੰਘ ਉਰਫ ਜੋਧਾ ਦੇ ਟਿਕਾਣੇ ਤੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਸੀ।

 ਇਹ ਵੀ ਪੜ੍ਹੋ- ਵੱਡੀ ਖ਼ਬਰ: ਜੰਗ ਦੀ ਸਥਿਤੀ ਵਿਚਾਲੇ ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗ ਗਈ ਵੱਡੀ ਪਾਬੰਦੀ, ਵਿਆਹ-ਸ਼ਾਦੀਆਂ...

ਡੀਜੀਪੀ ਨੇ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਪੁਲਸ ਨੂੰ ਪੁਖ਼ਤਾ ਜਾਣਕਾਰੀ ਮਿਲੀ ਸੀ ਕਿ ਮੁਲਜ਼ਮ ਗੁਰਪਿੰਦਰ ਅਤੇ ਸਾਜਨ ਅੰਮ੍ਰਿਤਸਰ ਦੇ ਐਸਕਾਰਟ ਹਸਪਤਾਲ ਨੇੜੇ ਬਾਈਪਾਸ ਵਾਲੇ ਇਲਾਕੇ ਵਿੱਚ ਕਿਸੇ ਹੋਰ ਧਿਰ ਨੂੰ ਹੈਰੋਇਨ ਦੀ ਵੱਡੀ ਖੇਪ ਪਹੁੰਚਾਉਣ ਜਾ ਰਹੇ ਹਨ, ਜਿਸ ‘ਤੇ ਕਾਰਵਾਈ ਕਰਦਿਆਂ  ਸੀਆਈ ਅੰਮ੍ਰਿਤਸਰ ਦੀਆਂ ਪੁਲਸ ਟੀਮਾਂ ਨੇ ਪ੍ਰਾਪਤ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਇਲਾਕੇ ਵਿੱਚ ਆਪ੍ਰਰੇਸ਼ਨ ਚਲਾਇਆ ਅਤੇ ਦੋਵਾਂ ਮੁਲਜ਼ਮਾਂ ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਖੇਪ ਦੀ ਡਲਿਵਰੀ ਕਰਨ ਜਾ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਉਕਤ ਮੁਲਜ਼ਮਾਂ ਦੀ ਤਲਾਸ਼ੀ ਦੌਰਾਨ ਪੁਲਸ ਨੂੰ ਉਨ੍ਹਾਂ ਤੋਂ 10 ਕਿਲੋ ਹੈਰੋਇਨ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ।

 ਇਹ ਵੀ ਪੜ੍ਹੋ-  ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ Update, 12 ਜ਼ਿਲ੍ਹਿਆਂ ਲਈ Alert ਜਾਰੀ

ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਆਪਣੇ ਵਿਦੇਸ਼-ਅਧਾਰਤ ਸੰਚਾਲਕ ਜੱਸਾ ਦੇ ਨਿਰਦੇਸ਼ਾਂ 'ਤੇ ਨਸ਼ਿਆਂ ਦੀ ਖੇਪ ਪਹੁੰਚਾਉਣ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸਐੱਸਓਸੀ), ਅੰਮ੍ਰਿਤਸਰ ਵਿਖੇ ਐੱਨਡੀਪੀਐੱਸ ਕਾਨੂੰਨ ਦੀਆਂ ਧਾਰਾਵਾਂ 21, 25, 27-ਏ  ਅਤੇ 29  ਤਹਿਤ ਐੱਫਆਈਆਰ ਨੰਬਰ 30 ਮਿਤੀ 08.05.2025 ਦਰਜ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News