IMDB ਰੇਟਿੰਗਜ਼ ''ਚ ਮੂਧੇ ਮੂੰਹ ਡਿੱਗੀ ਸਲਮਾਨ ਖ਼ਾਨ ਦੀ ਫ਼ਿਲਮ ''ਰਾਧੇ'', ਸਭ ਤੋਂ ਖ਼ਰਾਬ ਫ਼ਿਲਮਾਂ ''ਚ ਸ਼ਾਮਲ
Saturday, May 15, 2021 - 09:57 AM (IST)
ਮੁੰਬਈ (ਬਿਊਰੋ) : ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਭਰ ਦੇ ਸਿਨੇਮਾਘਰ ਬੰਦ ਹਨ। ਕਈ ਬਾਲੀਵੁੱਡ ਪ੍ਰਾਜੈਕਟ ਵੀ ਰਿਲੀਜ਼ਿੰਗ ਖੁਣੋਂ ਲਟਕੇ ਹੋਏ ਹਨ। ਇੱਕ ਅਜਿਹਾ ਹੀ ਪ੍ਰਾਜੈਕਟ ਸੁਪਰ ਸਟਾਰ ਸਲਮਾਨ ਖ਼ਾਨ ਦਾ ਵੀ ਹੈ। ਉਨ੍ਹਾਂ ਦੀ ਫ਼ਿਲਮ 'ਰਾਧੇ: ਯਾਰ ਮੋਸਟ ਵਾਂਟੇਡ ਭਾਈ' ਨੂੰ OTT 'ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਸਲਮਾਨ ਖ਼ਾਨ ਦੇ ਪ੍ਰਸ਼ੰਸਕ ਇਸੇ ਕਰਕੇ ਬਹੁਤ ਖ਼ੁਸ਼ ਹਨ ਕਿ ਫ਼ਿਲਮ 'ਰਾਧੇ' ਨੂੰ ਭਾਵੇਂ ਓਟੀਟੀ ਪਲੇਟਫ਼ਾਰਮ 'ਤੇ ਰਿਲੀਜ਼ ਕੀਤਾ ਗਿਆ ਹੈ ਪਰ ਇਸ ਨਾਲ ਉਹ ਆਪਣੇ ਮਨਪਸੰਦ ਸਟਾਰ ਨੂੰ ਵੇਖ ਤਾਂ ਸਕਣਗੇ।
ਦੱਸ ਦਈਏ ਕਿ ਸਲਮਾਨ ਖ਼ਾਨ ਦੀ ਫ਼ਿਲਮ 'ਰਾਧੇ' ਭਾਵੇਂ ਫ਼ੈਨਜ਼ ਨੂੰ ਪਸੰਦ ਆ ਰਹੀ ਹੋਵੇ ਪਰ ਇਹ ਫ਼ਿਲਮ IMDB ਨੂੰ ਇੰਪ੍ਰੈੱਸ ਨਹੀਂ ਕਰ ਸਕ ਰਹੀ। IMDB ਦੀ ਰੇਟਿੰਗਜ਼ ਅਨੁਸਾਰ ਸਲਮਾਨ ਖ਼ਾਨ ਦੀ ਇਹ ਫ਼ਿਲਮ ਸਭ ਤੋਂ ਖ਼ਰਾਬ ਫ਼ਿਲਮਾਂ ਦੀ ਲਿਸਟ 'ਚ ਸ਼ਾਮਲ ਹੋ ਗਈ ਹੈ। IMDB ਨੇ 'ਰਾਧੇ' ਨੂੰ 10 'ਚੋਂ 2.5 ਰੇਟਿੰਗਜ਼ ਦਿੱਤੀ ਹੈ। ਭਾਵੇਂ 'ਸਾਵਨ… ਦਿ ਲਵ ਸੀਜ਼ਨ' (2006) ਤੇ 'ਰੇਸ 3' (2019) ਦੀ ਰੇਟਿੰਗਜ਼ ਵੀ ਕੁਝ ਖ਼ਾਸ ਨਹੀਂ ਸੀ। 'ਸਾਵਨ' ਨੂੰ 2.2 ਅਤੇ 'ਰੇਸ 3' ਨੂੰ 1.9 ਰੇਟਿੰਗ ਦਿੱਤੀ ਗਈ ਸੀ।
ਇੰਝ ਹੀ ਫ਼ਿਲਮ 'ਰਾਧੇ' ਸਲਮਾਨ ਖ਼ਾਨ ਦੀਆਂ ਸਭ ਤੋਂ ਘੱਟ ਰੇਟਿੰਗ ਵਾਲੀਆਂ ਫ਼ਿਲਮਾਂ 'ਚ ਸ਼ਾਮਲ ਹੋ ਗਈ ਹੈ। ਸਲਮਾਨ ਖ਼ਾਨ ਦੀ ਫ਼ਿਲਮ ਨੂੰ OTT ਪਲੇਟਫ਼ਾਰਮ 'ਤੇ ਜਾ ਕੇ ਦਰਸ਼ਕ ਵੇਖ ਸਕਦੇ ਹਨ। ਇਸ ਫ਼ਿਲਮ 'ਚ ਇਸ ਵਾਰ 'ਬਿੱਗ ਬੌਸ' ਦੇ ਸਾਬਕਾ ਉਮੀਦਵਾਰਾਂ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਇੱਕ ਸੀਨ 'ਚ ਮਨਵੀਰ ਗੁੱਜਰ ਨੂੰ ਸਪੌਟ ਕੀਤਾ ਗਿਆ ਹੈ। ਗੌਤਮ ਗੁਲਾਟੀ ਨੂੰ ਵੀ ਫ਼ਿਲਮ 'ਚ ਜਗ੍ਹਾ ਦਿੱਤੀ ਗਈ ਹੈ। ਉਂਝ ਪ੍ਰਸ਼ੰਸਕਾਂ ਦੀ ਨਜ਼ਰ 'ਚ ਫ਼ਿਲਮ 'ਰਾਧੇ' ਇੱਕ ਵਧੀਆ ਫ਼ਿਲਮ ਹੈ।
ਦੱਸਣਯੋਗ ਹੈ ਕਿ ਫ਼ਿਲਮ 'ਰਾਧੇ' ਦੀ ਪਹਿਲੇ ਦਿਨ ਦੀ ਓਵਰਸੀਜ਼ ਕਮਾਈ ਸਾਹਮਣੇ ਆ ਗਈ ਹੈ ਤੇ ਜ਼ਿਆਦਾਤਰ ਥਾਵਾਂ 'ਤੇ ਫ਼ਿਲਮ ਖ਼ਾਸ ਬਿਜ਼ਨੈੱਸ ਨਹੀਂ ਕਰ ਸਕੀ ਹੈ। ਬਾਲੀਵੁੱਡ ਹੰਗਾਮਾ ਦੀ ਇਕ ਰਿਪੋਰਟ ਮੁਤਾਬਕ ਆਸਟਰੇਲੀਆ 'ਚ ਫ਼ਿਲਮ ਨੂੰ ਕੁਲ 66 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ ਤੇ ਫ਼ਿਲਮ ਨੇ ਇਥੇ ਕੁਲ 35 ਲੱਖ 77 ਹਜ਼ਾਰ ਰੁਪਏ ਦੀ ਕਮਾਈ ਕੀਤੀ ਹੈ। ਨਿਊਜ਼ੀਲੈਂਡ 'ਚ ਫ਼ਿਲਮ ਨੂੰ ਕੁਲ 19 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ ਤੇ ਇਥੇ ਫ਼ਿਲਮ ਨੇ 5 ਲੱਖ 89 ਹਜ਼ਾਰ ਰੁਪਏ ਦੀ ਕਮਾਈ ਕੀਤੀ ਹੈ। 'ਦਬੰਗ 3' ਦੇ ਮੁਕਾਬਲੇ ਇਹ ਕਮਾਈ ਬਹੁਤ ਘੱਟ ਹੈ। ਫ਼ਿਲਮ 'ਦਬੰਗ 3' ਨੇ ਪਹਿਲੇ ਦਿਨ ਆਸਟਰੇਲੀਆ ਤੇ ਨਿਊਜ਼ੀਲੈਂਡ 'ਚ ਕੁਲ 90 ਲੱਖ 74 ਹਜ਼ਾਰ ਰੁਪਏ ਦੀ ਕਮਾਈ ਕੀਤੀ ਸੀ ਤੇ ਭਾਰਤ 'ਚ ਕੁਲ 72 ਲੱਖ ਰੁਪਏ ਕਮਾਏ ਸਨ।