ਕਿਸਾਨੀ ਅੰਦੋਲਨ ’ਤੇ ਉੱਠ ਰਹੇ ਸਵਾਲਾਂ ’ਤੇ ਕਟਾਕਸ਼ ਕਰਦੀ ਸ਼ਾਰਟ ਫ਼ਿਲਮ ‘ਸਾਡਾ ਹੱਕ’ ਰਿਲੀਜ਼ (ਵੀਡੀਓ)

01/20/2021 5:33:54 PM

ਚੰਡੀਗੜ੍ਹ (ਬਿਊਰੋ)– ਨਾ ਮੈਂ ਹਿੰਦੂ ਹਾਂ, ਨਾ ਮੈਂ ਸਿੱਖ, ਨਾ ਹੀ ਹਾਂ ਮੁਸਲਮਾਨ। ਮੇਰਾ ਕਰਮ ਹੀ ਮੇਰਾ ਧਰਮ ਹੈ ਤੇ ਮੇਰੀ ਜਾਤ ਹੈ ਕਿਸਾਨ। ਅਜਿਹਾ ਸੰਜੀਦਾ ਸੁਨੇਹਾ ਦਿੰਦੀ ਸ਼ਾਰਟ ਫ਼ਿਲਮ ‘ਸਾਡਾ ਹੱਕ’ ਇਕ ਤਿੱਖਾ ਕਟਾਕਸ਼ ਕਰਦੀ ਹੈ ਉਨ੍ਹਾਂ ਉੱਠ ਰਹੀਆਂ ਉਂਗਲਾਂ ’ਤੇ, ਜਿਹੜੀਆਂ ਕਿਸਾਨ ਭਰਾਵਾਂ ਦੀ ਸਿੱਖਿਆ, ਖੇਤੀ ਕਾਨੂੰਨਾਂ ਦੀ ਜਾਣਕਾਰੀ ਤੇ ਉਨ੍ਹਾਂ ਦੀ ਸੰਵਿਧਾਨਕ ਸਮਝ ’ਤੇ ਸਵਾਲ ਚੁੱਕ ਰਹੀਆਂ ਹਨ।

777 ਫ਼ਿਲਮ ਤੇ ਰੌਲਿੰਗ ਟੇਪ ਫ਼ਿਲਮ ਨੇ ਸਾਂਝੀ ਕੋਸ਼ਿਸ਼ ਨਾਲ ਇਕ ਸ਼ਾਰਟ ਫ਼ਿਲਮ ਬਣਾਈ ਹੈ, ਜਿਸ ਦਾ ਨਾਂ ਹੈ ‘ਸਾਡਾ ਹੱਕ’। ਇਸ ਫ਼ਿਲਮ ਨੂੰ ਚੰਡੀਗੜ੍ਹ ਦੇ ਨੌਜਵਾਨ ਰੰਗਕਰਮੀ ਤੇ ਫ਼ਿਲਮਸਾਜ਼ ਸੌਰਵ ਸ਼ਰਮਾ ਨੇ ਨਿਰਦੇਸ਼ਿਤ ਕੀਤਾ ਹੈ। ਫ਼ਿਲਮ ’ਚ ਇਕ ਬੁੱਧੀਜੀਵੀ ਤੇ ਅਨੁਭਵੀ ਕਿਸਾਨ ਦੇ ਕਿਰਦਾਰ ਨੂੰ ਸੁਰਜੀਤ ਕੀਤਾ ਹੈ ਚੰਡੀਗੜ੍ਹ ਦੇ ਥਿਏਟਰ ਆਰਟਿਸਟ ਅਮਰ ਜੱਸੜ ਨੇ। ਨੌਜਵਾਨ ਲੀਡਰ ਦੀ ਭੂਮਿਕਾ ਅਸ਼ੀਸ਼ ਸ਼ਰਮਾ ਨੇ ਨਿਭਾਈ ਹੈ। ਆਪਣੇ ਹੱਕਾਂ ਖਾਤਰ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਦੀ ਭੂਮਿਕਾ ’ਚ ਪੁਨੀਤ ਭਾਟੀਆ, ਪ੍ਰਸ਼ਾਂਤ ਤੇ ਪਯਾਦਾ ਨਜ਼ਰ ਆ ਰਹੇ ਹਨ।

ਫ਼ਿਲਮ ਨੂੰ ਖੂਬਸੂਰਤੀ ਨਾਲ ਕੈਮਰੇ ’ਚ ਕੈਦ ਨੌਜਵਾਨ ਸਿਨੇਮਾਟੋਗ੍ਰਾਫਰ ਵਿੱਕੀ ਭਾਰਦਵਾਜ ਨੇ ਕੀਤਾ ਹੈ। ਅੰਦੋਲਨ ਦੀ ਤੁਲਨਾ ਆਜ਼ਾਦੀ ਦੀ ਲੜਾਈ ਨਾਲ ਕਰਦਿਆਂ ਲੇਖਕ ਵਲੋਂ ਫ਼ਿਲਮ ’ਚ ਡਾਇਲਾਗਸ ਰਾਹੀਂ ਇਕ ਸੁਨੇਹਾ ਦਿੱਤਾ ਗਿਆ ਹੈ ਕਿ ਇਹ ਮੁਨਸ਼ੀ ਪ੍ਰੇਮ ਚੰਦ ਦਾ ਉਪਨਿਆਸ ਨਹੀਂ ਹੈ, ਇਹ ਅੱਜ ਦਾ ਕਿਸਾਨ ਹੈ, ਜੋ ਆਪਣੇ ਹੱਕ ਮੰਗਦਾ ਨਹੀਂ, ਸਗੋਂ ਹੱਕ ਖੋਹ ਲੈਂਦਾ ਹੈ।

ਕਿਸਾਨ ਭਰਾਵਾਂ ਤੇ ਉਨ੍ਹਾਂ ਦੇ ਅੰਦੋਲਨ ਨੂੰ ਸਮਰਪਿਤ 10 ਮਿੰਟਾਂ ਦੀ ਇਸ ਸ਼ਾਰਟ ਫ਼ਿਲਮ ਨੂੰ ਦਿੱਲੀ ਦੀ ਸਰਹੱਦ ’ਤੇ ਬੈਠੇ ਉਨ੍ਹਾਂ ਲੱਖਾਂ ਕਿਸਾਨ ਪਰਿਵਾਰਾਂ ਦੀ ਹੌਸਲਾ-ਅਫਜ਼ਾਈ ਲਈ ਛੇਤੀ ਹੀ ਸਿੰਘੂ ਤੇ ਟੀਕਰੀ ਬਾਰਡਰ ’ਤੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸਾਡਾ ਹੱਕ ਫ਼ਿਲਮ 777 ਫ਼ਿਲਮਜ਼ ਦੇ ਯੂਟਿਊਬ ਚੈਨਲ ’ਤੇ ਉਪਲੱਬਧ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News