ਰੋਹਿਤ ਸ਼ੈੱਟੀ ਦੇ ਘਰ ਬਾਹਰ ਫਾਇਰਿੰਗ: ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ, ਪੂਰੇ ਬਾਲੀਵੁੱਡ ਨੂੰ ਦੇ ਦਿੱਤੀ ਵਾਰਨਿੰਗ
Sunday, Feb 01, 2026 - 01:35 PM (IST)
ਵੈੱਬ ਡੈਸਕ : ਮੁੰਬਈ ਦੇ ਜੂਹੂ ਇਲਾਕੇ ਵਿੱਚ ਸਥਿਤ ਮਸ਼ਹੂਰ ਫਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਘਰ ਦੇ ਬਾਹਰ ਦੇਰ ਰਾਤ ਹੋਈ ਗੋਲੀਬਾਰੀ ਨੇ ਪੂਰੀ ਇੰਡਸਟਰੀ ਵਿੱਚ ਸਨਸਨੀ ਫੈਲਾ ਦਿੱਤੀ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਕੁਖਿਆਤ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਘਟਨਾ ਦੇ ਸਮੇਂ ਰੋਹਿਤ ਸ਼ੈੱਟੀ ਆਪਣੇ ਘਰ ਦੇ ਅੰਦਰ ਹੀ ਮੌਜੂਦ ਸਨ, ਹਾਲਾਂਕਿ ਇਸ ਹਮਲੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਸੂਤਰਾਂ ਅਨੁਸਾਰ, ਇਹ ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ ਜਦੋਂ 'ਸ਼ੈੱਟੀ ਟਾਵਰ' ਦੇ ਬਾਹਰ ਕਈ ਰਾਊਂਡ ਫਾਇਰਿੰਗ ਕੀਤੀ ਗਈ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਮਲਾਵਰ ਬਾਈਕ 'ਤੇ ਆਇਆ ਸੀ ਅਤੇ ਉਸਨੇ ਪੈਦਲ ਚੱਲਦਿਆਂ ਇਮਾਰਤ ਵੱਲ ਚਾਰ ਤੋਂ ਪੰਜ ਰਾਊਂਡ ਫਾਇਰ ਕੀਤੇ। ਸੀਸੀਟੀਵੀ ਵਿੱਚ ਹਮਲਾਵਰ ਨੂੰ ਚੱਲਦੇ ਹੋਏ ਫਾਇਰਿੰਗ ਕਰਦੇ ਦੇਖਿਆ ਗਿਆ ਹੈ।
ਗੈਂਗ ਵੱਲੋਂ ਸੋਸ਼ਲ ਮੀਡੀਆ 'ਤੇ ਦਿੱਤੀ ਗਈ ਧਮਕੀ
ਸ਼ੁਭਮ ਲੋਨਕਰ ਆਰਜ਼ੂ ਬਿਸ਼ਨੋਈ ਅਤੇ ਹੈਰੀ ਬਾਕਸਰ ਹਰਮਨ ਸੰਧੂ ਨਾਮ ਦੇ ਵਿਅਕਤੀਆਂ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੋਸਟ ਵਿੱਚ ਲਿਖਿਆ ਕਿ ਰੋਹਿਤ ਸ਼ੈੱਟੀ ਨੂੰ ਵਾਰ-ਵਾਰ ਉਨ੍ਹਾਂ ਦੇ ਕੰਮ ਵਿੱਚ ਦਖਲ ਨਾ ਦੇਣ ਲਈ ਸੁਨੇਹਾ ਭੇਜਿਆ ਗਿਆ ਸੀ, ਪਰ ਉਹ ਨਹੀਂ ਸਮਝਿਆ। ਗੈਂਗ ਨੇ ਇਸ ਹਮਲੇ ਨੂੰ ਸਿਰਫ਼ ਇੱਕ "ਟ੍ਰੇਲਰ" ਦੱਸਿਆ ਹੈ। ਧਮਕੀ ਦਿੱਤੀ ਗਈ ਹੈ ਕਿ ਜੇਕਰ ਉਹ ਅਜੇ ਵੀ ਨਹੀਂ ਸਮਝਿਆ, ਤਾਂ ਅਗਲੀ ਵਾਰ ਗੋਲੀ ਘਰ ਦੇ ਬਾਹਰ ਨਹੀਂ ਬਲਕਿ ਉਸ ਦੇ ਬੈੱਡਰੂਮ ਵਿੱਚ ਚੱਲੇਗੀ। ਇਸ ਦੇ ਨਾਲ ਹੀ ਪੂਰੇ ਬਾਲੀਵੁੱਡ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ।
ਪੁਲਸ ਦੀ ਕਾਰਵਾਈ
ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਅਤੇ ਜੂਹੂ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਸ ਇਸ ਗੱਲ ਦੀ ਵੀ ਪੜਤਾਲ ਕਰ ਰਹੀ ਹੈ ਕਿ ਕੀ ਇਸ ਹਮਲੇ ਦਾ ਤਰੀਕਾ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਫਾਇਰਿੰਗ ਨਾਲ ਮਿਲਦਾ-ਜੁਲਦਾ ਹੈ। ਘਟਨਾ ਤੋਂ ਬਾਅਦ ਸ਼ੈੱਟੀ ਟਾਵਰ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਦਿੱਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
