''ਪ੍ਰੀਤਮ ਐਂਡ ਪੇਡਰੋ'' ਦੇ ਕੋਰੀਆਈ ਰੀਮੇਕ ਨੂੰ ਲੈ ਕੇ ਚਰਚਾਵਾਂ ਸ਼ੁਰੂ

Thursday, Jul 30, 2026 - 01:13 PM (IST)

''ਪ੍ਰੀਤਮ ਐਂਡ ਪੇਡਰੋ'' ਦੇ ਕੋਰੀਆਈ ਰੀਮੇਕ ਨੂੰ ਲੈ ਕੇ ਚਰਚਾਵਾਂ ਸ਼ੁਰੂ

ਮੁੰਬਈ (ਏਜੰਸੀ)- ਸਾਈਬਰ ਕ੍ਰਾਈਮ, ਕਾਮੇਡੀ ਅਤੇ ਡਰਾਮੇ ਦਾ ਇੱਕ ਅਨੋਖਾ ਮੇਲ ਪੇਸ਼ ਕਰਨ ਵਾਲੀ ਜੀਓਹੌਟਸਟਾਰ ਸੀਰੀਜ਼ 'ਪ੍ਰੀਤਮ ਐਂਡ ਪੇਡਰੋ' ਦੇ ਕੋਰੀਆਈ ਰੀਮੇਕ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਦਰਸ਼ਕਾਂ ਤੋਂ ਸੀਰੀਜ਼ ਨੂੰ ਮਿਲੇ ਸਕਾਰਾਤਮਕ ਹੁੰਗਾਰੇ ਤੋਂ ਬਾਅਦ, ਇੱਕ ਕੋਰੀਆਈ ਪ੍ਰੋਡਕਸ਼ਨ ਹਾਊਸ ਨੇ ਰੀਮੇਕ ਅਧਿਕਾਰ ਪ੍ਰਾਪਤ ਕਰਨ ਵਿੱਚ ਦਿਲਚਸਪੀ ਦਿਖਾਈ ਹੈ। ਇੰਡਸਟਰੀ ਨਾਲ ਜੁੜੇ ਇੱਕ ਸੁਤੰਤਰ ਸੂਤਰ ਅਨੁਸਾਰ, "'ਪ੍ਰੀਤਮ ਐਂਡ ਪੇਡਰੋ' ਨੂੰ ਮਿਲੇ ਭਾਰੀ ਹੁੰਗਾਰੇ ਤੋਂ ਬਾਅਦ, ਇੱਕ ਕੋਰੀਆਈ ਪ੍ਰੋਡਕਸ਼ਨ ਹਾਊਸ ਨੇ ਰੀਮੇਕ ਅਧਿਕਾਰਾਂ ਬਾਰੇ ਨਿਰਮਾਤਾਵਾਂ ਨਾਲ ਸੰਪਰਕ ਕੀਤਾ ਹੈ। ਫਿਲਹਾਲ ਗੱਲਬਾਤ ਸ਼ੁਰੂਆਤੀ ਦੌਰ ਵਿੱਚ ਹੈ ਅਤੇ ਦੋਵੇਂ ਧਿਰਾਂ ਇਸ ਬਾਰੇ ਚਰਚਾ ਕਰ ਰਹੀਆਂ ਹਨ ਕਿ ਕਹਾਣੀ ਨੂੰ ਕੋਰੀਆਈ ਦਰਸ਼ਕਾਂ ਲਈ ਕਿਵੇਂ ਢਾਲਿਆ ਜਾ ਸਕਦਾ ਹੈ।"

ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ, ਪਰ ਇਸ ਨੂੰ ਭਾਰਤੀ ਕੰਟੈਂਟ ਦੀ ਵਧਦੀ ਵਿਸ਼ਵਵਿਆਪੀ ਸਵੀਕ੍ਰਿਤੀ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਇੰਡਸਟਰੀ ਦੇ ਅੰਦਰੂਨੀ ਲੋਕਾਂ ਦਾ ਮੰਨਣਾ ਹੈ ਕਿ ਭਾਵਨਾਵਾਂ, ਹਾਸੇ ਅਤੇ ਸਾਈਬਰ ਕ੍ਰਾਈਮ ਤੱਤਾਂ ਦਾ ਸੰਤੁਲਿਤ ਮਿਸ਼ਰਣ ਇਸ ਸੀਰੀਜ਼ ਨੂੰ ਅੰਤਰਰਾਸ਼ਟਰੀ ਰੀਮੇਕ ਲਈ ਢੁਕਵਾਂ ਬਣਾਉਂਦਾ ਹੈ। ਅਵਿਨਾਸ਼ ਅਰੁਣ ਦੁਆਰਾ ਨਿਰਦੇਸ਼ਤ ਅਤੇ ਰਾਜਕੁਮਾਰ ਹਿਰਾਨੀ ਦੁਆਰਾ ਕ੍ਰਿਏਟ ਅਤੇ ਪ੍ਰੋਡਿਊਸ ਕੀਤੀ ਗਈ ਪ੍ਰੀਤਮ ਐਂਡ ਪੇਡਰੋ ਵਿੱਚ ਅਰਸ਼ਦ ਵਾਰਸੀ, ਵਿਕਰਾਂਤ ਮੈਸੀ ਅਤੇ ਵੀਰ ਹਿਰਾਨੀ ਨੇ ਅਹਿਮ ਭੂਮਿਕਾ ਨਿਭਾਈਆਂ ਹਨ।

ਸੀਰੀਜ਼ ਇਕ ਪੁਰਾਮੇ ਵਿਚਾਰਾਂ ਵਾਲੇ ਪੁਲਸ ਅਧਿਕਾਰੀ ਅਤੇ ਇੱਕ ਨੌਜਵਾਨ ਹੈਕਰ ਵਿਚਕਾਰ ਅਨੌਖੀ ਸਾਂਝੇਦਾਰੀ ਦੀ ਕਹਾਣੀ ਦੱਸਦੀ ਹੈ, ਜੋ ਮਿਲ ਕੇ ਸਾਈਬਰ ਅਪਰਾਧ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਕੋਰੀਆਈ ਰੀਮੇਕ ਬਾਰੇ ਅਜੇ ਅਧਿਕਾਰਤ ਐਲਾਨ ਦੀ ਉਡੀਕ ਹੈ। ਜੇਕਰ ਇਹ ਗੱਲਬਾਤ ਅੱਗੇ ਵਧਦੀ ਹੈ, ਤਾਂ ਪ੍ਰੀਤਮ ਐਂਡ ਪੇਡਰੋ ਉਨ੍ਹਾਂ ਭਾਰਤੀ ਕਹਾਣੀਆਂ ਵਿੱਚ ਸ਼ਾਮਲ ਹੋ ਸਕਦੀ ਹੈ, ਜਿਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਮਿਲੇਗੀ।


author

cherry

Content Editor

Related News