ਸੁਸ਼ਾਂਤ ਖ਼ੁਦਕੁਸ਼ੀ ਮਾਮਲਾ: ਪਹਿਲੀ ਵਾਰ ਸਾਹਮਣੇ ਆਈ ਰਿਆ ਚੱਕਰਵਰਤੀ, ਰੋਂਦੇ ਹੋਏ ਦੱਸੀਆਂ ਇਹ ਗੱਲ੍ਹਾਂ (ਵੀਡੀਓ)

08/01/2020 1:15:59 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਦੀ ਕਥਿਤ ਪ੍ਰੇਮਿਕਾ ਰਿਆ ਚੱਕਰਵਰਤੀ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਈ ਹੈ। ਉਸ ਨੇ ਵੀਡੀਓ ਸਾਂਝੀ ਕਰਕੇ ਕਿਹਾ ਹੈ ਕਿ ਉਸ ਨੂੰ ਪ੍ਰਮਾਤਮਾ ਅਤੇ ਨਿਆਂ 'ਤੇ ਪੂਰਾ ਭਰੋਸਾ ਹੈ। ਰਿਆ ਚੱਕਰਵਰਤੀ ਨੇ ਟਵਿੱਟਰ 'ਤੇ ਵੀਡੀਓ ਸਾਂਝੀ ਕੀਤੀ ਹੈ ਅਤੇ ਨਾਲ ਹੀ ਕਿਹਾ ਕਿ ਸੱਚ ਦੀ ਜਿੱਤ ਹੋਵੇਗੀ। ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ ਕੇ ਸਿੰਘ ਵਲੋਂ ਬਿਹਾਰ 'ਚ ਰਿਆ ਚੱਕਰਵਰਤੀ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਗਈ ਹੈ, ਜਿਸ ਤੋਂ ਬਾਅਦ ਸੁਸ਼ਾਂਤ ਕੇਸ ਨੇ ਇੱਕ ਨਵਾਂ ਮੋੜ ਲੈ ਲਿਆ ਹੈ।

ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਦਾ ਕੇਸ ਦਰਜ ਕਰ ਲਿਆ ਹੈ। ਬਿਹਾਰ ਪੁਲਸ ਦੀ ਐੱਫ. ਆਈ. ਆਰ. 'ਤੇ ਆਧਾਰਿਤ ਮਨੀ ਲਾਂਡਰਿੰਗ ਕੇਸ 'ਚ ਅਦਾਕਾਰਾ ਰਿਆ ਚੱਕਰਵਰਤੀ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਛੇਤੀ ਹੀ ਈਡੀ ਰਿਆ ਚੱਕਰਵਰਤੀ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕਰੇਗਾ। ਈਡੀ ਦੇ ਸੀਨੀਅਰ ਅਧਿਕਾਰੀ ਪੂਰੀ ਜਾਂਚ ਦੀ ਨਿਗਰਾਨੀ ਕਰਨਗੇ। ਵੀਰਵਾਰ ਨੂੰ ਹੀ ਈਡੀ ਨੇ ਬਿਹਾਰ ਪੁਲਸ ਤੋਂ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਐੱਫ. ਆਈ. ਆਰ. ਮੰਗੀ ਸੀ।

ਮਨੀ ਲਾਂਡਰਿੰਗ ਦਾ ਕੇਸ ਦਰਜ ਹੋਣ ਦੀ ਜਾਣਕਾਰੀ ਦਿੰਦੇ ਹੋਏ ਈਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਿਹਾਰ ਪੁਲਸ ਦੀ ਐੱਫ. ਆਈ. ਆਰ. 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਖਾਤਿਆਂ ਤੋਂ ਕਰੋੜਾਂ ਰੁਪਏ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਅਜਿਹੇ 'ਚ ਇਹ ਪਤਾ ਲਗਾਇਆ ਜਾਣਾ ਜ਼ਰੂਰੀ ਹੈ ਕਿ ਇਹ ਪੈਸੇ ਕਿਸ ਕੰਮ ਲਈ ਦਿੱਤੇ ਗਏ ਸਨ ਅਤੇ ਕਿਤੇ ਇਹ ਕਿਸੇ ਦਬਾਅ 'ਚ ਲਈ ਗਈ ਵਸੂਲੀ ਨਾਲ ਸਬੰਧਤ ਤਾਂ ਨਹੀਂ ਹਨ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਸਾਰੇ ਖਾਤਿਆਂ 'ਚ ਲੈਣ-ਦੇਣ ਦੀ ਵਿਸਥਾਰਿਤ ਜਾਣਕਾਰੀ ਦੇਣ ਲਈ ਬੈਂਕਾਂ ਨੂੰ ਕਹਿ ਦਿੱਤਾ ਗਿਆ ਹੈ। ਇੱਕ ਵਾਰ ਬੈਂਕਾਂ ਤੋਂ ਜਾਣਕਾਰੀ ਮਿਲਣ ਪਿੱਛੋਂ ਮੁਲਜ਼ਮਾਂ ਤੇ ਗਵਾਹਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ ਜਾਵੇਗੀ। ਰਿਆ ਚੱਕਰਵਰਤੀ ਦੇ ਬਾਰੇ 'ਚ ਪੁੱਛੇ ਜਾਣ 'ਤੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨਾਮਜ਼ਦ ਮੁਲਜ਼ਮ ਦੇ ਰੂਪ ਵਿਚ ਛੇਤੀ ਹੀ ਅਦਾਕਾਰਾ ਨੂੰ ਪੁੱਛਗਿੱਛ ਲਈ ਬੁਲਾਇਆ ਜਾਵੇਗਾ।


sunita

Content Editor

Related News