ਮੱਧ ਪ੍ਰਦੇਸ਼ ਹਾਈਕੋਰਟ ''ਚ ਏਕਤਾ ਕਪੂਰ ਦੀ ਪਟੀਸ਼ਨ ਖ਼ਾਰਜ, ਚਲੇਗਾ ਮੁਕੱਦਮਾ
Thursday, Nov 12, 2020 - 11:10 PM (IST)
ਇੰਦੌਰ (ਭਾਸ਼ਾ) : ਮੱਧ ਪ੍ਰਦੇਸ਼ ਹਾਈਕੋਰਟ ਨੇ ਓ. ਟੀ. ਟੀ. ਪਲੇਟਫਾਰਮ ਆਲਟ ਬਾਲਾਜੀ 'ਤੇ ਪ੍ਰਸਾਰਤ ਵੈੱਬ ਸੀਰੀਜ਼ 'ਟ੍ਰਿਪਲ ਐਕਸ' ਦੇ ਸੀਜ਼ਨ-2 ਦੇ ਵਿਵਾਦਗ੍ਰਸਤ ਦ੍ਰਿਸ਼ਾਂ ਨੂੰ ਲੈ ਕੇ ਦਰਜ ਐੱਫ. ਆਈ. ਆਰ. ਰੱਦ ਕਰਨ ਦੀ ਮਸ਼ਹੂਰ ਨਿਰਮਾਤਰੀ ਏਕਤਾ ਕਪੂਰ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ। ਕਪੂਰ ਖ਼ਿਲਾਫ਼ ਇਸ ਮਾਮਲੇ ਵਿਚ ਵੈੱਬ ਸੀਰੀਜ਼ ਦੇ ਪ੍ਰਸਾਰਣ ਰਾਹੀਂ ਅਸ਼ਲੀਲਤਾ ਫੈਲਾਉਣ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਕੌਮੀ ਪ੍ਰਤੀਕ ਚਿੰਨ੍ਹਾਂ ਦੇ ਅਪਮਾਨ ਦੇ ਦੋਸ਼ਾਂ 'ਚ ਇਕ ਸਥਾਨਕ ਪੁਲਸ ਥਾਣੇ 'ਚ 5 ਮਹੀਨੇ ਪਹਿਲਾਂ ਐੱਫ. ਆਈ. ਆਰ. ਦਰਜ ਕੀਤੀ ਗਈ ਸੀ।
ਹਾਈਕੋਰਟ ਦੀ ਇੰਦੌਰ ਬੈਂਚ ਦੇ ਜਸਟਿਸ ਸ਼ੈਲੇਂਦਰ ਸ਼ੁਕਲਾ ਨੇ ਕਪੂਰ ਵਲੋਂ ਸੀ. ਆਰ. ਪੀ. ਸੀ. ਦੀ ਧਾਰਾ-482 ਅਧੀਨ ਦਾਇਰ ਪਟੀਸ਼ਨ ਖ਼ਾਰਜ ਕਰਦਿਆਂ ਬੁੱਧਵਾਰ ਨੂੰ ਵਿਸਤ੍ਰਿਤ ਫੈਸਲਾ ਸੁਣਾਇਆ। ਸਿੰਗਲ ਬੈਂਚ ਨੇ ਸਾਰੀਆਂ ਸਬੰਧਤ ਧਿਰਾਂ ਦੀਆਂ ਦਲੀਲਾਂ 'ਤੇ ਗੌਰ ਕਰਨ ਤੋਂ ਬਾਅਦ 65 ਸਫਿਆਂ ਦੇ ਫ਼ੈਸਲੇ 'ਚ ਕਿਹਾ ਕਿ ਇੰਝ ਲੱਗਦਾ ਹੈ ਕਿ ਮੁਕੱਦਮੇ ਦੇ ਤੱਥ ਅਜਿਹੇ ਨਹੀਂ ਹਨ ਕਿ ਅਦਾਲਤ ਸੀ. ਆਰ. ਪੀ. ਸੀ. ਦੀ ਧਾਰਾ-482 ਅਧੀਨ ਆਪਣੀਆਂ ਅਸਾਧਾਰਣ ਸ਼ਕਤੀਆਂ ਦੀ ਵਰਤੋਂ ਕਰ ਕੇ ਘੱਟੋ-ਘੱਟ ਸੂਚਨਾ ਤਕਨੀਕ ਐਕਟ ਦੀ ਧਾਰਾ 67 ਤੇ 67-ਏ ਅਤੇ ਭਾਰਤੀ ਦੰਡ ਕਾਨੂੰਨ ਦੀ ਧਾਰਾ-294 (ਅਸ਼ਲੀਲਤਾ) ਅਧੀਨ ਦਰਜ ਐੱਫ. ਆਈ. ਆਰ. ਰੱਦ ਕਰ ਸਕਦੀ। ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਹੈ ਕਿ ਟ੍ਰਿਪਲ ਐਕਸ ਦੇ ਸੀਜ਼ਨ-2 ਰਾਹੀਂ ਇਕ ਖਾਸ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ। ਇਕ ਦ੍ਰਿਸ਼ 'ਚ ਭਾਰਤੀ ਫੌਜ ਦੀ ਵਰਦੀ ਨੂੰ ਬੇਹੱਦ ਇਤਰਾਜ਼ਯੋਗ ਢੰਗ ਨਾਲ ਪੇਸ਼ ਕਰਦਿਆ ਕੌਮੀ ਪ੍ਰਤੀਕ ਚਿੰਨ੍ਹਾਂ ਦਾ ਅਪਮਾਨ ਕੀਤਾ ਗਿਆ ਹੈ।