ਮਰਹੂਮ ਰਾਜਵੀਰ ਜਵੰਦਾ ਲਈ ਕੌਰ ਬੀ ਤੇ ਸਤਿੰਦਰ ਸਰਤਾਜ ਦੇ ਭਾਵੁਕ ਬੋਲ
Thursday, Oct 09, 2025 - 06:56 PM (IST)

ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਦੱਸ ਦੇਈਏ ਕਿ ਗਾਇਕ ਦਾ ਅੰਤਿਮ ਸੰਸਕਾਰ ਅੱਜ ਲੁਧਿਆਣਾ ਜ਼ਿਲ੍ਹੇ ਦੇ ਜੱਦੀ ਪਿੰਡ ਪੋਨਾ ਵਿੱਚ ਕੀਤਾ ਗਿਆ ਜਿੱਥੇ ਸਿਆਸਤਦਾਨ, ਪੰਜਾਬੀ ਕਲਾਕਾਰ ਅਤੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਆਖਰੀ ਦਰਸ਼ਨਾਂ ਲਈ ਪਹੁੰਚੀ। ਪੰਜਾਬੀ ਗਾਇਕਾ ਕੌਰ ਬੀ ਤੇ ਸਤਿੰਦਰ ਸਰਤਾਜ ਨੇ ਮਰਹੂਮ ਰਾਜਵੀਰ ਦੇ ਸਸਕਾਰ ਤੋਂ ਬਾਅਦ ਭਾਵੁਕ ਪੋਸਟਾਂ ਸਾਂਝੀਆਂ ਕੀਤੀਆਂ।
ਗਾਇਕ ਸਤਿੰਦਰ ਸਰਤਾਜ ਵਲੋਂ ਸ਼ਾਂਝੀ ਕੀਤੀ ਪੋਸਟ 'ਚ ਲਿਖਿਆ ਕਿ ਕਦੇ ਸੋਚਿਆ ਨਹੀਂ ਸੀ ਸੱਜਣਾਂ ਕਿ ਤੇਰੇ ਪਿੰਡ ਪੋਨੇ ਏਦਾਂ ਆਉਣਾ ਹੋਵੇਗਾ...ਪਰਿਵਾਰ ਨੂੰ ਦੇਖ ਕੇ ਕਲੇਜੇ ਰੁੱਘ ਭਰਦੇ ਸੀ, ਪਰ ਸੋਹਣਿਆਂ ਤੇਰੀਆਂ ਵਡਿਆਈਆਂ-ਕਮਾਈਆਂ ਦਾ ਜਲੌਹ ਹਜ਼ਾਰਾਂ ਲੋਕਾਂ ਦੇ ਚਿਹਰਿਆਂ 'ਤੇ ਮਘਦਾ ਵੇਖਿਆ...।
ਕੌਰ ਬੀ ਨੇ ਪੋਸਟ 'ਚ ਲਿਖਿਆ ਜੇ ਕੋਈ ਕਹਿੰਦਾ ਵੀ ਸੀ ਸੱਟ ਜ਼ਿਆਦਾ ਲੱਗ ਗਈ ਤਾਂ ਵੀ ਦਿਲ ਕਹਿੰਦਾ ਸੀ ਕਿ ਨਹੀਂ ਇਸ ਬੰਦੇ ਲਈ ਦਿਲੋਂ ਇਹ ਆਵਾਜ਼ ਆਉਂਦੀ ਇਸ ਨੇ ਉੱਠ ਜਾਣਾ...।
ਦੱਸਣਯੋਗ ਹੈ ਕਿ 35 ਸਾਲਾ ਕਲਾਕਾਰ ਨੂੰ ਬੁੱਧਵਾਰ ਸਵੇਰੇ 10.55 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਨੂੰ ਬਹੁਤ ਹੀ ਗੰਭੀਰ ਹਾਲਤ ਵਿੱਚ ਮੋਹਾਲੀ ਦੇ ਫੋਰਟਿਸ ਹਸਪਤਾਲ ਲਿਆਂਦਾ ਗਿਆ ਸੀ ਅਤੇ ਉਦੋਂ ਤੋਂ ਉਹ ਲਾਈਫ ਸਪੋਰਟ 'ਤੇ ਸਨ। ਦੁਪਹਿਰ 12:30 ਵਜੇ ਦੇ ਕਰੀਬ ਜਾਰੀ ਕੀਤੇ ਗਏ ਇੱਕ ਅਧਿਕਾਰਤ ਬਿਆਨ ਵਿੱਚ, ਫੋਰਟਿਸ ਹਸਪਤਾਲ ਨੇ ਪੁਸ਼ਟੀ ਕੀਤੀ ਕਿ ਜਵੰਦਾ ਦੀ ਮੌਤ ਮਲਟੀ-ਆਰਗਨ ਫੇਲ੍ਹ ਹੋਣ ਕਾਰਨ ਹੋਈ। ਜਵੰਦਾ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਮੋਟਰਸਾਈਕਲ 'ਤੇ ਸ਼ਿਮਲਾ ਜਾਂਦੇ ਸਮੇਂ ਇੱਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਸਨ। ਇਸ ਹਾਦਸੇ ਵਿੱਚ ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ 'ਤੇ ਸੱਟਾਂ ਲੱਗੀਆਂ ਸਨ। ਫੋਰਟਿਸ ਹਸਪਤਾਲ ਵਿੱਚ ਤਬਦੀਲ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ। ਲੁਧਿਆਣਾ ਦੇ ਜਗਰਾਉਂ ਦੇ ਪੋਨਾ ਪਿੰਡ ਦੇ ਰਹਿਣ ਵਾਲੇ ਜਵੰਦਾ ਆਪਣੇ ਗੀਤਾਂ "ਤੂੰ ਦਿਸ ਪੈਂਦਾ," "ਖੁਸ਼ ਰਿਹਾ ਕਰ," "ਸਰਨੇਮ," "ਆਫਰੀਨ," "ਲੈਂਡਲਾਰਡ," "ਡਾਊਨ ਟੂ ਅਰਥ," ਅਤੇ "ਕੰਗਣੀ" ਲਈ ਵੀ ਜਾਣੇ ਜਾਂਦੇ ਸਨ। ਜਵੰਦਾ ਨੇ 2018 ਵਿੱਚ ਗਿੱਪੀ ਗਰੇਵਾਲ ਨਾਲ ਪੰਜਾਬੀ ਫਿਲਮਾਂ "ਸੂਬੇਦਾਰ ਜੋਗਿੰਦਰ ਸਿੰਘ", 2019 ਵਿੱਚ "ਜ਼ਿੰਦ ਜਾਨ" ਅਤੇ 2019 ਵਿੱਚ "ਮਿੰਦੋ ਤਸੀਲਦਾਰਨੀ" ਵਿੱਚ ਕੰਮ ਕੀਤਾ।