ਰਾਜੂ ਸ੍ਰੀਵਾਸਤਵ ਦਾ ਪਰਿਵਾਰ ਪ੍ਰੇਸ਼ਾਨ, ਅਣਜਾਣ ਵਿਅਕਤੀ ਨੇ ਹਸਪਤਾਲ 'ਚ ਕੀਤੀ ਇਹ ਹਰਕਤ

Tuesday, Aug 23, 2022 - 10:18 AM (IST)

ਰਾਜੂ ਸ੍ਰੀਵਾਸਤਵ ਦਾ ਪਰਿਵਾਰ ਪ੍ਰੇਸ਼ਾਨ, ਅਣਜਾਣ ਵਿਅਕਤੀ ਨੇ ਹਸਪਤਾਲ 'ਚ ਕੀਤੀ ਇਹ ਹਰਕਤ

ਮੁੰਬਈ (ਬਿਊਰੋ) : ਪੂਰਾ ਦੇਸ਼ ਕਾਮੇਡੀਅਨ ਰਾਜੂ ਸ੍ਰੀਵਾਸਤਵ ਦੇ ਜਲਦ ਠੀਕ ਹੋਣ ਦੀ ਅਰਦਾਸ ਕਰ ਰਿਹਾ ਹੈ। ਉਨ੍ਹਾਂ ਦੀ ਹਾਲਤ 'ਚ ਵੀ ਹੁਣ ਕੁਝ ਸੁਧਾਰ ਹੋ ਰਿਹਾ ਹੈ। ਰਾਜੂ ਸ੍ਰੀਵਾਸਤਵ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਿੱਲੀ ਦੇ ਏਮਜ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਰਾਜੂ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ ਪਰ ਉਹ ਹਾਲੇ ਵੀ ਵੈਂਟੀਲੇਟਰ 'ਤੇ ਹਨ । ਉਨ੍ਹਾਂ ਦੇ ਚੰਗੇ ਇਲਾਜ ਲਈ ਕੋਲਕਾਤਾ ਤੋਂ ਡਾਕਟਰਾਂ ਨੂੰ ਵੀ ਬੁਲਾਇਆ ਗਿਆ ਹੈ। ਜਿੱਥੇ ਰਾਜੂ ਦੀ ਸਿਹਤ 'ਚ ਸੁਧਾਰ ਨਾਲ ਉਨ੍ਹਾਂ ਦੇ ਫੈਨਜ਼ ਅਤੇ ਪਰਿਵਾਰ ਵਾਲਿਆਂ ਨੂੰ ਕੁਝ ਰਾਹਤ ਮਿਲੀ ਹੈ, ਉੱਥੇ ਹੀ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਉਦੋਂ ਤੋਂ ਰਾਜੂ ਦੇ ਪਰਿਵਾਰ ਨੂੰ ਉਨ੍ਹਾਂ ਦੀ ਜ਼ਿਆਦਾ ਚਿੰਤਾ ਹੈ। ਇੱਕ ਅਣਪਛਾਤਾ ਵਿਅਕਤੀ ਆਈ. ਸੀ. ਯੂ. 'ਚ ਦਾਖਲ ਹੋ ਗਿਆ ਅਤੇ ਰਾਜੂ ਸ੍ਰੀਵਾਸਤਵ ਨਾਲ ਸੈਲਫੀ ਲੈਣ ਲੱਗਾ। ਇਸ ਅਣਪਛਾਤੇ ਵਿਅਕਤੀ ਨੂੰ ਦੇਖ ਕੇ ਰਾਜੂ ਸ੍ਰੀਵਾਸਤਵ ਦਾ ਪਰਿਵਾਰ ਉਨ੍ਹਾਂ ਦੀ ਸੁਰੱਖਿਆ ਲਈ ਚਿੰਤਤ ਹੋ ਗਿਆ ਹੈ।

ਹਸਪਤਾਲ ਦੇ ਸਟਾਫ ਨੇ ਰਾਜੂ ਨਾਲ ਸੈਲਫੀ ਲੈਣ ਵਾਲੇ ਅਣਪਛਾਤੇ ਵਿਅਕਤੀ ਤੋਂ ਪੁੱਛਗਿੱਛ ਕੀਤੀ। ਕਿਸੇ ਦੇ ਆਈ. ਸੀ. ਯੂ. 'ਚ ਚਲੇ ਜਾਣ ਤੋਂ ਬਾਅਦ ਰਾਜੂ ਦਾ ਪਰਿਵਾਰ ਚਿੰਤਤ ਹੈ। ਉਨ੍ਹਾਂ ਇਸ ਸਬੰਧੀ ਹਸਪਤਾਲ ਪ੍ਰਸ਼ਾਸਨ ਨਾਲ ਗੱਲ ਕੀਤੀ। ਹੁਣ ਆਈ. ਸੀ. ਯੂ. ਦੇ ਬਾਹਰ ਗਾਰਡ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਕੋਈ ਵੀ ਬਿਨਾਂ ਇਜਾਜ਼ਤ ਦੇ ਅੰਦਰ ਨਹੀਂ ਜਾ ਸਕਦਾ।

ਸ਼ੇਖਰ ਸੁਮਨ ਨੇ ਦੱਸਿਆ ਕਿ ਕਿਵੇਂ ਹੈ ਤਬੀਅਤ
ਰਾਜੂ ਸ੍ਰੀਵਾਸਤਵ ਦੇ ਖ਼ਾਸ ਦੋਸਤ ਸ਼ੇਖਰ ਸੁਮਨ ਸੋਸ਼ਲ ਮੀਡੀਆ 'ਤੇ ਫੈਨਜ਼ ਨੂੰ ਆਪਣੀ ਸਿਹਤ ਬਾਰੇ ਦੱਸਦੇ ਰਹਿੰਦੇ ਹਨ। ਉਨ੍ਹਾਂ ਨੇ ਟਵੀਟ ਕਰਕੇ ਫੈਨਜ਼ ਨੂੰ ਉਨ੍ਹਾਂ ਦੀ ਹਾਲਤ ਬਾਰੇ ਦੱਸਿਆ। ਹਾਲ ਹੀ 'ਚ ਉਨ੍ਹਾਂ ਨੇ ਟਵੀਟ ਕਰਕੇ ਕਿਹਾ ਸੀ- ''ਰਾਜੂ ਦੇ ਪਰਿਵਾਰ ਮੁਤਾਬਕ ਉਨ੍ਹਾਂ ਦੇ ਸਰੀਰ ਦੇ ਅੰਗ ਠੀਕ ਤਰ੍ਹਾਂ ਨਾਲ ਕੰਮ ਕਰਨ ਲੱਗੇ ਹਨ, ਹਾਲਾਂਕਿ ਉਹ ਹਾਲੇ ਬੇਹੋਸ਼ ਹਨ। ਡਾਕਟਰ ਦਾ ਕਹਿਣਾ ਹੈ ਕਿ ਕਾਮੇਡੀਅਨ ਦੀ ਹਾਲਤ ਸਥਿਰ ਬਣੀ ਹੋਈ ਹੈ ਪਰ ਉਨ੍ਹਾਂ ਦੀ ਸਿਹਤ 'ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਸਭ ਮਹਾਦੇਵ ਦੀ ਕਿਰਪਾ ਹੈ। ਹਰ ਥਾਂ ਸ਼ਿਵ!'

ਵਰਕਆਊਟ ਦੌਰਾਨ ਪਿਆ ਦਿਲ ਦਾ ਦੌਰਾ
ਦੱਸਣਯੋਗ ਹੈ ਕਿ 10 ਅਗਸਤ ਨੂੰ ਰਾਜੂ ਸ੍ਰੀਵਾਸਤਵ ਨੂੰ ਜਿਮ 'ਚ ਵਰਕਆਊਟ ਦੌਰਾਨ ਦਿਲ ਦਾ ਦੌਰਾ ਪੈ ਗਿਆ ਸੀ, ਜਿਸ ਤੋਂ ਬਾਅਦ ਕਾਮੇਡੀਅਨ ਨੂੰ ਤੁਰੰਤ ਦਿੱਲੀ ਦੇ ਏਮਜ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਰਾਜੂ ਸ਼੍ਰੀਵਾਸਤਵ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਹੋਸ਼ ਨਹੀਂ ਆਇਆ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ। 


author

sunita

Content Editor

Related News