ਭੇਡਚਾਲ ਦਾ ਹਿੱਸਾ ਨਹੀਂ ਬਣਦਾ, ਫ਼ਿਲਮ ਸਾਈਨ ਕਰਨ ਤੋਂ ਪਹਿਲਾਂ ਦੇਖਦਾ ਹਾਂ ਮੇਰੇ ਕਿਰਦਾਰ ’ਚ ਕੀ ਨਵਾਂ ਹੈ : ਰਾਜਕੁਮਾਰ

Thursday, Jul 14, 2022 - 12:14 PM (IST)

ਭੇਡਚਾਲ ਦਾ ਹਿੱਸਾ ਨਹੀਂ ਬਣਦਾ, ਫ਼ਿਲਮ ਸਾਈਨ ਕਰਨ ਤੋਂ ਪਹਿਲਾਂ ਦੇਖਦਾ ਹਾਂ ਮੇਰੇ ਕਿਰਦਾਰ ’ਚ ਕੀ ਨਵਾਂ ਹੈ : ਰਾਜਕੁਮਾਰ

ਅਦਾਕਾਰ ਰਾਜਕੁਮਾਰ ਰਾਓ ਤੇ ਅਦਾਕਾਰਾ ਸਾਨਿਆ ਮਲਹੋਤਰਾ ਦੋਵੇਂ ਲੀਕ ਤੋਂ ਹੱਟ ਕੇ ਫ਼ਿਲਮਾਂ ਕਰਨ ਲਈ ਜਾਣੇ ਜਾਂਦੇ ਹਨ। ਦੋਵੇਂ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਹਿੱਟ ਦਿ ਫਰਸਟ ਕੇਸ’ ਦੀ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। ਕ੍ਰਾਈਮ ਥ੍ਰਿਲਰ ਤੇ ਸਸਪੈਂਸ ਨਾਲ ਭਰਪੂਰ ਇਸ ਫ਼ਿਲਮ ’ਚ ਰਾਜਕੁਮਾਰ ਰਾਓ ਪੁਲਸ ਅਫਸਰ ਦੀ ਭੂਮਿਕਾ ’ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਸਾਨਿਆ ਮਲਹੋਤਰਾ ਫੋਰੈਂਸਿਕ ਅਫਸਰ ਦੀ ਭੂਮਿਕਾ ’ਚ ਨਜ਼ਰ ਆਵੇਗੀ। ਇਹ ਫ਼ਿਲਮ ਉਸੇ ਨਾਂ ਦੀ ਤੇਲਗੂ ਐਕਸ਼ਨ ਥ੍ਰਿਲਰ ਫ਼ਿਲਮ ਦਾ ਰੀਮੇਕ ਹੈ। ਦੱਸ ਦੇਈਏ ਕਿ ‘ਹਿੱਟ ਦਿ ਫਰਸਟ ਕੇਸ’ 15 ਜੁਲਾਈ ਨੂੰ ਰਿਲੀਜ਼ ਹੋਵੇਗੀ। ਸਾਊਥ ਤੇ ਰੀਮੇਕ ਦੋਵਾਂ ਨੂੰ ਡਾ. ਸ਼ੈਲੇਸ਼ ਕੋਲਾਨੂ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਫ਼ਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਦਿੱਲੀ ਸਥਿਤ ਜਗ ਬਾਣੀ/ਪੰਜਾਬ ਕੇਸਰੀ (ਜਲੰਧਰ)/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਦੇ ਦਫਤਰ ਰਾਜਕੁਮਾਰ, ਸਾਨਿਆ ਤੇ ਡਾਇਰੈਕਟਰ ਡਾ. ਸ਼ੈਲੇਸ਼ ਪਹੁੰਚੇ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼–

ਬਹੁਤ ਜ਼ਿਆਦਾ ਸਸਪੈਂਸ ਤੇ ਥ੍ਰਿਲ : ਰਾਜਕੁਮਾਰ ਰਾਓ

ਸਵਾਲ– ਜਿਵੇਂ ਕਿ ਇਹ ਤੇਲਗੂ ਫ਼ਿਲਮ ‘ਹਿੱਟ’ ਦਾ ਰੀਮੇਕ ਹੈ ਤਾਂ ਤੁਸੀਂ ਇਹ ਪਹਿਲਾਂ ਤੋਂ ਦੇਖੀ ਹੋਈ ਸੀ ਜਾਂ ਜਦੋਂ ਤੁਹਾਨੂੰ ਆਫਰ ਹੋਈ, ਉਸ ਤੋਂ ਬਾਅਦ ਦੇਖੀ?
ਜਵਾਬ–
ਮੈਂ ਇਹ ਫ਼ਿਲਮ ਉਦੋਂ ਦੇਖੀ, ਜਦੋਂ ਇਹ ਮੈਨੂੰ ਆਫਰ ਹੋਈ ਤੇ ਮੈਨੂੰ ਇਹ ਬਹੁਤ ਪਸੰਦ ਆਈ। ਇਸ ’ਚ ਕਾਫੀ ਸਸਪੈਂਸ ਤੇ ਥ੍ਰਿਲ ਹੈ। ਇਹ ਉਸ ਫ਼ਿਲਮ ਤੋਂ ਬਹੁਤ ਵੱਖਰੀ ਹੈ ਤੇ ਮੈਨੂੰ ਕੁਝ ਵੱਖਰਾ ਕਰਨ ਦਾ ਮੌਕਾ ਮਿਲਿਆ। ਇਹ ਸੌਖਾ ਨਹੀਂ ਸੀ, ਇਹ ਬਹੁਤ ਚੁਣੌਤੀਪੂਰਨ ਸੀ।

ਸਵਾਲ– ਫ਼ਿਲਮ ਸਾਈਨ ਕਰਨ ਤੋਂ ਪਹਿਲਾਂ ਤੁਸੀਂ ਕੀ ਸੋਚਦੇ ਹੋ? ਕੀ ਤੁਹਾਨੂੰ ਫਰਕ ਪੈਂਦਾ ਹੈ ਕਿ ਇੰਡਸਟਰੀ ’ਚ ਕੀ ਰੁਝਾਨ ਚੱਲ ਰਿਹਾ ਹੈ ਤੇ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਬਣ ਰਹੀਆਂ ਹਨ?
ਜਵਾਬ–
ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਕਦੇ ਭੇਡਚਾਲ ਦਾ ਹਿੱਸਾ ਨਹੀਂ ਰਿਹਾ ਤੇ ਨਾ ਹੀ ਕਦੇ ਬਣਨਾ ਚਾਹਾਂਗਾ। ਕਿਸੇ ਵੀ ਫ਼ਿਲਮ ਨੂੰ ਸਾਈਨ ਕਰਨ ਤੋਂ ਪਹਿਲਾਂ ਮੈਂ ਦੇਖਦਾ ਹਾਂ ਕਿ ਕਹਾਣੀ ਕਿੰਨੀ ਮਜ਼ਬੂਤ ਹੈ, ਭਾਵੇਂ ਉਹ ਕਿਸੇ ਦੀ ਵੀ ਹੋਵੇ। ਇਸ ਤੋਂ ਬਾਅਦ ਮੈਂ ਆਪਣੇ ਕਿਰਦਾਰ ਨੂੰ ਦੇਖਦਾ ਹਾਂ ਕਿ ਇਸ ’ਚ ਨਵਾਂ ਕੀ ਹੈ, ਜੋ ਮੈਂ ਪਹਿਲਾਂ ਕਦੇ ਨਹੀਂ ਕੀਤਾ।

ਸਵਾਲ– ਕੀ ਅਸੀਂ ਤੁਹਾਨੂੰ ਕਦੇ ਅਜਿਹੀ ਫ਼ਿਲਮ ’ਚ ਦੇਖ ਸਕਦੇ ਹਾਂ, ਜਿਸ ’ਚ ਕੁਝ ਖ਼ਾਸ ਨਾ ਹੋਵੇ, ਟਿਪੀਕਲ ਨਾਚ-ਗਾਣਾ ਹੋਵੇ?
ਜਵਾਬ–
(ਹੱਸਦੇ ਹੋਏ ਉਹ ਕਹਿੰਦੇ ਹਨ) ਮੈਂ ਕਦੇ ਵੀ ਆਪਣੇ ਦਿਲ ਤੋਂ ਅਜਿਹਾ ਨਹੀਂ ਕਰਾਂਗਾ। ਹਾਂ, ਜੇ ਕੋਈ ਬੰਦੂਕ ਦੀ ਨੋਕ ’ਤੇ ਕਰਵਾ ਲੈਂਦਾ ਹੈ ਤਾਂ ਵੱਖਰੀ ਗੱਲ ਹੈ।

ਸਵਾਬ– ਤੁਹਾਡੀ ਫ਼ਿਲਮ ਵੀਕੈਂਡ ਵਾਲੀ ਨਹੀਂ ਹੁੰਦੀ ਪਰ ਇਸ ਨੂੰ ਕਿਸੇ ਵੀ ਸਮੇਂ ਦੇਖੋ, ਪੰਜ ਸਾਲ ਬਾਅਦ ਵੀ ਦੇਖੋ ਤਾਂ ਵੀ ਉਨਾ ਹੀ ਮਜ਼ਾ ਆਉਂਦਾ ਹੈ। ਤੁਸੀਂ ਇਸ ਨੂੰ ਕਿਵੇਂ ਮੈਨੇਜ ਕਰਦੇ ਹੋ?
ਜਵਾਬ–
ਦੇਖੋ, ਇਹ ਸਭ ਕੁਝ ਸਿਰਫ ਐਕਟਰ ਕਰਕੇ ਨਹੀਂ ਹੁੰਦਾ। ਇਸ ’ਚ ਫ਼ਿਲਮ ਦੀ ਕਹਾਣੀ ਵੀ ਉਨੀ ਹੀ ਅਹਿਮ ਹੁੰਦੀ ਹੈ। ਲੇਖਕ, ਨਿਰਦੇਸ਼ਕ, ਨਿਰਮਾਤਾ ਤੇ 300-400 ਲੋਕਾਂ ਦੀ ਪੂਰੀ ਟੀਮ ਸਖ਼ਤ ਮਿਹਨਤ ਕਰਦੀ ਹੈ। ਜਦੋਂ ਸਾਰੇ ਇਕੋ ਜਜ਼ਬੇ ਨਾਲ ਕੰਮ ਕਰਦੇ ਹਨ ਤਾਂ ਕੰਮ ਚੰਗਾ ਹੁੰਦਾ ਹੈ।

ਸਵਾਲ– ਸਾਨਿਆ ਦੀ ਕਿਹੜੀ ਕੁਆਲਿਟੀ ਤੁਹਾਨੂੰ ਚੰਗੀ ਲੱਗੀ?
ਜਵਾਬ–
ਸਾਨਿਆ ਬਹੁਤ ਨੈਚੁਰਲ ਤੇ ਫਨ ਲਵਿੰਗ ਹੈ। ਜਦੋਂ ਸੈੱਟ ’ਤੇ ਆਉਂਦੀ ਸੀ ਤਾਂ ਮਾਹੌਲ ਐਨਰਜੀ ਭਰਿਆ ਹੋ ਜਾਂਦਾ ਸੀ।

ਸਕ੍ਰਿਪਟ ਬਹੁਤ ਵਧੀਆ ਲਿਖੀ ਹੈ : ਸਾਨਿਆ ਮਲਹੋਤਰਾ

ਸਵਾਲ– ਆਪਣੇ-ਆਪਣੇ ਕਿਰਦਾਰ ਲਈ ਕੀ ਖ਼ਾਸ ਤਿਆਰੀ ਕੀਤੀ?
ਜਵਾਬ–
ਮੇਰਾ ਕਿਰਦਾਰ ਫਾਰੈਂਸਿਕ ਅਫ਼ਸਰ ਦਾ ਹੈ ਤੇ ਉਹ ਵਿਕਰਮ (ਰਾਜਕੁਮਾਰ ਰਾਓ) ਨਾਲ ਰਿਲੇਸ਼ਨਸ਼ਿਪ ’ਚ ਵੀ ਹੈ। ਸ਼ੈਲੇਸ਼ ਨੇ ਸਕ੍ਰਿਪਟ ਬਹੁਤ ਚੰਗੀ ਲਿਖੀ ਹੈ।

ਸਵਾਲ– ਰਾਜਕੁਮਾਰ ਦੀ ਕਿਹੜੀ ਕੁਆਲਿਟੀ ਤੁਹਾਨੂੰ ਪਸੰਦ ਆਈ?
ਜਵਾਬ–
ਰਾਜਕੁਮਾਰ ’ਚ ਕੰਮ ਨੂੰ ਲੈ ਕੇ ਵੱਖਰਾ ਜਨੂੰਨ ਰਹਿੰਦਾ ਹੈ। ਜਦੋਂ ਨਾਲ ਕੰਮ ਨਹੀਂ ਕੀਤਾ ਸੀ ਤਾਂ ਵੀ ਉਨ੍ਹਾਂ ਦੀ ਪ੍ਰਸ਼ੰਸਾ ਕਰਦੀ ਸੀ ਤੇ ਕੰਮ ਕਰਨ ਤੋਂ ਬਾਅਦ ਤਾਂ ਬਹੁਤ ਰਿਸਪੈਕਟ ਵੀ ਕਰਨ ਲੱਗੀ ਹਾਂ। ਇਹ ਆਪਣੇ ਕੰਮ ਨੂੰ ਲਾਈਟਲੀ ਨਹੀਂ ਲੈਂਦੇ, ਪੂਰੀ ਰਿਸਰਚ ਨਾਲ ਕਰਦੇ ਹਨ। ਰਾਜ ਨਾਲ ਕੰਮ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ।

ਸਵਾਲ– ਤੁਸੀਂ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੇ ਹੋ, ਅਦਾਕਾਰਾ ਦੇ ਤੌਰ ’ਤੇ ਸੋਸ਼ਲ ਮੀਡੀਆ ਕਿੰਨਾ ਜ਼ਰੂਰੀ ਹੈ?
ਜਵਾਬ–
ਇਕ ਐਕਟਰ ਦੇ ਤੌਰ ’ਤੇ ਸੋਸ਼ਲ ਮੀਡੀਆ ’ਤੇ ਐਕਟਿਵ ਰਹਿਣਾ ਮੈਨੂੂੰ ਪਸੰਦ ਹੈ ਪਰ ਪਰਸਨਲ ਲਾਈਫ਼ ਉਸ ਤੋਂ ਬਿਲਕੁਲ ਵੱਖ ਹੈ। ਮੈਂ ਸਿਰਫ਼ ਬ੍ਰਾਂਡਜ਼ ਦੇ ਵੀਡੀਓਜ਼ ਤੇ ਡਾਂਸ ਵੀਡੀਓ ਸ਼ੇਅਰ ਕਰਦੀ ਹਾਂ।

ਸਵਾਲ– ਕੁਝ ਅਜਿਹਾ ਹੈ ਕਿ ਤੁਸੀਂ ਸੋਚਦੇ ਹੋ ਕਿ ਹਾਂ, ਮੈਂ ਇਸ ਗ੍ਰਾਫ਼ ਤੱਕ ਪਹੁੰਚਣਾ ਹੈ?
ਜਵਾਬ–
ਮੈਂ ਬਹੁਤ ਲੱਕੀ ਹਾਂ, ਇਸ ਤਰ੍ਹਾਂ ਦੇ ਵੱਖਰੇ ਕਿਰਦਾਰ ਮੈਨੂੰ ਮਿਲ ਰਹੇ ਹਨ। ਮੈਂ ਇਹ ਨਹੀਂ ਸੋਚਦੀ ਕਿ ਅੱਗੇ ਇਹ ਕਰਨਾ ਹੈ, ਉਹ ਕਰਨਾ ਹੈ। ਹਾਂ, ਇਹ ਜ਼ਰੂਰ ਦੇਖਦੀ ਹਾਂ ਕਿ ਮੇਰੀ ਗ੍ਰੋਥ ਹੈ ਜਾਂ ਨਹੀਂ। ਮੈਂ ਰਾਜ ਵਾਂਗ ਐਕਟਿੰਗ ਸਿੱਖੀ ਨਹੀਂ ਹੈ, ਮੈਨੂੰ ਲੱਗਦਾ ਹੈ ਕਿ ਹਰ ਚੀਜ਼ ਕਰਕੇ ਹੀ ਪਤਾ ਲੱਗੇਗਾ ਕਿ ਫ਼ਿਲਮ ਮੇਕਿੰਗ ਜਾਂ ਐਕਟਿੰਗ ਹੈ ਕੀ ਚੀਜ਼।

ਕਾਪੀ ਪੇਸਟ ਨਹੀਂ ਚਾਹੁੰਦਾ ਸੀ : ਡਾ. ਸ਼ੈਲੇਸ਼ ਕੋਲਾਨੂ

ਸਵਾਲ– ਤੁਸੀਂ ਤੇਲਗੂ ‘ਹਿੱਟ’ ਬਣਾਈ ਹੈ ਤੇ ਉਹ ਸਫ਼ਲ ਵੀ ਰਹੀ ਤਾਂ ਹਿੰਦੀ ’ਚ ‘ਹਿੱਟ’ ਬਣਾਉਣ ਦਾ ਤੁਸੀਂ ਕਦੋਂ, ਕਿਉਂ ਤੇ ਕਿਥੇ ਸੋਚਿਆ?
ਜਵਾਬ–
ਮੈਂ ਜਦੋਂ ਤੇਲਗੂ ਬਣਾ ਰਿਹਾ ਸੀ ਤਾਂ ਸੋਚਿਆ ਸੀ ਕਿ ਇਕ ਅਜਿਹੀ ਸਟੋਰੀ ਹੈ, ਜਿਸ ਨੂੰ ਜ਼ਿਆਦਾ ਦਰਸ਼ਕਾਂ ਕੋਲ ਜਾਣਾ ਚਾਹੀਦਾ ਹੈ। ਇਸ ਦਾ ਸਬਜੈਕਟ ਇੰਨਾ ਵੱਖ ਤੇ ਚੰਗਾ ਹੈ ਕਿ ਮੈਨੂੰ ਲੱਗਾ ਕਿ ਇਸ ਨੂੰ ਜ਼ਿਆਦਾ ਦਰਸ਼ਕਾਂ ਦੀ ਲੋੜ ਹੈ। ਇਸ ਤੋਂ ਇਲਾਵਾ ਮੈਂ ਕਾਪੀ ਪੇਸਟ ਨਹੀਂ ਚਾਹੁੰਦਾ ਸੀ ਕਿਉਂਕਿ ਫਿਰ ਇਸ ’ਚ ਮੇਰੀ ਜ਼ਰੂਰਤ ਨਹੀਂ ਹੁੰਦੀ, ਕੋਈ ਵੀ ਡਾਇਰੈਕਟਰ ਕਰ ਸਕਦਾ ਸੀ। ਇਸ ’ਚ ਨਵਾਂਪਣ ਪਾਉਣਾ ਹੀ ਮੇਰੇ ਲਈ ਚੈਲੇਂਜ ਸੀ।

ਸਵਾਲ– ਕੀ ਰਾਜ ਤੇ ਸਾਨਿਆ ਤੁਹਾਡੀ ਪਹਿਲੀ ਪਸੰਦ ਸਨ, ਤੁਸੀਂ ਫ਼ਿਲਮ ਦੀ ਕਾਸਟਿੰਗ ਕੀ ਸੋਚ ਕੇ ਕੀਤੀ?
ਜਵਾਬ–
ਇਹ ਬਹੁਤ ਹੀ ਇੰਟੈਂਸ ਸਟੋਰੀ ਹੈ, ਜਿਸ ’ਚ ਕਿਰਦਾਰ ਮਜ਼ਬੂਤ ਚਾਹੀਦੇ ਸਨ। ਪਹਿਲੇ ਦਿਨ ਤੋਂ ਮੇਰੇ ਦਿਮਾਗ ’ਚ ਰਾਜ ਤੇ ਸਾਨਿਆ ਦਾ ਹੀ ਨਾਂ ਸੀ। ਦੋਵੇਂ ਹੀ ਬਿਹਤਰੀਨ ਕਲਾਕਾਰ ਹਨ। ਇਸ ਫ਼ਿਲਮ ’ਤੇ ਜਦੋਂ ਕੰਮ ਸ਼ੁਰੂ ਕੀਤਾ ਤਾਂ ਇਕ ਹਫ਼ਤੇ ਦੇ ਅੰਦਰ ਹੀ ਇਨ੍ਹਾਂ ਨਾਲ ਗੱਲ ਕਰ ਲਈ ਸੀ।

ਸਵਾਲ– ਹੁਣ ਓ. ਟੀ. ਟੀ. ’ਤੇ ਲੋਕ ਹਰ ਭਾਸ਼ਾ ਦੀਆਂ ਫ਼ਿਲਮਾਂ ਦੇਖ ਲੈਂਦੇ ਹਨ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਅਜਿਹੇ ਟਾਈਮ ’ਤੇ ਰੀਮੇਕ ਬਣਾਉਣਾ ਕਿੰਨਾ ਚੈਲੇਂਜਿੰਗ ਹੈ?
ਸਵਾਲ–
ਹਾਂ ਚੈਲੇਂਜ ਤਾ ਹੈ ਪਰ ਮੈਨੂੰ ਲੱਗਦਾ ਹੈ ਕਿ ਸਾਡੀ ਓ. ਟੀ. ਟੀ. ’ਤੇ ਸਬਟਾਈਟਲ ਨਾਲ ਫ਼ਿਲਮ ਦੇਖਣ ਵਾਲੇ ਦਰਸ਼ਕ ਬਹੁਤ ਘੱਟ ਹਨ। ਮੇਰੇ ਲਈ ਇਸ ਦਾ ਰੀਮੇਕ ਬਣਾਉਣਾ ਬਹੁਤ ਜ਼ਰੂਰੀ ਸੀ। ਇਸ ਨੂੰ ਤੁਸੀਂ ਸਬਟਾਈਟਲ ਨਾਲ ਦੇਖੋਗੇ ਤਾਂ ਤੁਹਾਨੂੰ ਮਜ਼ਾ ਨਹੀਂ ਆਵੇਗਾ। ਡਬਿੰਗ ’ਚ ਇਕ ਅਦਾਕਾਰ ਦੀ ਪਰਫਾਰਮੈਂਸ ਕਾਫ਼ੀ ਡਿੱਗ ਜਾਂਦੀ ਹੈ।


author

Rahul Singh

Content Editor

Related News