ਕੋਰੋਨਾ ਆਫ਼ਤ ’ਚ ਰਜਨੀਕਾਂਤ ਨੇ ਵਧਾਇਆ ਮਦਦ ਦਾ ਹੱਥ, ਦਾਨ ਕੀਤੇ 50 ਲੱਖ ਰੁਪਏ
Monday, May 17, 2021 - 05:25 PM (IST)
ਮੁੰਬਈ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਭਾਰਤ ਹਰ ਤਰੀਕੇ ਨਾਲ ਲੜਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਮਹਾਮਾਰੀ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਲੋਕਾਂ ਦੀ ਮਦਦ ਲਈ ਸਰਕਾਰ ਦੇ ਨਾਲ-ਨਾਲ ਫ਼ਿਲਮੀ ਸਿਤਾਰਿਆਂ ਦੀਆਂ ਵੀ ਕੋਸ਼ਿਸ਼ਾਂ ਜਾਰੀ ਹਨ। ਬਾਲੀਵੁੱਡ ਅਤੇ ਸਾਊਥ ਸਿਨੇਮਾ ਦੇ ਬਹੁਤ ਸਾਰੇ ਸਿਤਾਰੇ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਇਨ੍ਹਾਂ ’ਚੋਂ ਹੁਣ ਮਸ਼ਹੂਰ ਸੁਪਰਸਟਾਰ ਰਜਨੀਕਾਂਤ ਦਾ ਵੀ ਨਾਂ ਸ਼ਾਮਲ ਹੋ ਗਿਆ ਹੈ।
ਬੀਤੇ ਕੁਝ ਦਿਨਾਂ ’ਚ ਭਾਰਤ ’ਚ ਕੋਰੋਨਾ ਵਾਇਰਸ ਦੇ ਕਾਫ਼ੀ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਅਜਿਹੇ ’ਚ ਅਦਾਕਾਰ ਰਜਨੀਕਾਂਤ ਨੇ ਵੀ ਕੋਰੋਨਾ ਵਾਇਰਸ ਨਾਲ ਜੰਗ ਲੜਣ ਲਈ 50 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਦਿੱਗਜ ਅਦਾਕਾਰ ਦੇ ਬੁਲਾਰੇ ਰਿਆਜ਼ ਅਹਿਮਦ ਨੇ ਦਿੱਤੀ ਹੈ।
ਉਨ੍ਹਾਂ ਨੇ ਆਪਣੇ ਅਧਿਕਾਰਿਕ ਟਵਿਟਰ ਅਕਾਊਂਟ ਰਾਹੀਂ ਦੱਸਿਆ ਕਿ ਰਜਨੀਕਾਂਤ ਨੇ ਤਾਮਿਲਨਾਡੂ ਮੁੱਖ ਮੰਤਰੀ ਰਾਹਤ ਫੰਡ ’ਚ 50 ਲੱਖ ਰੁਪਏ ਦਾਨ ਕੀਤੇ ਹਨ। ਰਿਆਜ਼ ਅਹਿਮਦ ਨੇ ਆਪਣੇ ਟਵੀਟ ’ਚ ਲਿਖਿਆ ਕਿ ਜੇਕਰ ਤਾਮਿਲਨਾਡੂ ਦੇ ਲੋਕ ਸਰਕਾਰ ਵੱਲੋਂ ਲਗਾਏ ਗਏ ਨਿਯਮਾਂ ਅਤੇ ਵਿਨਿਯਮਾਂ ਦਾ ਪਾਲਨ ਕਰਦੇ ਹਨ ਤਾਂ ਹੀ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ। ਸੁਪਰਸਟਾਰ ਰਜਨੀਕਾਂਤ ਨੇ ਮੁੱਖ ਮੰਤਰੀ ਐੱਮ.ਕੇ ਸਟਾਲਿਨ ਨਾਲ ਮੁਲਾਕਾਤ ਕੀਤੀ ਅਤੇ 50 ਲੱਖ ਰੁਪਏ ਦਾਨ ਕੀਤੇ’। ਅਦਾਕਾਰ ਵੱਲੋਂ ਦਾਨ ਕੀਤੇ ਗਏ ਇਨ੍ਹਾਂ ਪੈਸਿਆਂ ਦੀ ਵਰਤੋਂ ਕੋਰੋਨਾ ਮਰੀਜ਼ਾਂ ਦੇ ਕਲਿਆਣ ਲਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਰਜਨੀਕਾਂਤ ਵੈਕਸੀਨ ਲਗਾਉਣ ਦੀ ਵਜ੍ਹਾ ਨਾਲ ਚਰਚਾ ’ਚ ਆਏ ਸਨ। ਉਨ੍ਹਾਂ ਨੇ ਵੀਰਵਾਰ ਨੂੰ ਵੈਕਸੀਨ ਦੀ ਦੂਜੀ ਖੁਰਾਕ ਲਈ ਹੈ। ਅਦਾਕਾਰ ਦੇ ਵੈਕਸੀਨੇਸ਼ਨ ਦੀ ਜਾਣਕਾਰੀ ਉਨ੍ਹਾਂ ਦੀ ਧੀ ਸ਼ੌਂਦਰਿਆ ਰਜਨੀਕਾਂਤ ਨੇ ਆਪਣੇ ਅਧਿਕਾਰਿਕ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕਰਕੇ ਦਿੱਤੀ ਸੀ। ਇਸ ਤਸਵੀਰ ’ਚ ਥਲਾਈਵਰ ਸੋਫੇ ’ਤੇ ਬੈਠ ਕੇ ਟੀਕੇ ਦੀ ਦੂਜੀ ਖੁਰਾਕ ਲੈ ਰਹੇ ਹਨ। ਤਸਵੀਰ ’ਚ ਉਨ੍ਹਾਂ ਦੀ ਧੀ ਸ਼ੌਂਦਰਿਆ ਰਜਨੀਕਾਂਤ ਨੇ ਕੈਪਸ਼ਨ ’ਚ ਲਿਖਿਆ ਕਿ ‘ਸਾਡੇ ਥਲਾਈਵਰ ਨੇ ਆਪਣਾ ਟੀਕਾ ਲਗਵਾ ਲਿਆ ਹੈ। ਅਸੀਂ ਇਕੱਠੇ ਹੋ ਕੇ ਕੋਰੋਨਾ ਵਾਇਰਸ ਦੇ ਖ਼ਿਲਾਫ਼ ਇਸ ਯੁੱਧ ਨੂੰ ਲੜਾਂਗੇ ਅਤੇ ਜਿੱਤੇਗਾ।