ਵੱਡੀ ਖ਼ਬਰ; ਮਸ਼ਹੂਰ ਪੰਜਾਬੀ Singer ਨੂੰ ਮਿਲੀ ਧਮਕੀ, ਮਿਊਜ਼ਿਕ ਇੰਡਸਟਰੀ 'ਚ ਮਚਿਆ ਹੜਕੰਪ
Thursday, Oct 09, 2025 - 12:05 PM (IST)

ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ, ਅਦਾਕਾਰ ਅਤੇ ਨਿਰਮਾਤਾ ਨੀਰਜ ਸਾਹਨੀ ਨੂੰ ਪਾਕਿਸਤਾਨ ਵਿੱਚ ਲੁਕੇ ਹੋਏ ਅੱਤਵਾਦੀ ਹਰਵਿੰਦਰ ਰਿੰਦਾ ਵੱਲੋਂ ਰੰਗਦਾਰੀ ਲਈ ਫੋਨ ਆਇਆ। ਜਿਸ 'ਚ ਉਨ੍ਹਾਂ ਤੋਂ 1 ਕਰੋੜ 20 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਪੈਸੇ ਨਾ ਦੇਣ 'ਤੇ ਉਨ੍ਹਾਂ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਗਾਇਕ ਸਾਹਨੀ ਨੇ ਇਸ ਮਾਮਲੇ ਵਿੱਚ ਮੋਹਾਲੀ ਪੁਲਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਪੁਲਸ ਨੂੰ ਆਪਣੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਹੈ। ਗਾਇਕ ਨੇ ਕਾਲ ਨਾਲ ਸਬੰਧਤ ਸਾਰੇ ਸਬੂਤ ਪੁਲਸ ਨੂੰ ਸੌਂਪ ਦਿੱਤੇ ਹਨ।
ਪੁਲਸ ਸ਼ਿਕਾਇਤ ਅਨੁਸਾਰ ਨੀਰਜ ਸਾਹਨੀ ਮੋਹਾਲੀ ਦੇ ਸੈਕਟਰ 88 ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਕੰਪਨੀ ਸੈਕਟਰ 75 ਵਿੱਚ ਸਥਿਤ ਹੈ। ਉਨ੍ਹਾਂ ਨੂੰ 6 ਅਕਤੂਬਰ ਨੂੰ ਦੁਪਹਿਰ 3:20 ਵਜੇ ਇੱਕ ਵੀਡੀਓ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣੀ ਪਛਾਣ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਵਜੋਂ ਕੀਤੀ ਅਤੇ ਉਸਨੂੰ 1 ਕਰੋੜ 20 ਲੱਖ ਰੁਪਏ ਦਾ ਪ੍ਰਬੰਧ ਕਰਨ ਲਈ ਕਿਹਾ।
ਦੋਸ਼ੀ ਨੇ ਧਮਕੀ ਦਿੱਤੀ ਜੇਕਰ ਪੈਸੇ ਦਾ ਪ੍ਰਬੰਧ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੈਸੇ ਦਿਲਪ੍ਰੀਤ ਨਾਮ ਦੇ ਇੱਕ ਵਿਅਕਤੀ ਨੂੰ ਦੇਣੇ ਪੈਣਗੇ ਅਤੇ ਵੀਡੀਓ ਕਾਲ 'ਤੇ ਇਕ ਹੋਰ ਵਿਅਕਤੀ ਨੂੰ ਦਿਖਾਇਆ। ਰਿੰਦਾ ਨੇ ਦਾਅਵਾ ਕੀਤਾ ਕਿ ਉਸ ਦੇ ਪਾਕਿਸਤਾਨੀ ਅੱਤਵਾਦੀਆਂ ਨਾਲ ਸਬੰਧ ਹਨ ਅਤੇ ਉਨ੍ਹਾਂ ਨੂੰ ਸਾਹਨੀ ਬਾਰੇ ਸਭ ਜਾਣਕਾਰੀ ਹੈ। ਉਨ੍ਹਾਂ ਨੇ ਘਰ 'ਤੇ ਹਮਲਾ ਕਰਨ ਅਤੇ "ਗੈਂਗਸਟਰ ਬਾਬਾ ਅਤੇ ਰਿੰਦਾ ਗਰੁੱਪ" ਦੇ ਲੋਕਾਂ ਨੂੰ ਕਾਲ ਆਉਣ ਦੀ ਧਮਕੀ ਦਿੱਤੀ।
ਮੋਹਾਲੀ ਵਿੱਚ ਰੰਗਦਾਰੀ ਮੰਗਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਸੋਹਾਣਾ ਵਿੱਚ ਇੱਕ ਫਾਰਮਾਸਿਊਟੀਕਲ ਕੰਪਨੀ ਦੇ ਮਾਲਕ ਅਤੇ ਇੱਕ ਪ੍ਰਾਪਰਟੀ ਡੀਲਰ ਤੋਂ ਰੰਗਦਾਰੀ ਮੰਗੀ ਗਈ ਸੀ। ਇੱਕ ਆਈਟੀ ਕੰਪਨੀ ਦੇ ਮਾਲਕ ਤੋਂ ਵੀ ਰੰਗਦਾਰੀ ਮੰਗੀ ਗਈ ਸੀ ਜਿਸ 'ਚ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ। ਲਗਭਗ 11 ਦਿਨ ਪਹਿਲਾਂ ਇੱਕ ਅਜਿਹੀ ਆਡੀਓ ਕਾਲ ਆਈ ਸੀ, ਜਿਸ ਕਾਰਨ ਸੋਹਾਣਾ ਪੁਲਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਸੀ।