ਗਾਇਕ ਲਹਿੰਬਰ ਹੁਸੈਨਪੁਰੀ 'ਤੇ ਪਤਨੀ ਤੇ ਬੱਚਿਆਂ ਨੇ ਲਾਇਆ ਕੁੱਟਮਾਰ ਦਾ ਦੋਸ਼, ਵਧਿਆ ਮਾਮਲਾ

Tuesday, Jun 01, 2021 - 11:17 AM (IST)

ਗਾਇਕ ਲਹਿੰਬਰ ਹੁਸੈਨਪੁਰੀ 'ਤੇ ਪਤਨੀ ਤੇ ਬੱਚਿਆਂ ਨੇ ਲਾਇਆ ਕੁੱਟਮਾਰ ਦਾ ਦੋਸ਼, ਵਧਿਆ ਮਾਮਲਾ

ਚੰਡੀਗੜ੍ਹ (ਬਿਊਰੋ) : ਦਿਉਲ ਨਗਰ 'ਚ ਰਹਿਣ ਵਾਲੇ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ 'ਤੇ ਉਸ ਦੀ ਪਤਨੀ, ਬੱਚਿਆਂ ਅਤੇ ਸਾਲੀ ਨੇ ਕੁੱਟਮਾਰ ਕਰਨ ਦਾ ਦੋਸ਼ ਲਾਇਆ ਹੈ। ਗਾਇਕ ਦੇ ਘਰ ਦੇ ਬਾਹਰ ਕਰੀਬ ਦੋ ਘੰਟੇ ਤਕ ਹੰਗਾਮਾ ਹੋਇਆ, ਜਿਸ ਤੋਂ ਬਾਅਦ ਥਾਣਾ ਭਾਰਗੋ ਕੈਂਪ ਦੇ ਇੰਚਾਰਜ ਭਗਵੰਤ ਸਿੰਘ ਭੁੱਲਰ ਮੌਕੇ 'ਤੇ ਪਹੁੰਚੇ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉੱਧਰ ਲਹਿੰਬਰ ਹੁਸੈਨਪੁਰੀ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਉਸ ਦੀ ਸਾਲੀ ਦੀਆਂ ਗੱਲਾਂ 'ਚ ਆ ਕੇ ਪਤਨੀ ਝਗੜਾ ਕਰ ਰਹੀ ਹੈ। ਸੋਮਵਾਰ ਨੂੰ ਸਾਰਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ। 

ਥਾਣਾ ਇੰਚਾਰਜ ਭੁੱਲਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਲਹਿੰਬਰ ਦੇ ਪਰਿਵਾਰ ਵਾਲੇ ਬੇਹੋਸ਼ ਵੀ ਹੋ ਗਏ, ਜਿਨ੍ਹਾਂ ਨੂੰ ਲੋਕਾਂ ਨੇ ਸੰਭਾਲਿਆ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਗਾਇਕ ਲਹਿੰਬਰ ਹੁਸੈਨਪੁਰੀ ਦੀ ਸਾਲੀ ਰਜਨੀ ਨੇ ਦੱਸਿਆ ਕਿ ਉਸ ਦਾ ਘਰ ਵੀ ਲਹਿੰਬਰ ਦੇ ਘਰ ਦੇ ਸਾਹਮਣੇ ਹੀ ਹੈ। ਉਸ ਨੇ ਦੱਸਿਆ ਕਿ ਘਰ 'ਚ ਕਿਰਾਏਦਾਰ ਰੱਖਣੇ ਸਨ, ਜਿਸ ਲਈ ਕੁਝ ਲੋਕਾਂ ਨੂੰ ਕਿਹਾ ਗਿਆ ਸੀ। ਸੋਮਵਾਰ ਸ਼ਾਮ ਨੂੰ ਕਿਰਾਏਦਾਰ ਘਰ ਵੇਖਣ ਲਈ ਆਏ ਤਾਂ ਲਹਿੰਬਰ ਨੇ ਉਨ੍ਹਾਂ 'ਤੇ ਦੋਸ਼ ਲਾਇਆ ਕਿ ਉਹ ਗ਼ਲਤ ਆਦਮੀ ਲੈ ਕੇ ਘਰ ਆ ਗਈ ਹੈ। ਉਸ ਨੇ ਦੋਸ਼ ਲਾਇਆ ਕਿ ਲਹਿੰਬਰ ਆਪਣੇ ਸਾਥੀਆਂ ਨੂੰ ਲੈ ਕੇ ਆਇਆ ਅਤੇ ਪਿਸਤੌਲ ਅਤੇ ਹਥਿਆਰ ਲਹਿਰਾਏ ਤੇ ਸਾਰਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ। ਦੋਸ਼ ਸੀ ਕਿ ਲਹਿੰਬਰ ਨੇ ਆਪਣੀ ਪਤਨੀ, ਸਾਲੀ, ਬੱਚਿਆਂ ਅਤੇ ਦੂਜੇ ਸ਼ਹਿਰ ਤੋਂ ਇਲਾਜ ਕਰਵਾਉਣ ਲਈ ਆਈ ਸਾਲੀ ਨੂੰ ਵੀ ਕੁੱਟਿਆ।

ਇਹ ਖ਼ਬਰ ਵੀ ਪੜ੍ਹੋ  : ਸੰਭਾਵਨਾ ਸੇਠ ਨੇ ਹਸਪਤਾਲ ਨੂੰ ਭੇਜਿਆ ਨੋਟਿਸ, ਪਿਤਾ ਦੀ ਮੌਤ ਤੋਂ ਬਾਅਦ ਹਸਪਤਾਲ 'ਤੇ ਲਾਏ ਸਨ ਗੰਭੀਰ ਦੋਸ਼

PunjabKesari

ਉਥੇ ਹੀ ਲਹਿੰਬਰ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਸ ਨੇ ਦੱਸਿਆ ਕਿ ਉਸ ਦੀਆਂ ਤਿੰਨ ਸਾਲੀਆਂ ਹਨ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਆਪਣੀ ਛੋਟੀ ਭੈਣ ਦੀਆਂ ਗੱਲਾਂ 'ਚ ਆ ਕੇ ਝਗੜਾ ਕਰਦੀ ਹੈ। ਸੋਮਵਾਰ ਨੂੰ ਉਨ੍ਹਾਂ ਨੇ ਕੁਝ ਲੋਕਾਂ ਨੂੰ ਘਰ ਬੁਲਾਇਆ ਅਤੇ ਉਸ ਨੇ ਆਪਣੇ ਕੈਮਰੇ, ਜੋ ਘਰ 'ਚ ਲਾਏ ਗਏ ਹਨ, ਤੋਂ ਦਫ਼ਤਰ ਬੈਠੇ ਸਭ ਵੇਖ ਲਿਆ। ਉਹ ਘਰ ਪਹੁੰਚਿਆ ਅਤੇ ਕਿਹਾ ਕਿ ਅਣਜਾਣ ਲੋਕਾਂ ਨੂੰ ਘਰ ਕਿਉਂ ਬੁਲਾਇਆ ਹੈ ਤਾਂ ਉਸ ਦੀ ਸਾਲੀ ਨੇ ਉਸ 'ਤੇ ਹੱਥ ਚੁੱਕ ਦਿੱਤਾ ਅਤੇ ਕੱਪੜੇ ਵੀ ਪਾੜ੍ਹ ਦਿੱਤੇ।'

ਇਹ ਖ਼ਬਰ ਵੀ ਪੜ੍ਹੋ  : ਜੈਕੀ ਭਾਗਨਾਨੀ ਸਣੇ 9 ਲੋਕਾਂ 'ਤੇ  28 ਸਾਲਾ ਮਾਡਲ ਨੇ ਰੇਪ-ਛੇੜਛਾੜ ਦੇ ਲਾਏ ਦੋਸ਼, FIR ਦਰਜ

ਥਾਣਾ ਇੰਚਾਰਜ ਭਗਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਿਕਾਇਤ ਆਈ ਹੈ। ਘਰੇਲੂ ਵਿਵਾਦ ਹੈ, ਜਿਸ ਕਾਰਨ ਦੋਵਾਂ ਧਿਰਾਂ ਨੂੰ ਐੱਮ. ਐੱਲ. ਆਰ. ਨਾਲ ਆ ਕੇ ਬਿਆਨ ਦੇਣ ਲਈ ਕਿਹਾ ਗਿਆ ਹੈ। ਬਿਆਨਾਂ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

 

ਇਹ ਖ਼ਬਰ ਵੀ ਪੜ੍ਹੋ  :  ਸੋਨੂੰ ਸੂਦ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਵੇਖਣਾ ਚਾਹੁੰਦੀ ਹੁਮਾ ਕੁਰੈਸ਼ੀ, ਚੋਣਾਂ ਨੂੰ ਲੈ ਕੇ ਦਿੱਤੀ ਇਹ ਸਲਾਹ


author

sunita

Content Editor

Related News