ਗਾਇਕਾ ਜੈਸਮੀਨ ਸੈਂਡਲਸ ਨੇ ਫੁੱਲਾਂ ਨਾਲ ਮਨਾਇਆ ''ਹੋਲੀ ਦਾ ਸਪੈਸ਼ਲ ਤਿਉਹਾਰ'', ਤਸਵੀਰਾਂ ਨੇ ਖਿੱਚਿਆ ਸਭ ਦਾ ਧਿਆਨ
Tuesday, Mar 26, 2024 - 11:27 AM (IST)
ਐਂਟਰਟੇਨਮੈਂਟ ਡੈਸਕ- 25 ਮਾਰਚ ਨੂੰ ਪੂਰਾ ਦੇਸ਼ ਹੋਲੀ ਦੇ ਰੰਗਾਂ 'ਚ ਰੰਗਿਆ ਹੋਇਆ ਨਜ਼ਰ ਆਇਆ। ਉਥੇ ਹੀ ਸੰਗੀਤ ਜਗਤ 'ਚ 'ਗੁਲਾਬੀ ਕੁਈਨ' ਦੇ ਨਾਂ ਨਾਲ ਮਸ਼ਹੂਰ ਹੋਈ ਜੈਸਮੀਨ ਸੈਂਡਲਸ ਨੇ ਬਹੁਤ ਖ਼ੂਬਸੂਰਤੀ ਨਾਲ ਹੋਲੀ ਦਾ ਤਿਉਹਾਰ ਸੈਲੀਬ੍ਰੇਟ ਕੀਤਾ। ਹਾਲ ਹੀ 'ਚ ਜੈਸਮੀਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਹੋਲੀ ਸੈਲੀਬ੍ਰੇਸ਼ਨ ਦੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਜੈਸਮੀਨ ਨੇ ਹੋਲੀ ਦਾ ਤਿਉਹਾਰ ਰੰਗਾਂ ਨਾਲ ਨਹੀਂ ਸਗੋਂ ਫੁੱਲਾਂ ਨਾਲ ਸੈਲੀਬ੍ਰੇਟ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਜੈਸਮੀਨ ਪਾਣੀ 'ਚ ਬੈਠੀ ਨਜ਼ਰ ਆ ਰਹੀ ਹੈ ਤੇ ਪਾਣੀ 'ਤੇ ਫੁੱਲ ਤਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ।
ਜੈਸਮੀਨ ਸੈਂਡਲਸ ਦਾ ਜਨਮ 4 ਸਤੰਬਰ 1990 ਨੂੰ ਜਲੰਧਰ, ਪੰਜਾਬ 'ਚ ਹੋਇਆ ਸੀ। ਜੈਸਮੀਨ ਸੈਂਡਲਸ ਇੱਕ ਪੰਜਾਬੀ ਗਾਇਕਾ ਹੈ, ਜਿਸ ਨੇ ਬਹੁਤ ਘੱਟ ਸਮੇਂ 'ਚ ਵੱਡੀ ਪ੍ਰਸਿੱਧੀ ਹਾਸਲ ਕੀਤੀ ਹੈ। ਦੱਸ ਦਈਏ ਕਿ ਜੈਸਮੀਨ ਸੈਂਡਲਸ ਸਟਾਕਟਨ, ਕੈਲੀਫੋਰਨੀਆ 'ਚ ਹੀ ਵੱਡੀ ਹੋਈ ਹੈ। ਜੈਸਮੀਨ ਸੈਂਡਲਸ ਨੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਗੀਤ 'ਮੁਸਕਾਨ' (2008) ਨਾਲ ਕੀਤੀ ਸੀ। ਉਨ੍ਹਾਂ ਦਾ ਇਹ ਗੀਤ ਕਾਫ਼ੀ ਹਿੱਟ ਰਿਹਾ।
ਸਾਲ 2014 'ਚ ਜੈਸਮੀਨ ਸੈਂਡਲਸ ਨੇ ਬਾਲੀਵੁੱਡ ਫ਼ਿਲਮ 'ਕਿੱਕ' ਲਈ ਗੀਤ 'ਯਾਰ ਨਾ ਮਿਲੇ' ਨਾਲ ਆਪਣੀ ਬਾਲੀਵੁੱਡ ਪਲੇਬੈਕ ਗਾਉਣ ਦਾ ਕਰੀਅਰ ਸ਼ੁਰੂ ਕੀਤਾ ਸੀ। ਜੈਸਮੀਨ ਸੈਂਡਲਸ ਦਾ ਗੀਤ 'ਯਾਰ ਨਾ ਮਿਲੇ' ਰਿਲੀਜ਼ ਹੁੰਦੇ ਹੀ ਵਾਇਰਲ ਹੋ ਗਿਆ ਸੀ ਅਤੇ ਚਾਰਟ 'ਚ ਇਹ ਗੀਤ ਚੋਟੀ 'ਤੇ ਆ ਗਿਆ। ਇਸ ਗੀਤ ਨਾਲ ਜੈਸਮੀਨ ਨੂੰ ਵੱਡੇ ਪੱਧਰ 'ਤੇ ਪ੍ਰਸਿੱਧੀ ਹਾਸਲ ਹੋਈ।