2021 ’ਚ ਦੁਨੀਆ ਨੂੰ ਅਲਵਿਦਾ ਆਖ ਗਏ ਇਹ ਪੰਜਾਬੀ ਸਿਤਾਰੇ, ਇੰਡਸਟਰੀ ਨੂੰ ਪਿਆ ਨਾ ਪੂਰਾ ਹੋਣ ਵਾਲਾ ਘਾਟਾ
Thursday, Dec 30, 2021 - 10:58 AM (IST)
ਚੰਡੀਗੜ੍ਹ (ਬਿਊਰੋ)– ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਲਈ ਉਤਾਰ-ਚੜ੍ਹਾਅ ਨਾਲ ਭਰਿਆ ਰਿਹਾ। ਜਿਥੇ ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਨੇ ਨਵੀਆਂ ਪੁਲਾਂਘਾਂ ਪੱਟੀਆਂ, ਉਥੇ ਦੁਨੀਆ ਤੋਂ ਅਜਿਹੇ ਸਿਤਾਰੇ ਰੁਕਸਤ ਹੋ ਗਏ, ਜਿਸ ਨਾਲ ਫ਼ਿਲਮ ਤੇ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਆਓ ਜਾਣਦੇ ਹਾਂ ਕਿਹੜੇ ਸਿਤਾਰੇ ਇਸ ਸਾਲ ਦੁਨੀਆ ਨੂੰ ਅਲਵਿਦਾ ਆਖ ਗਏ–
ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਨੇ ਇਕੋ ਪੋਸਟ ’ਚ ਘੇਰੇ ਮੰਤਰੀ ਤੇ ਪੁਲਸੀਏ, ਨਾਲ ਹੀ ਕੀਤੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ
ਨਰਿੰਦਰ ਚੰਚਲ
ਨਰਿੰਦਰ ਚੰਚਲ ਨੂੰ ਭਜਨ ਸਮਰਾਟ ਕਿਹਾ ਜਾਂਦਾ ਸੀ। ਲੰਮੀ ਬੀਮਾਰੀ ਤੋਂ ਬਾਅਦ ਨਰਿੰਦਰ ਚੰਚਲ ਨੇ ਦਿੱਲੀ ਦੇ ਅਪੋਲੋ ਹਸਪਤਾਲ ’ਚ ਆਖਰੀ ਸਾਹ ਲਏ। ਨਰਿੰਦਰ ਚੰਚਲ ਵਧਦੀ ਉਮਰ ਦੇ ਨਾਲ ਕਾਫ਼ੀ ਕਮਜ਼ੋਰ ਹੋ ਗਏ ਸਨ। ਮੌਤ ਦੇ 2 ਮਹੀਨੇ ਪਹਿਲਾਂ ਤੋਂ ਉਹ ਹਸਪਤਾਲ ’ਚ ਦਾਖ਼ਲ ਸਨ।
ਸਰਦੂਲ ਸਿਕੰਦਰ
ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਵੀ ਇਸ ਸਾਲ ਦੁਨੀਆ ਨੂੰ ਅਲਵਿਦਾ ਆਖ ਗਏ। ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਸਰਦੂਲ ਸਿਕੰਦਰ ਨੂੰ ਫੌਰਟਿਸ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਸਰਦੂਲ ਸਿਕੰਦਰ 60 ਸਾਲਾਂ ਦੇ ਸਨ।
ਬੀ. ਐੱਸ. ਨਾਰੰਗ
ਜਲੰਧਰ ਦੇ ਮਸ਼ਹੂਰ ਕਲਾਸੀਕਲ ਗਾਇਕ ਬੀ. ਐੱਸ. ਨਾਰੰਗ ਵੀ ਇਸ ਸਾਲ ਦੁਨੀਆ ਨੂੰ ਅਲਵਿਦਾ ਆਖ ਗਏ। ਉਨ੍ਹਾਂ ਨੂੰ ਸ਼ਾਸਤਰੀ ਸੰਗੀਤ ਦਾ ਉਸਤਾਦ ਕਿਹਾ ਜਾਂਦਾ ਸੀ। ਬੀ. ਐੱਸ. ਨਾਰੰਗ ਰਾਗ ਦਰਬਾਰੀ, ਮੇਘ ਤੇ ਮਿਆਂ ਕੀ ਮਲਹਾਰ ਦਾ ਡੂੰਘਾ ਗਿਆਨ ਰੱਖਦੇ ਸਨ। ਉਨ੍ਹਾਂ ਤੋਂ ਸੁਖਵਿੰਦਰ ਬਬਲੂ ਤੋਂ ਲੈ ਕੇ ਹੰਸ ਰਾਜ ਹੰਸ ਤੱਕ ਕਈ ਗਾਇਕਾਂ ਨੇ ਸੰਗੀਤ ਦੇ ਗੁਰ ਸਿੱਖੇ ਸਨ।
ਦਿਲਜਾਨ
ਪੰਜਾਬੀ ਗਾਇਕ ਦਿਲਜਾਨ ਦੀ ਇਸ ਸਾਲ ਸੜਕ ਹਾਦਸੇ ’ਚ ਮੌਤ ਹੋ ਗਈ। ਦਿਲਜਾਨ ਆਪਣੀ ਕਾਰ ਰਾਹੀਂ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਰਹੇ ਸਨ ਤੇ ਇਸ ਦੌਰਾਨ ਜੰਡਿਆਲਾ ਗੁਰੂ ਦੇ ਕੋਲ ਹਾਦਸਾ ਵਾਪਰ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦਿਲਜਾਨ ਕਰਤਾਰਪੁਰ ਦੇ ਰਹਿਣ ਵਾਲੇ ਸਨ।
ਸਤੀਸ਼ ਕੌਲ
ਉੱਘੇ ਪੰਜਾਬੀ ਅਦਾਕਾਰ ਸਤੀਸ਼ ਕੌਲ ਵੀ ਇਸ ਸਾਲ ਦੁਨੀਆ ਨੂੰ ਅਲਵਿਦਾ ਆਖ ਗਏ। ਉਨ੍ਹਾਂ ਨੇ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ’ਚ ਆਖਰੀ ਸਾਹ ਲਏ। ਸਤੀਸ਼ ਕੌਲ ਇਕ ਬਹੁਪੱਖੀ ਅਦਾਕਾਰ ਸਨ, ਜਿਨ੍ਹਾਂ ਨੇ ਪੰਜਾਬੀ ਸਿਨੇਮਾ, ਕਲਾ ਤੇ ਸੱਭਿਆਚਾਰ ਦੇ ਪ੍ਰਚਾਰ ’ਚ ਮਹੱਤਵਪੂਰਨ ਭੂਮਿਕਾ ਨਿਭਾਈ।
ਗਿੱਲ ਸੁਰਜੀਤ
ਪੰਜਾਬੀ ਸੰਗੀਤ ਜਗਤ ਦੇ 75 ਸਾਲਾ ਉੱਘੇ ਗੀਤਕਾਰ ਗਿੱਲ ਸੁਰਜੀਤ ਦਾ ਵੀ ਇਸ ਸਾਲ ਦਿਹਾਂਤ ਹੋ ਗਿਆ। ਮੌਤ ਤੋਂ ਪਹਿਲਾ ਉਹ ਕਾਫੀ ਸਮਾਂ ਬੀਮਾਰ ਰਹੇ ਸਨ। ਗਿੱਲ ਸੁਰਜੀਤ ਦੇ ਲਿਖੇ ਮਸ਼ਹੂਰ ਗੀਤ ‘ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ’ ਨੂੰ ਗਾਇਕ ਹਰਦੀਪ ਨੇ ਗਾਇਆ ਸੀ।
ਸੁਖਜਿੰਦਰ ਸ਼ੇਰਾ
ਪੰਜਾਬੀ ਫ਼ਿਲਮ ਇੰਡਸਟਰੀ ਨੂੰ ਬੁਰੀ ਖ਼ਬਰ ਉਦੋਂ ਮਿਲੀ, ਜਦੋਂ ਮਸ਼ਹੂਰ ਅਦਾਕਾਰ ਸੁਖਜਿੰਦਰ ਸ਼ੇਰਾ ਦਾ ਦਿਹਾਂਤ ਹੋ ਗਿਆ। ਉਹ ਅਦਾਕਾਰ ਹੋਣ ਦੇ ਨਾਲ-ਨਾਲ, ਲੇਖਕ ਤੇ ਡਾਇਰੈਕਟਰ ਵੀ ਸਨ। ਸੁਖਜਿੰਦਰ ਸ਼ੇਰਾ ਨੇ ਅਫ਼ਰੀਕੀ ਮੁਲਕ ਯੁਗਾਂਡਾ ਵਿਖੇ ਆਖ਼ਰੀ ਸਾਹ ਲਏ। ਸੁਖਜਿੰਦਰ ਸ਼ੇਰਾ ਯੁਗਾਂਡਾ ਆਪਣੇ ਇਕ ਦੋਸਤ ਕੋਲ ਗਏ ਸਨ ਤੇ ਉਥੇ ਉਹ ਬੀਮਾਰ ਹੋ ਗਏ।
ਗੁਰਚਰਨ ਚੰਨੀ
ਚੰਡੀਗੜ੍ਹ ਦੇ ਸੀਨੀਅਰ ਰੰਗਕਰਮੀ ਗੁਰਚਰਨ ਸਿੰਘ ਚੰਨੀ ਵੀ ਇਸ ਸਾਲ ਦੁਨੀਆ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦਾ ਦਿਹਾਂਤ ਕੋਰੋਨਾ ਵਾਇਰਸ ਦੀ ਲਪੇਟ ’ਚ ਆਉਣ ਕਾਰਨ ਹੋਇਆ। ਉਹ ਮੋਹਾਲੀ ਦੇ ਫੌਰਟਿਸ ਹਸਪਤਾਲ ’ਚ ਜੇਰੇ ਇਲਾਜ ਸਨ।
ਮਨਮੀਤ ਸਿੰਘ
ਪੰਜਾਬ ਦੇ ਰਹਿਣ ਵਾਲੇ ਸੂਫੀ ਗਾਇਕ ਜੋੜੀ ਸੈਨ ਬ੍ਰਦਰਸ ’ਚੋਂ ਮਨਮੀਤ ਸਿੰਘ ਦੀ ਇਸ ਸਾਲ ਹਿਮਾਚਲ ਪ੍ਰਦੇਸ਼ ’ਚ ਮੌਤ ਹੋ ਗਈ। ਮਨਮੀਤ ਸਿੰਘ ਧਰਮਸ਼ਾਲਾ ’ਚ ਬੱਦਲ ਫੱਟਣ ਦੀ ਘਟਨਾ ਤੋਂ ਬਾਅਦ ਲਾਪਤਾ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਲਾਸ਼ ਕਰੇਰੀ ਪਿੰਡ ਦੇ ਨਾਲ ਲੱਗਦੀ ਖੱਡ ਤੋਂ ਬਰਾਮਦ ਕੀਤੀ ਗਈ। ਮਨਮੀਤ ਸਿੰਘ ਪੰਜਾਬ ਦੇ ਛੇਹਰਟਾ ਦੇ ਰਹਿਣ ਵਾਲੇ ਸਨ।
ਗੁਰਮੀਤ ਬਾਵਾ
ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਇਸ ਸਾਲ ਦੁਨੀਆ ਨੂੰ ਅਲਵਿਦਾ ਆਖ ਗਏ। ਉਹ ਕਰੀਬ 77 ਵਰ੍ਹਿਆਂ ਦੇ ਸਨ ਤੇ ਕੁਝ ਸਮੇਂ ਤੋਂ ਬੀਮਾਰ ਸਨ। ਪੰਜਾਬੀ ਲੋਕ ਗਾਇਕੀ ’ਚ 45 ਸੈਕਿੰਡ ਦੀ ਹੇਕ ਲਗਾਉਣ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਂ ਹੈ। ਉਨ੍ਹਾਂ ਨੂੰ ਕਈ ਕੌਮੀ ਤੇ ਕੌਮਾਂਤਰੀ ਪੁਰਸਕਾਰ ਮਿਲੇ ਹਨ।
ਕਾਕਾ ਕੌਤਕੀ
ਪੰਜਾਬੀ ਫ਼ਿਲਮ ਅਦਾਕਾਰ ਕਾਕਾ ਕੌਤਕੀ ਦਾ ਵੀ ਇਸ ਸਾਲ ਦਿਹਾਂਤ ਹੋ ਗਿਆ। ਕਾਕਾ ਕੌਤਕੀ ਨੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ’ਚ ਕੰਮ ਕੀਤਾ ਸੀ। ਕਾਕਾ ਕੌਤਕੀ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਸੀ।
ਸੁਰਿੰਦਰ ਬਚਨ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਸੁਰਿੰਦਰ ਬਚਨ ਵੀ ਇਸ ਸਾਲ ਦੁਨੀਆ ਨੂੰ ਅਲਵਿਦਾ ਆਖ ਗਏ। ਮੌਤ ਤੋਂ ਇਕ ਹਫ਼ਤਾ ਪਹਿਲਾਂ ਉਨ੍ਹਾਂ ਨੇ ਸੁਰਿੰਦਰ ਕੌਰ ਨਾਲ ਖ਼ਾਸ ਪ੍ਰੋਗਰਾਮ ਸ਼ੂਟ ਕੀਤਾ ਸੀ। ਸੁਰਿੰਦਰ ਬਚਨ ਨੇ ਅਨੇਕਾਂ ਹਿੱਟ ਗੀਤਾਂ ਨੂੰ ਸੰਗੀਤ ਦਿੱਤਾ ਹੈ। ਉਹ ਅਜਿਹੇ ਮਿਊਜ਼ਿਕ ਡਾਇਰੈਕਟਰ ਹਨ, ਜਿਨ੍ਹਾਂ ਦੇ ਨਾਂ ਸਭ ਤੋਂ ਵੱਧ ਗੀਤ ਰਿਲੀਜ਼ ਕਰਨ ਦਾ ਰਿਕਾਰਡ ਦਰਜ ਹੈ। ਉਹ ਬੀ ਪਰਾਕ ਦੇ ਚਾਚਾ ਸਨ।
ਵਰਿੰਦਰ ਬਚਨ
ਬੀ ਪਰਾਕ ਦੇ ਚਾਚਾ ਸੁਰਿੰਦਰ ਬਚਨ ਤੋਂ ਬਾਅਦ ਉਨ੍ਹਾਂ ਦੇ ਪਿਤਾ ਵਰਿੰਦਰ ਬਚਨ ਦਾ ਵੀ ਇਸ ਸਾਲ ਦਿਹਾਂਤ ਹੋ ਗਿਆ। ਵਰਿੰਦਰ ਬਚਨ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।