ਅਮਰਿੰਦਰ ਗਿੱਲ ਕਿਸੇ ਵੇਲੇ ਕਰਦੇ ਸਨ ਬੈਂਕ 'ਚ ਨੌਕਰੀ, ਇਸ ਫ਼ਿਲਮ ਨਾਲ ਵੱਡੇ ਪਰਦੇ 'ਤੇ ਖ਼ੁਦ ਨੂੰ ਕੀਤਾ ਪੱਕੇ ਪੈਰੀਂ

Wednesday, Jul 24, 2024 - 11:18 AM (IST)

ਜਲੰਧਰ (ਬਿਊਰੋ) : ਪੰਜਾਬੀ ਸੰਗੀਤ ਹੋਵੇ ਜਾਂ ਫਿਰ ਸਿਨੇਮਾ, ਇੰਨ੍ਹਾਂ ਦੋਹਾਂ ਹੀ ਖ਼ੇਤਰਾਂ 'ਚ ਪੂਰੀ ਧੱਕ ਕਾਇਮ ਕਰਨ 'ਚ ਸਫ਼ਲ ਰਹੇ ਹਨ ਗਾਇਕ-ਅਦਾਕਾਰ ਅਮਰਿੰਦਰ ਗਿੱਲ, ਜੋ ਅੱਜ ਅਜਿਹੀ ਸ਼ਖਸੀਅਤ ਵਜੋਂ ਵੀ ਭੱਲ ਸਥਾਪਿਤ ਕਰ ਚੁੱਕੇ ਹਨ। ਸਰੋਤਿਆਂ ਅਤੇ ਦਰਸ਼ਕਾਂ ਦਾ ਭਰਪੂਰ ਪਿਆਰ-ਸਨੇਹ ਅਤੇ ਹੁੰਗਾਰਾ ਉਨ੍ਹਾਂ ਦੇ ਗੀਤਾਂ ਅਤੇ ਫ਼ਿਲਮਾਂ ਨੂੰ ਲਗਾਤਾਰ ਮਿਲ ਰਿਹਾ ਹੈ। ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਜ਼ਿਲ੍ਹੇ ਤਰਨਤਾਰਨ ਅਧੀਨ ਆਉਂਦੇ ਪਿੰਡ ਬੂੜਚੰਦ ਨਾਲ ਸੰਬੰਧਤ ਇਸ ਹੋਣਹਾਰ ਨੌਜਵਾਨ ਦਾ ਜਨਮ 11 ਮਈ 1976 ਨੂੰ ਸਾਧਾਰਨ ਜਿੰਮੀਦਾਰ ਪਰਿਵਾਰ 'ਚ ਹੋਇਆ, ਜਿਨ੍ਹਾਂ ਦੇ ਪਿਤਾ ਇੰਦਰਜੀਤ ਸਿੰਘ ਗਿੱਲ ਡਾਕਟਰ ਅਤੇ ਮਾਤਾ ਸ਼੍ਰੀਮਤੀ ਅਮਨੀਕ ਕੌਰ ਗਿੱਲ ਰਿਟਾ. ਅਧਿਆਪਕਾ ਵਜੋਂ ਅੱਜ ਵੀ ਇਲਾਕੇ-ਭਰ 'ਚ ਕਾਫ਼ੀ ਸਤਿਕਾਰੇ ਜਾਂਦੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਖਾਲਸਾ ਕਾਲਜ ਤੋਂ ਗ੍ਰੈਜੂਏਸ਼ਨ ਅਤੇ ਉਥੋਂ ਦੀ ਹੀ ਗੁਰੂ ਨਾਨਕ ਦੇਵ ਯੂਨਿਵਰਸਿਟੀ ਤੋਂ ਖੇਤੀਬਾੜੀ ਵਿਗਿਆਨ 'ਚ ਮਾਸਟਰਜ਼ ਕਰਨ ਵਾਲੇ ਇਹ ਪ੍ਰਤਿਭਾਸ਼ਾਲੀ ਗੱਭਰੂ ਕਾਲਜ ਦੀ ਭੰਗੜਾ ਟੀਮ ਦੇ ਸਿਰਮੌਰ ਮੈਂਬਰ ਵੀ ਰਹੇ ਹਨ, ਜਿਨ੍ਹਾਂ ਬੇਸ਼ੁਮਾਰ ਯੂਥ ਫੈਸਟੀਵਲ 'ਚ ਅਪਣੀਆਂ ਬਹੁ-ਆਯਾਮੀ ਕਲਾਵਾਂ ਦਾ ਲੋਹਾ ਮਨਵਾਉਣ ਦਾ ਮਾਣ ਵੀ ਹਾਸਲ ਕੀਤਾ।

PunjabKesari

ਬਚਪਨ ਸਮੇਂ ਤੋਂ ਹੀ ਗਾਇਨ ਅਤੇ ਐਕਟਿੰਗ ਵੱਲ ਚੇਟਕ ਰੱਖਣ ਵਾਲੇ ਅਮਰਿੰਦਰ ਗਿੱਲ ਤਰਨਤਾਰਨ ਸਾਹਿਬ ਅਤੇ ਫਿਰੋਜ਼ਪੁਰ ਇਲਾਕਿਆਂ 'ਚ ਬਤੌਰ ਬੈਂਕ ਮੈਨੇਜਰ ਵੀ ਸੇਵਾਵਾਂ ਨਿਭਾ ਚੁੱਕੇ ਹਨ, ਹਾਲਾਂਕਿ ਬਹੁ-ਪੱਖੀ ਕਲਾਵਾਂ ਦੇ ਧਨੀ ਇਸ ਮਾਣਮੱਤੇ ਨੌਜਵਾਨ ਦੇ ਮਨੀ ਵਲਵਲਿਆਂ ਨੂੰ ਸਤਿਕਾਰਿਤ ਇਹ ਸਰਕਾਰੀ ਨੌਕਰੀ ਵੀ ਜ਼ਿਆਦਾ ਸਮੇਂ ਤੱਕ ਠੱਲ੍ਹ ਨਹੀਂ ਪਾ ਸਕੀ ਅਤੇ ਆਖਰ ਇਧਰਲੇ ਪਾਸੋਂ ਰੁਖ਼ਸਤੀ ਲੈਂਦਿਆਂ ਉਨ੍ਹਾਂ 1998 ਦੇ ਵਰ੍ਹਿਆਂ ਦੌਰਾਨ ਗਾਇਕੀ ਖਿੱਤੇ 'ਚ ਪੂਰੀ ਤਰ੍ਹਾਂ ਨਿਤਰਣ ਦਾ ਫ਼ੈਸਲਾ ਕਰ ਲਿਆ। ਜਲੰਧਰ ਦੂਰਦਰਸ਼ਨ ਦੇ ਮਸ਼ਹੂਰ ਨਿਊਈਅਰ ਪ੍ਰੋਗਰਾਮ 'ਕਾਲਾ ਡੋਰੀਆ' 'ਚ ਉਨ੍ਹਾਂ ਨੂੰ ਅਪਣਾ ਪਹਿਲਾਂ ਗਾਣਾ 'ਸਾਨੂੰ ਇਸ਼ਕ ਹੋ ਗਿਆ' ਗਾਉਣ ਦਾ ਅਵਸਰ ਮਿਲਿਆ, ਜਿਸ ਨੂੰ ਮਿਲੀ ਮਣਾਂਮੂਹੀ ਪ੍ਰਸ਼ੰਸਾ ਬਾਅਦ ਉਨ੍ਹਾਂ ਸਾਲ 2002 ਅਪਣੀ ਪਹਿਲੀ ਐਲਬਮ 'ਇਕ ਵਾਦਾ' ਸਾਹਮਣੇ ਲਿਆਂਦੀ, ਜਿਸ ਦੇ ਗਾਣੇ 'ਪੈਗਾਮ' ਨੂੰ ਅਜਿਹੀ ਮਕਬੂਲੀਅਤ ਮਿਲੀ ਕਿ ਉਸ ਤੋਂ ਬਾਅਦ ਉਨਾਂ ਨੂੰ ਪਿੱਛੇ ਮੁੜ ਕੇ ਨਹੀਂ ਵੇਖਣਾ ਪਿਆ।

PunjabKesari

ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਅਪਣੀ ਨਾਯਾਬ ਗਾਇਕੀ ਦਾ ਲੋਹਾ ਮੰਨਵਾਉਣ ਵਾਲੇ ਅਮਰਿੰਦਰ ਗਿੱਲ ਦੀ ਫ਼ਿਲਮੀ ਸ਼ੁਰੂਆਤ ਸਾਲ 2009 'ਚ ਆਈ 'ਮੁੰਡੇ ਯੂ ਕੇ ਦੇ' ਨਾਲ ਹੋਈ, ਜਿਸ 'ਚ ਉਨ੍ਹਾਂ ਜਿੰਮੀ ਸ਼ੇਰਗਿੱਲ ਅਤੇ ਨੀਰੂ ਬਾਜਵਾ ਨਾਲ ਸਪੋਰਟਿੰਗ ਭੂਮਿਕਾ ਨਿਭਾਈ, ਜਿਸ ਸੰਬੰਧਤ ਰੋਲ ਨੂੰ ਮਿਲੀ ਸ਼ਾਨਦਾਰ ਦਰਸ਼ਕ ਪ੍ਰਤੀਕਿਰਿਆ ਬਾਅਦ ਅਜ਼ੀਮ ਨਿਰਦੇਸ਼ਕ ਮਨਮੋਹਨ ਸਿੰਘ ਦੀ ਪੰਜਾਬੀ ਫ਼ਿਲਮ 'ਇੱਕ ਕੁੜੀ ਪੰਜਾਬ ਦੀ' 'ਚ ਲੀਡ ਭੂਮਿਕਾ। ਇਸ ਤੋਂ ਬਾਅਦ ਉਨ੍ਹਾਂ ਬੇਸ਼ੁਮਾਰ ਫਿਲਮਾਂ ਵਿੱਚ ਲੀਡਿੰਗ ਭੂਮਿਕਾਵਾਂ ਨਿਭਾਈਆਂ, ਜਿੰਨ੍ਹਾਂ ਵਿੱਚ 'ਟੌਹਰ ਮਿੱਤਰਾਂ ਦੀ', 'ਤੂੰ ਮੇਰਾ ਬਾਈ ਮੈਂ ਤੇਰਾ ਬਾਈ', 'ਡੈਡੀ ਕੂਲ-ਮੁੰਡੇ ਫੂਲ' ਆਦਿ ਸ਼ਾਮਿਲ ਰਹੀਆਂ। ਸਾਲ 2014 'ਚ ਰਿਲੀਜ਼ ਹੋਈ 'ਗੋਰਿਆਂ ਨੂੰ ਦਫਾ ਕਰੋ' ਅਮਰਿੰਦਰ ਗਿੱਲ ਦੇ ਕਰੀਅਰ ਲਈ ਇੱਕ ਅਜਿਹਾ ਟਰਨਿੰਗ ਪੁਆਇੰਟ ਸਾਬਿਤ ਰਹੀ, ਜਿਸ ਨੇ ਜਿੱਥੇ ਉਨ੍ਹਾਂ ਨੂੰ ਸੁਪਰ ਸਟਾਰਜ਼ ਦੀ ਸ਼੍ਰੇਣੀ 'ਚ ਲਿਆ ਖੜਾ ਕੀਤਾ। ਉਨ੍ਹਾਂ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ 'ਰਿਦਮ ਬੁਆਏਜ਼' ਦਾ ਵੀ ਮੁੱਢ ਬੰਨ੍ਹਣ 'ਚ ਅਹਿਮ ਭੂਮਿਕਾ ਨਿਭਾਈ, ਜੋ ਅੱਜ ਉੱਚ-ਕੋਟੀ ਫ਼ਿਲਮ ਨਿਰਮਾਣ ਹਾਊਸ ਵਜੋਂ ਜਾਣਿਆ ਜਾਂਦਾ ਹੈ।

PunjabKesari

ਪਾਲੀਵੁੱਡ ਨੂੰ ਗਲੋਬਲੀ ਅਕਾਰ ਦੇਣ ਵਾਲੀਆਂ 'ਅੰਗਰੇਜ਼', 'ਲਵ ਪੰਜਾਬ', 'ਅਸ਼ਕੇ', 'ਚੱਲ ਮੇਰਾ ਪੁੱਤ', 'ਚੱਲ ਮੇਰਾ ਪੁੱਤ 2-3' , 'ਛੱਲਾ ਮੁੜ ਕੇ ਨੀ ਆਇਆ' ਦਾ ਬਤੌਰ ਲੀਡ ਐਕਟਰ ਸ਼ਾਨਦਾਰ ਹਿੱਸਾ ਰਹੇ ਅਮਰਿੰਦਰ ਗਿੱਲ ਦੀ ਇਸ ਗੱਲੋਂ ਵੀ ਪ੍ਰਸ਼ੰਸਾ ਕੀਤੀ ਜਾਣੀ ਬਣਦੀ ਹੈ ਕਿ ਬੇਲੋੜੀ ਸ਼ੋਸ਼ੇਬਾਜ਼ੀ ਤੋਂ ਮੂਲੋ ਹੀ ਪ੍ਰਹੇਜ਼ ਕਰਦਿਆਂ ਅਤੇ ਬਿਨ੍ਹਾਂ ਦਿਖਾਵੇਬਾਜ਼ੀ, ਪ੍ਰਮੋਸ਼ਨ ਕੀਤਿਆਂ ਹੀ ਅਪਣੀਆਂ ਫ਼ਿਲਮਾਂ ਅਤੇ ਗਾਣਿਆਂ ਨੂੰ ਸਾਹਮਣੇ ਲਿਆ ਧਰਦੇ ਹਨ। ਇਸ ਦੇ ਬਾਵਜੂਦ ਦਰਸ਼ਕਾਂ ਅਤੇ ਸਰੋਤਿਆ ਵੱਲੋਂ ਇੰਨਾਂ ਪ੍ਰੋਜੈਕਟਸ ਚਾਹੇ ਉਹ ਫ਼ਿਲਮ ਹੋਵੇ ਜਾਂ ਫਿਰ ਗਾਣਾ ਆਦਿ ਦਾ ਭਰਪੂਰ ਇਸਤਕਬਾਲ ਹਰ ਵਾਰ ਚਾਵਾਂ ਮਲਾਰਾ ਨਾਲ ਕੀਤਾ ਜਾਂਦਾ ਹੈ।

PunjabKesari

ਉੱਚ-ਕੋਟੀ ਦਾ ਦਰਜਾ ਹਾਸਲ ਕਰਨ ਬਾਅਦ ਵੀ ਨਿਮਰਤਾ ਦਾ ਪੁੰਜ ਮੰਨੇ ਜਾਂਦੇ ਅਤੇ ਫੋਕੀ ਹੈਂਕੜਬਾਜ਼ੀ ਤੋਂ ਕੋਹਾਂ ਦੂਰ ਰਹਿਣ ਵਾਲੇ ਅਮਰਿੰਦਰ ਗਿੱਲ ਅਪਣੀ ਨਵੀਂ ਅਤੇ ਮਿਆਰੀ ਪੰਜਾਬੀ ਫ਼ਿਲਮ 'ਦਾਰੂ ਨਾ ਪੀਂਦਾ ਹੋਵੇ' ਲੈ ਕੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਦੇ ਬੀਤੇ ਦਿਨੀਂ ਜਾਰੀ ਹੋ ਚੁੱਕੇ ਟਰੇਲਰ ਨੂੰ ਚਾਰੇ-ਪਾਸੇ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


sunita

Content Editor

Related News