ਹੜ੍ਹ ਪੀੜਤਾਂ ਲਈ ਮਦਦ ਲਈ ਕਰਨ ਔਜਲਾ ਦੀ ਭਾਵੁਕ ਅਪੀਲ: 'ਦੁੱਖ ਹੁਣ ਵੀ ਓਨਾ ਹੀ ਹੈ...'
Friday, Oct 24, 2025 - 01:57 PM (IST)
ਐਂਟਰਟੇਨਮੈਂਟ ਡੈਸਕ- ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਚੱਲ ਰਹੇ ਰਾਹਤ ਕਾਰਜਾਂ ਦੌਰਾਨ ਲੋਕਾਂ ਨੂੰ ਹੋਰ ਮਦਦ ਲਈ ਅੱਗੇ ਆਉਣ ਦੀ ਭਾਵੁਕ ਅਪੀਲ ਕੀਤੀ ਹੈ। 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲ ਕਰਦਿਆਂ ਔਜਲਾ ਨੇ ਕਿਹਾ ਕਿ ਲੋਕਾਂ ਦੀਆਂ ਲੋੜਾਂ ਨੂੰ ਨੇੜਿਓਂ ਦੇਖਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਕਿੰਨੀ ਜ਼ਿਆਦਾ ਮਦਦ ਦੀ ਲੋੜ ਹੈ।
ਇਹ ਵੀ ਪੜ੍ਹੋ- ਅਚਾਨਕ ਵਿਗੜ ਗਈ ਮਸ਼ਹੂਰ ਅਦਾਕਾਰਾ ਦੀ ਸਿਹਤ ! ਲਿਜਾਣਾ ਪਿਆ ਹਸਪਤਾਲ, ਤਸਵੀਰਾਂ ਨੇ ਵਧਾਈ ਫੈਨਜ਼ ਦੀ ਚਿੰਤਾ
ਲੋੜੀਂਦੇ ਹਨ ਹੋਰ ਵਲੰਟੀਅਰ: ਕਰਨ ਔਜਲਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਸਮੇਂ ਵਲੰਟੀਅਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਨੇ ਦੱਸਿਆ ਕਿ ਜਿਹੜੇ ਵਲੰਟੀਅਰ ਪਹਿਲਾਂ ਤੋਂ ਹੀ ਕੰਮ ਕਰ ਰਹੇ ਹਨ, ਉਨ੍ਹਾਂ ਵਿੱਚੋਂ ਕਈਆਂ ਨੇ ਤਾਂ ਦੀਵਾਲੀ ਵੀ ਆਪਣੇ ਘਰ ਜਾ ਕੇ ਨਹੀਂ ਮਨਾਈ। ਉਨ੍ਹਾਂ ਦੇ ਵੀ ਪਰਿਵਾਰ ਅਤੇ ਨਿੱਜੀ ਕੰਮ ਹਨ, ਪਰ ਉਹ ਲਗਾਤਾਰ ਡਿਊਟੀ ਦੇ ਰਹੇ ਹਨ। ਔਜਲਾ ਨੇ ਇਸ ਸੇਵਾ ਨੂੰ ਵਿਸ਼ੇਸ਼ ਦੱਸਦੇ ਹੋਏ ਕਿਹਾ, "ਜਿਹੜੀ ਇਹ ਡਿਊਟੀ ਰੱਬ ਨੇ ਲਾਈ ਆ ਨਾ ਇਹ ਕਿਸੇ ਕਿਸੇ ਦੇ ਬਾਈ ਕਰਮਾਂ ਚ ਹੀ ਆਉਂਦੀ ਆ"।
ਇਹ ਵੀ ਪੜ੍ਹੋ-ਮਿਊਜ਼ਿਕ ਇੰਡਸਟਰੀ 'ਚ ਇਕ ਵਾਰ ਫਿਰ ਛਾਇਆ ਮਾਤਮ, ਹਾਰਟ ਅਟੈਕ ਨਾਲ ਹੋਈ ਮਸ਼ਹੂਰ Singer ਦੀ ਮੌਤ
ਦੁੱਖ ਪਹਿਲਾਂ ਜਿੰਨਾ ਹੀ ਬਰਕਰਾਰ: ਆਪਣੀ ਅਪੀਲ ਵਿੱਚ ਗਾਇਕ ਨੇ ਲੋਕਾਂ ਨੂੰ ਯਾਦ ਕਰਵਾਇਆ ਕਿ ਜਿਵੇਂ ਪਹਿਲੀ ਵਾਰੀ ਹੜ੍ਹਾਂ ਕਾਰਨ ਦੁੱਖ ਲੱਗਿਆ ਸੀ, ਦੁੱਖ ਹੁਣ ਵੀ ਓਨਾ ਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਪਹਿਲਾਂ ਜਿੰਨੇ ਲੋਕ ਦੁਬਾਰਾ ਮਦਦ ਲਈ ਆ ਸਕਦੇ ਹਨ ਤਾਂ ਕੰਮ ਵਧੀਆ ਹੋ ਜਾਵੇਗਾ।
ਉਨ੍ਹਾਂ ਦਾ ਮੁੱਖ ਉਦੇਸ਼ ਇਹ ਹੈ ਕਿ ਰਾਹਤ ਕਾਰਜ ਜਲਦੀ ਨਿੱਬੜੇ, ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਚੈਨ ਦੀ ਨੀਂਦ ਸੌਣ ਦਾ ਮੌਕਾ ਮਿਲ ਸਕੇ। ਕਰਨ ਔਜਲਾ ਅਤੇ ਰਾਹਤ ਕਾਰਜਾਂ ਵਿੱਚ ਲੱਗੀ ਸਮੁੱਚੀ ਟੀਮ ਨੂੰ ਉਮੀਦ ਹੈ ਕਿ ਪ੍ਰਮਾਤਮਾ ਸਭਨਾਂ ਦੇ ਪਰਿਵਾਰਾਂ ਦਾ ਸੁੱਖ ਰੱਖੇ ਅਤੇ ਇਹ ਕਾਰਜ ਜਲਦੀ ਹੀ ਸਿਰੇ ਚੜ੍ਹ ਜਾਵੇਗਾ।
