''ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ'' ਦੇ ਸੀਜ਼ਨ 4 ਦੀ ਪਹਿਲੀ ਮਹਿਮਾਨ ਬਣੇਗੀ ਪ੍ਰਿਅੰਕਾ ਚੋਪੜਾ
Tuesday, Dec 16, 2025 - 05:04 PM (IST)
ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਆਗਾਮੀ ਸੀਜ਼ਨ 4 ਦੀ ਪਹਿਲੀ ਮਹਿਮਾਨ ਹੋਵੇਗੀ। ਇਹ ਨਵਾਂ ਸੀਜ਼ਨ 20 ਦਸੰਬਰ ਨੂੰ ਨੈੱਟਫਲਿਕਸ 'ਤੇ ਸਟ੍ਰੀਮ ਹੋਵੇਗਾ।
ਕਪਿਲ ਅਤੇ ਪ੍ਰਿਅੰਕਾ ਦੀ ਮਜ਼ੇਦਾਰ ਕੈਮਿਸਟਰੀ
ਕਪਿਲ ਸ਼ਰਮਾ ਦੇ ਪਿਛਲੇ ਕਾਮੇਡੀ ਸ਼ੋਅਜ਼ ਵਿੱਚ ਵੀ ਕਪਿਲ ਅਤੇ ਪ੍ਰਿਅੰਕਾ ਦੀ ਆਨ-ਸੈੱਟ ਕੈਮਿਸਟਰੀ ਦਰਸ਼ਕਾਂ ਲਈ ਹਾਸੇ-ਮਜ਼ਾਕ ਦਾ ਭਰਪੂਰ ਤਜਰਬਾ ਬਣਦੀ ਰਹੀ ਹੈ, ਜਿਸ ਵਿੱਚ ਦੋਵਾਂ ਨੇ ਮਜ਼ੇਦਾਰ ਗਤੀਵਿਧੀਆਂ ਕੀਤੀਆਂ ਹਨ। ਨੈੱਟਫਲਿਕਸ ਇੰਡੀਆ ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦਾ ਨਵਾਂ ਪੋਸਟਰ ਜਾਰੀ ਕੀਤਾ, ਜਿਸ ਵਿਚ ਕਪਿਲ ਸ਼ਰਮਾ ਅਤੇ ਪ੍ਰਿਅੰਕਾ ਚੋਪੜਾ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਲਿਖਿਆ, "ਜਦੋਂ ਦੇਸੀ ਗਰਲ ਆਉਂਦੀ ਹੈ, ਤਾਂ ਚੀਜ਼ਾਂ ਬਹੁਤ ਮਜ਼ੇਦਾਰ ਹੋ ਜਾਂਦੀਆਂ ਹਨ। 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਨਵੇਂ ਸੀਜ਼ਨ ਦਾ ਪ੍ਰੀਮੀਅਰ ਐਪੀਸੋਡ ਦੇਖੋ, 20 ਦਸੰਬਰ ਤੋਂ ਰਾਤ 8 ਵਜੇ, ਸਿਰਫ਼ ਨੈੱਟਫਲਿਕਸ 'ਤੇ"।

ਨਵੇਂ ਅਵਤਾਰ
ਇਸ ਨਵੇਂ ਸੀਜ਼ਨ ਵਿੱਚ ਕਪਿਲ ਸ਼ਰਮਾ ਕਈ ਨਵੇਂ ਕਿਰਦਾਰਾਂ ਵਿੱਚ ਨਜ਼ਰ ਆਉਣਗੇ, ਜਿਸ ਵਿੱਚ GenZ ਬਾਬਾ ਅਤੇ ਤਾਊ ਜੀ ਤੋਂ ਲੈ ਕੇ ਰਾਜਾ ਅਤੇ ਮੰਤਰੀ ਜੀ ਤੱਕ ਸ਼ਾਮਲ ਹਨ, ਜੋ ਹਰ ਉਮਰ ਵਰਗ ਲਈ ਤਿਆਰ ਕੀਤੇ ਗਏ ਹਨ। ਕਪਿਲ ਸ਼ਰਮਾ ਨੇ ਨਵੇਂ ਸੀਜ਼ਨ ਅਤੇ ਆਪਣੇ ਨਵੇਂ ਅਵਤਾਰਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਹਰ ਵਾਰ ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਸਭ ਕੁਝ ਕਰ ਲਿਆ ਹੈ, ਤਾਂ ਦਰਸ਼ਕਾਂ ਦਾ ਪਿਆਰ ਅਤੇ ਉਨ੍ਹਾਂ ਦੀਆਂ ਉਮੀਦਾਂ ਉਨ੍ਹਾਂ ਨੂੰ ਕੁਝ ਨਵਾਂ ਕਰਨ ਦਾ ਰਾਹ ਦਿਖਾਉਂਦੀਆਂ ਹਨ। ਉਨ੍ਹਾਂ ਨੇ ਕਿਹਾ, "ਤੁਹਾਡੇ ਲਈ ਕਾਮੇਡੀ ਦੇ ਉਹ ਸਾਰੇ ਅਵਤਾਰ ਲੈ ਕੇ ਆ ਰਿਹਾ ਹਾਂ ਨੈੱਟਫਲਿਕਸ 'ਤੇ, ਸੀਜ਼ਨ 4 ਵਿੱਚ... ਜੋ ਹੋਵੇਗਾ ਕਾਮੇਡੀ ਦੇ ਯੂਨੀਵਰਸ ਦਾ ਮਲਟੀਵਰਸ ਯਾਨੀ ਮਸਤੀਵਰਸ!"
ਸ਼ੋਅ ਵਿੱਚ ਕਪਿਲ ਦਾ 'ਪਰਿਵਾਰ'
ਕਪਿਲ ਦੀ ਕਾਮੇਡੀ ਦੇ ਇਸ ਮਹਾਨ ਪ੍ਰੋਗਰਾਮ ਵਿੱਚ ਉਨ੍ਹਾਂ ਦੇ ਪਿਆਰੇ 'ਪਰਿਵਾਰ' ਦੇ ਮੈਂਬਰ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਦਰਸ਼ਕ ਹਰ ਸੀਜ਼ਨ ਵਿੱਚ ਦੇਖਣਾ ਪਸੰਦ ਕਰਦੇ ਹਨ। ਇਸ ਵਿੱਚ ਸੁਨੀਲ ਗਰੋਵਰ, ਕ੍ਰਿਸ਼ਨਾ ਅਭਿਸ਼ੇਕ, ਅਤੇ ਕਿਕੂ ਸ਼ਾਰਦਾ ਸ਼ਾਮਲ ਹਨ। ਇਸ ਤੋਂ ਇਲਾਵਾ, ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਅਤੇ ਅਦਾਕਾਰਾ ਅਰਚਨਾ ਪੂਰਨ ਸਿੰਘ ਵੀ ਕਪਿਲ ਸ਼ਰਮਾ ਦੇ "ਮਸਤੀਵਰਸ" ਵਿੱਚ ਸ਼ਾਮਲ ਹੋਣ ਲਈ ਤਿਆਰ ਹਨ। ਨਵੇਂ ਸੀਜ਼ਨ ਵਿੱਚ ਮਹਿਮਾਨਾਂ ਦੀ ਸੂਚੀ ਕਾਫ਼ੀ ਰੋਮਾਂਚਕ ਹੋਣ ਦੀ ਉਮੀਦ ਹੈ, ਜਿਸ ਵਿੱਚ ਵਰਲਡ ਕੱਪ ਚੈਂਪੀਅਨ ਅਤੇ ਗਲੋਬਲ ਸੁਪਰਸਟਾਰ, Gen Z ਆਈਕਨ, ਅਤੇ ਭੋਜਪੁਰੀ ਸਿਤਾਰੇ ਅਤੇ ਬਹੁਤ ਕੁੱਝ ਸ਼ਾਮਲ ਹੈ।
