ਗਿੱਪੀ ਗਰੇਵਾਲ ਦੀ ਫ਼ਿਲਮ ਦੇ ਟੀਜ਼ਰ ਨੇ ਫੈਨਜ਼ ਦੇ ਦਿਲਾਂ 'ਤੇ ਛੱਡੀ ਵੱਖਰੀ ਛਾਪ
Sunday, Jan 05, 2025 - 12:58 PM (IST)
ਜਲੰਧਰ- ਗਿੱਪੀ ਗਰੇਵਾਲ ਅੱਜ ਕਿਸੇ ਵੀ ਪਛਾਣ ਦੇ ਮੋਹਤਾਜ ਨਹੀਂ ਹਨ। ਉਸ ਨੇ ਪਾਲੀਵੁੱਡ ਇੰਡਸਟਰੀ ਨੂੰ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਅਤੇ ਗੀਤ ਦਿੱਤੇ ਹਨ। ਉਸ ਦੇ ਗੀਤਾਂ ਨੂੰ ਫੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਹਾਲ ਹੀ 'ਚ ਗਿੱਪੀ ਗਰੇਵਾਲ ਇਸ ਸਮੇਂ ਆਪਣੀ ਫਿਲਮ 'ਅਕਾਲ' ਦੇ ਟੀਜ਼ਰ ਕਾਰਨ ਕਾਫੀ ਚਰਚਾ ਬਟੋਰ ਰਹੇ ਹਨ। ਟੀਜ਼ਰ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ 'ਚ ਅਦਾਕਾਰ ਦਾ ਡੈਸ਼ਿੰਗ ਅਵਤਾਰ ਨਜ਼ਰ ਆ ਰਿਹਾ ਹੈ। ਉਹ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ। ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਵਲੋਂ ਲਿਖੀ ਗਈ ਹੈ ਤੇ ਇਸ ਨੂੰ ਡਾਇਰੈਕਟ ਵੀ ਖ਼ੁਦ ਗਿੱਪੀ ਗਰੇਵਾਲ ਨੇ ਹੀ ਕੀਤਾ ਹੈ। ਇਸ ਫ਼ਿਲਮ ਦੀ ਸਿਨੇਮਾਟੋਗ੍ਰਾਫੀ ਬਲਜੀਤ ਸਿੰਘ ਦਿਓ ਵਲੋਂ ਕੀਤੀ ਗਈ ਹੈ, ਜੋ ਪਹਿਲਾਂ ਵੀ ਆਪਣੇ ਕੰਮ ਲਈ ਸਰਾਹੇ ਜਾਂਦੇ ਰਹੇ ਹਨ। ਫ਼ਿਲਮ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤੀ ਗਈ ਹੈ, ਜਦਕਿ ਭਾਣਾ ਐੱਲ. ਏ. ਫ਼ਿਲਮ ਦੇ ਕੋ-ਪ੍ਰੋਡਿਊਸਰ ਹਨ। ਫ਼ਿਲਮ ਦੁਨੀਆ ਭਰ ’ਚ 10 ਅਪ੍ਰੈਲ, 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜੋ ਪੰਜਾਬੀਆਂ ਦੇ ਵਿਸਾਖੀ ਵੀਕੈਂਡ ਨੂੰ ਹੋਰ ਵੀ ਸ਼ਾਨਦਾਰ ਬਣਾ ਦੇਵੇਗੀ।
ਇਹ ਵੀ ਪੜ੍ਹੋ-BDay SPL:ਅੱਜ ਹੈ ਬਾਲੀਵੁੱਡ ਦੀ ਖੂਬਸੂਰਤ ਹਸੀਨਾ ਦੀਪਿਕਾ ਪਾਦੂਕੋਣ ਦਾ ਜਨਮਦਿਨ
ਫ਼ਿਲਮ ਦੇ ਟੀਜ਼ਰ ’ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਨਿਮਰਤ ਖਹਿਰਾ, ਪ੍ਰਿੰਸ ਕੰਵਲਜੀਤ ਸਿੰਘ, ਨਿਕੀਤਨ ਧੀਰ, ਮੀਤਾ ਵਸ਼ਿਸ਼ਟ, ਸ਼ਿੰਦਾ ਗਰੇਵਾਲ ਤੇ ਭਾਣਾ ਐੱਲ. ਏ. ਦੀ ਵੱਖਰੀ ਲੁੱਕ ਵੀ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਦੇ ਨਾਲ ਏਕਮ ਗਰੇਵਾਲ ਤੇ ਜੱਗੀ ਸਿੰਘ ਵੀ ਅਹਿਮ ਕਿਰਦਾਰ ਨਿਭਾਅ ਰਹੇ ਹਨ। ਟੀਜ਼ਰ ਦੇਖ ਕੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਫ਼ਿਲਮ ’ਚ ਕਿਰਦਾਰਾਂ ਦੇ ਕਾਸਟਿਊਮ ਡਿਜ਼ਾਈਨ ’ਤੇ ਵੀ ਖ਼ਾਸ ਕੰਮ ਕੀਤਾ ਗਿਆ ਹੈ। ਫ਼ਿਲਮ ਨੂੰ ਗਰੈਂਡ ਬਣਾਉਣ ਲਈ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਮਿਊਜ਼ਿਕ ਡਾਇਰੈਕਟਰ ਸ਼ੰਕਰ ਅਹਿਸਾਨ ਲੋਏ ਨੇ ਇਸ ਦਾ ਸੰਗੀਤ ਤਿਆਰ ਕੀਤਾ ਹੈ, ਜਿਹੜਾ ਟੀਜ਼ਰ ਨੂੰ ਹੋਰ ਸੋਹਣਾ ਬਣਾ ਰਿਹਾ ਹੈ।
ਟੀਜ਼ਰ ਦੇਖ ਕੇ- ਕੀ ਬੋਲੇ ਪ੍ਰਸ਼ੰਸਕ
ਹੁਣ ਜੇਕਰ ਟੀਜ਼ਰ ਬਾਰੇ ਗੱਲ ਕਰੀਏ ਤਾਂ ਟੀਜ਼ਰ ਇਸ ਸਮੇਂ ਸ਼ੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ। ਟੀਜ਼ਰ ਨੂੰ ਲੈ ਕੇ ਸਭ ਆਪਣੀਆਂ ਆਪਣੀਆਂ ਭਾਵਨਾਵਾਂ ਵਿਅਕਤ ਕਰ ਰਹੇ ਹਨ, ਇੱਕ ਨੇ ਲਿਖਿਆ, 'ਇਸ ਵਾਰ ਵਿਸਾਖੀ ਤੋਂ ਪਹਿਲਾਂ ਸਿਨੇਮਾ ਵਿੱਚ ਵੀ ਵਿਸਾਖੀ ਦਾ ਮੇਲਾ ਦਿਖੇਗਾ।' ਇੱਕ ਹੋਰ ਨੇ ਲਿਖਿਆ, 'ਤੁਹਾਡਾ ਬਹੁਤ-ਬਹੁਤ ਧੰਨਵਾਦ ਆਪਣੇ ਇਤਿਹਾਸ ਉਤੇ ਫਿਲਮ ਬਣਾਉਣ ਲਈ।' ਇੱਕ ਹੋਰ ਨੇ ਲਿਖਿਆ, 'ਬਾਈ ਜੀ ਨਜ਼ਾਰਾ ਲਿਆ ਦਿੱਤਾ, ਹੁਣ ਤਾਂ ਬੇਸਬਰੀ ਨਾਲ ਇੰਤਜ਼ਾਰ ਹੈ ਮੂਵੀ ਦਾ ਸਾਡੀ ਮਾਂ ਬੋਲੀ 'ਚ ਸਾਡੇ ਵਿਰਸੇ ਦੀ ਸਾਡੇ ਇਤਹਾਸ ਦੀ ਫਿਲਮ ਦੇਖਣ ਨੂੰ ਮਿਲੂ, ਉਹ ਵੀ ਐਕਸ਼ਨ ਵਾਲੀ ਜ਼ਬਰਦਸਤ, ਧੰਨਵਾਦ ਜੀ ਸਾਡੇ ਲਈ ਤੁਸੀਂ ਕੁਝ ਵਧੀਆ ਲੈ ਕੇ ਆਏ।' ਇਸ ਦੇ ਨਾਲ ਹੀ ਹੋਰ ਵੀ ਬਹੁਤ ਸਾਰੇ ਸਰੋਤੇ ਇਸੇ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8