ਰਾਜਨੀਤੀਵਾਨਾਂ, ਧਾਰਮਿਕ ਪ੍ਰਚਾਰਕਾਂ, ਪ੍ਰਸ਼ੰਸਕਾਂ ਨੇ ਯਾਦ ਕਰਕੇ ਦਿੱਤੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ
Thursday, May 30, 2024 - 10:18 AM (IST)
ਮਾਨਸਾ (ਸੰਦੀਪ ਮਿੱਤਲ) - ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ’ਤੇ ਪਰਿਵਾਰ ਵੱਲੋਂ ਇਕ ਬਰਸੀ ਸਮਾਗਮ ਆਯੋਜਿਤ ਕਰਨ ਤੋਂ ਇਲਾਵਾ ਵੱਖ-ਵੱਖ ਥਾਵਾਂ ’ਤੇ ਉਸ ਦੇ ਸ਼ਰਧਾਂਜਲੀ ਸਮਾਗਮ ਅਤੇ ਕਈ ਥਾਵਾਂ ’ਤੇ ਠੰਢੇ ਪਾਣੀ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ। ਧਾਰਮਿਕ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਟਵੀਟ ਕਰ ਕੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ 2 ਸਾਲ ਮੂਸੇਵਾਲਾ ਨੂੰ ਚਲੇ ਗਏ ਨੂੰ ਹੋ ਗਏ ਪਰ ਉਸ ਦੀ ਜਗ੍ਹਾ ਕੋਈ ਹੋਰ ਨਹੀਂ ਲੈ ਸਕਦਾ। ਉਨ੍ਹਾਂ ਕਿਹਾ ਕਿ ਜੁਗਨੂੰ ਰਲ ਕੇ ਵੀ ਸੂਰਜ ਦਾ ਮੁਕਾਬਲਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਮੂਸੇਵਾਲਾ ਨੇਕ ਦਿਲ, ਮਿਲਣਸਾਰ ਵਿਅਕਤੀ ਸੀ ਅਤੇ ਚਾਪਲੂਸੀ, ਚਲਾਕੀ ਉਸ ਦੇ ਨੇੜੇ-ਤੇੜੇ ਵੀ ਨਹੀਂ ਸੀ। ਮੂਸੇਵਾਲਾ ਦੇ ਜਾਣ ਦਾ ਘਾਟਾ ਕਦੇ ਵੀ ਕਿਸੇ ਵੀ ਤਰੀਕੇ ਨਾਲ ਨਹੀਂ ਪੂਰਿਆ ਜਾ ਸਕਦਾ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਦੀ ਬਰਸੀ 'ਤੇ ਚਰਨਜੀਤ ਚੰਨੀ ਨੇ ਪਾਈ ਪੋਸਟ, ਕਿਹਾ ਪੰਜਾਬ ਦੇ ਹੀਰੇ ਪੁੱਤ ਲਈ ਜਾਰੀ ਰੱਖਾਂਗੇ ਸੰਘਰਸ਼
ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰ ਕੇ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਮੂਸੇਵਾਲਾ ਬੇਸ਼ੱਕ ਇਸ ਦੁਨੀਆ ਤੇ ਸਰੀਰਕ ਤੌਰ ’ਤੇ ਨਹੀਂ ਪਰ ਉਸ ਦੀ ਯਾਦ, ਉਸ ਦੀ ਆਵਾਜ਼ ਹਮੇਸ਼ਾ ਸਾਡੇ ਵਿਚ ਬਣੀ ਰਹੇਗੀ। ਗੀਤਾਂ ਰਾਹੀਂ ਅਸੀਂ ਉਸ ਦੀ ਆਵਾਜ਼ ਤੋਂ ਮੂਸੇਵਾਲਾ ਨੂੰ ਆਪਣੇ ਅੰਦਰ ਮਹਿਸੂਸ ਕਰਦੇ ਰਹਾਂਗੇ। ਇਸ ਤੋਂ ਇਲਾਵਾ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਵੀ ਟਵੀਟ ਕਰ ਕੇ ਆਪਣੇ ਪੁੱਤਰ ਨੂੰ ਯਾਦ ਕੀਤਾ ਅਤੇ ਕਿਹਾ ਕਿ ਰੂਹਾਂ ਵਿਚ ਵਸਦੇ ਪੁੱਤ ਸਦਾ ਮਾਪਿਆਂ ਦੀ ਧੜਕਣ ਬਣ ਕੇ ਜਿਉਂਦੇ ਰਹਿਣਗੇ। ਉਨ੍ਹਾਂ ਲਿਖਿਆ ਕਿ ਮੇਰਾ ਪੁੱਤ ਆਵਾਜ਼ ਪੱਖੋਂ ਕਦੇ ਵੀ ਅਲਵਿਦਾ ਨਹੀਂ ਕਹੇਗਾ। ਉਸ ਦੀ ਆਵਾਜ਼ ਜਿਉਂਦੀ ਹੈ ਅਤੇ ਘਰ ’ਚ ਛੋਟੇ ਸ਼ੁੱਭਦੀਪ ਦੇ ਆਉਣ ਨਾਲ ਮੇਰਾ ਪੁੱਤ ਵੀ ਮੁੜ ਘਰ ਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮਰਹੂਮ ਸਿੱਧੂ ਨੂੰ ਯਾਦ ਕਰ ਭਾਵੁਕ ਹੋਈ ਸੋਨਮ ਬਾਜਵਾ, ਲਿਖਿਆ- ਜਸਟਿਸ ਇਕ ਧੁੰਦਲੀ ਉਮੀਦ ਬਣ ਗਿਆ
ਉਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦਿਆਂ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ’ਤੇ ਸਿੱਧੂ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਦੋਵੇਂ ਬੈਠੇ ਹੱਸਦੇ ਹੋਏ ਨਜ਼ਰ ਆ ਰਹੇ ਹਨ। ਨਾਲ ਹੀ ਚੰਨੀ ਨੇ ਇਕ ਹੋਰ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਸਿੱਧੂ ਦੀ ਤਸਵੀਰ ਹੱਥ ’ਚ ਫੜ੍ਹ ਕੇ ਉਸ ਲਈ ਇਨਸਾਫ ਮੰਗਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕੈਪਸ਼ਨ ’ਚ ਲਿਖਿਆ ਹੈ, ਪੰਜਾਬ ਦੇ ਹੀਰੇ ਵਰਗੇ ਪੁੱਤ ਸਿੱਧੂ ਮੂਸੇਵਾਲਾ ਦੀ ਅੱਜ ਦੂਜੀ ਬਰਸੀ ਹੈ ਪਰ 2 ਸਾਲ ਬੀਤਣ ’ਤੇ ਵੀ ਉਸ ਦੇ ਕਾਤਲਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਪਰ ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਲੜਾਈ ਅਸੀਂ ਜਾਰੀ ਰੱਖਾਂਗੇ ਅਤੇ ਸਮਾਂ ਆਉਣ ’ਤੇ ਇਸ ਦਾ ਇਨਸਾਫ ਅਸੀਂ ਜ਼ਰੂਰ ਕਰਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।