ਸਲਮਾਨ ਨੂੰ ਧਮਕੀ ਮਿਲਣ ਤੋਂ ਬਾਅਦ ਐਕਸ਼ਨ ਮੋਡ 'ਚ ਪੁਲਸ, ਜ਼ਬਤ ਕੀਤੇ 200 ਤੋਂ ਵਧ CCTV ਫੁਟੇਜ਼
Tuesday, Jun 07, 2022 - 10:46 AM (IST)
ਮੁੰਬਈ- ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਧਮਕੀ ਮਿਲਣ ਤੋਂ ਬਾਅਦ ਤੋਂ ਹੀ ਮੁੰਬਈ ਪੁਲਸ ਐਕਸ਼ਨ ਮੋਡ 'ਚ ਹੈ। ਪੁਲਸ ਨੇ ਅਦਾਕਾਰ ਦੇ ਘਰ 'ਗਲੈਕਸੀ ਅਪਾਰਟਮੈਂਟ' ਦੀ ਸੁਰੱਖਿਆ ਨੂੰ ਵਧਾ ਦਿੱਤਾ ਹੈ।
ਪੁਲਸ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਧਮਕੀ ਮਾਮਲੇ 'ਚ ਚਾਰ ਲੋਕਾਂ ਦੀ ਸਟੇਟਮੈਂਟ ਨੂੰ ਰਿਕਾਰਡ ਕਰ ਲਿਆ ਗਿਆ ਹੈ, ਇਸ 'ਚ ਸਲਮਾਨ ਦੇ ਪਿਤਾ ਸਲੀਮ ਖਾਨ ਵੀ ਸ਼ਾਮਲ ਹਨ। ਪੁਲਸ ਨੇ ਇਸ ਮਾਮਲੇ 'ਚ ਸਲਮਾਨ ਖਾਨ ਦਾ ਬਿਆਨ ਵੀ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਪੁਲਸ ਨੇ ਸਲਮਾਨ ਦੇ ਦੋਵਾਂ ਭਰਾਵਾਂ ਸੋਹੇਲ ਅਤੇ ਅਰਬਾਜ਼ ਖਾਨ ਦੇ ਬਿਆਨ ਵੀ ਦਰਜ ਕੀਤੇ ਹਨ।
ਇਸ ਤੋਂ ਇਲਾਵਾ ਮੁੰਬਈ ਪੁਲਸ ਨੇ ਆਲੇ-ਦੁਆਲੇ ਦੇ ਇਲਾਕਿਆਂ ਦੀ ਸੀ.ਸੀ.ਟੀ.ਵੀ. ਫੁਟੇਜ਼ ਇਕੱਠੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੰਬਈ ਪੁਲਸ ਨੇ ਹੁਣ ਤੱਕ ਕੁੱਲ 200 ਤੋਂ ਜ਼ਿਆਦਾ ਸੀ.ਸੀ.ਟੀ.ਵੀ. ਫੁਟੇਜ਼ ਜ਼ਬਤ ਕੀਤੇ ਹਨ। ਇਸ ਦੇ ਨਾਲ ਹੀ ਧਮਕੀ ਭਰੇ ਲੈਟਰ 'ਚ ਕੁਝ ਕੋਡ ਵਰਡ ਵੀ ਲਿਖੇ ਹਨ, ਜਿਨ੍ਹਾਂ ਦੀ ਜਾਂਚ 'ਚ ਮੁੰਬਈ ਪੁਲਸ ਜੁਟੀ ਹੈ।
ਐਤਵਾਰ ਨੂੰ ਜਦੋਂ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਘੁੰਮਣ ਗਏ ਸਨ ਉਦੋਂ ਉਨ੍ਹਾਂ ਨੂੰ ਸਵੇਰੇ 8 ਵਜੇ ਇਕ ਧਮਕੀ ਭਰੀ ਚਿੱਠੀ ਮਿਲੀ ਸੀ। ਇਹ ਚਿੱਠੀ ਉਸ ਟੇਬਲ 'ਤੇ ਰੱਖੀ ਹੋਈ ਸੀ, ਜਿਥੇ ਉਹ ਟਹਿਲਣ ਤੋਂ ਬਾਅਦ ਬੈਠਿਆ ਕਰਦੇ ਹਨ। ਇਸ ਚਿੱਠੀ 'ਚ ਸਲਮਾਨ ਖਾਨ ਦਾ ਹਾਲ ਹੀ 'ਚ ਗਾਇਕ ਸਿੱਧੂ ਮੂਸੇਵਾਲਾ ਵਰਗਾ ਕਰ ਦੇਣ ਦੀ ਗੱਲ ਲਿਖੀ ਸੀ। ਇੰਨਾ ਹੀ ਨਹੀਂ, ਇਸ ਚਿੱਠੀ 'ਚ ਜੀ ਬੀ ਅਤੇ ਐੱਲ ਬੀ ਵੀ ਲਿਖਿਆ ਹੋਇਆ ਸੀ। ਅਜਿਹੇ 'ਚ ਹੁਣ ਪੁਲਸ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਚਿੱਠੀ ਦਾ ਕਲੈਕਸ਼ਨ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨਾਲ ਹੈ।
ਹਾਲ ਹੀ 'ਚ ਗਾਇਕ ਮੂਸੇਵਾਲਾ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ ਗਿਆ, ਜਿਸ 'ਚ ਲਾਰੈਂਸ ਬਿਸ਼ਨੋਈ ਗੈਂਗ ਅਤੇ ਉਸ ਦੇ ਕੈਨੇਡਾ 'ਚ ਬੈਠੇ ਦੋਸਤ ਗੋਲਡੀ ਬਰਾੜ ਦਾ ਹੱਥ ਸਾਹਮਣੇ ਆਇਆ ਹੈ। ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਉਨ੍ਹਾਂ ਦਾ ਪਿੰਡ ਮੂਸਾ ਦੇ ਬਾਹਰ ਕੁਝ ਹੀ ਦੂਰੀ 'ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।