ਮੂਸੇ ਵਾਲਾ ਦੇ ਪਰਿਵਾਰ ਨੂੰ ਮਿਲੇ ਇਨਸਾਫ, ਜਾਂਚ ਤੇਜ਼ ਕਰਨ ਲਈ ਪੰਜਾਬੀ ਫ਼ਿਲਮ ਇੰਡਸਟਰੀ ਨੇ ਲਿਖੀ ਸਰਕਾਰ ਨੂੰ ਚਿੱਠੀ
Wednesday, Jul 13, 2022 - 03:54 PM (IST)
ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ ਪੰਜਾਬੀ ਫ਼ਿਲਮ ਤੇ ਟੀ. ਵੀ. ਆਰਟਿਸਟ ਐਸੋਸੀਏਸ਼ਨ ਦੀ ਮੀਟਿੰਗ ਹੋਈ। ਇਸ ਮੀਟਿੰਗ ’ਚ ਇਕੱਠੇ ਹੋਏ ਕਲਾਕਾਰਾਂ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਕਿ ਉਹ ਸ਼ੁਭਦੀਪ ਸਿੰਘ ਸਿੱਧੂ ਦੇ ਮਾਪਿਆਂ ਨੂੰ ਛੇਤੀ ਇਨਸਾਫ ਦਿਵਾਉਣ ਤੇ ਪੰਜਾਬ ’ਚ ਨਿਰਾਸ਼ਾ ਦਾ ਆਲਮ ਖ਼ਤਮ ਕਰਕੇ ਇਕ ਸੁਖਾਵਾਂ ਮਾਹੌਲ ਬਣਾਇਆ ਜਾਵੇ।
ਇਸ ਮੌਕੇ ਬੋਲਦਿਆਂ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਬਹੁਤ ਵੱਡਾ ਦੁਖਾਂਤ ਪੰਜਾਬ ’ਚ ਵਾਪਰਿਆ ਹੈ। ਪੰਜਾਬ ਦੇ ਲੋਕਾਂ ਨੂੰ ਇਹ ਸਦਮਾ ਇਕੱਲਿਆਂ ਨੂੰ ਨਹੀਂ ਲੱਗਾ। ਪੂਰੇ ਦੇਸ਼ ਤੇ ਸੰਸਾਰ ’ਚ ਜਿਥੇ-ਜਿਥੇ ਉਸ ਨੂੰ ਚਾਹੁਣ ਵਾਲੇ ਬੈਠੇ ਸਨ, ਉਨ੍ਹਾਂ ਸਾਰਿਆਂ ਨੂੰ ਸਦਮਾ ਲੱਗਾ ਹੈ। ਲੋਕਾਂ ਨੂੰ ਅਜੇ ਲੱਗ ਰਿਹਾ ਹੈ ਕਿ ਇਸ ਪਿੱਛੇ ਜੋ ਲੋਕ ਸਨ, ਉਨ੍ਹਾਂ ਤਕ ਅਜੇ ਪਹੁੰਚਿਆ ਨਹੀਂ ਜਾ ਸਕਿਆ। ਉਸ ਦੇ ਪਰਿਵਾਰ, ਉਸ ਦੇ ਚਾਹੁਣ ਵਾਲਿਆਂ ਨੂੰ ਇਨਸਾਫ ਨਹੀਂ ਮਿਲ ਸਕਿਆ। ਇਸ ਲਈ ਪੰਜਾਬੀ ਫ਼ਿਲਮ ਤੇ ਟੀ. ਵੀ. ਆਰਟਿਸਟ ਐਸੋਸੀਏਸ਼ਨ ਸਰਕਾਰ ਨੂੰ ਗੁਹਾਰ ਲਗਾ ਰਹੀ ਹੈ ਕਿ ਜਿੰਨੀ ਤੇਜ਼ੀ ਨਾਲ ਕੰਮ ਹੋ ਸਕਦਾ ਹੈ, ਉਸ ਨੂੰ ਕਰਕੇ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਜਾਵੇ ਕਿ ਜੇ ਕੋਈ ਇਸ ਤਰ੍ਹਾਂ ਦਾ ਘਟਨਾਕ੍ਰਮ ਹੋਇਆ ਹੈ ਤਾਂ ਸਰਕਾਰ ਉਸ ਨੂੰ ਸਿੱਟੇ ਤਕ ਲੈ ਕੇ ਗਈ ਹੈ ਤੇ ਉਸ ਦੇ ਪਰਿਵਾਰ ਨੂੰ ਕਿਤੇ ਨਾ ਕਿਤੇ ਸਕੂਨ ਮਿਲਿਆ ਹੈ।
ਇਹ ਖ਼ਬਰ ਵੀ ਪੜ੍ਹੋ : ਜੇਲ ਬੈਠਾ ਲਾਰੈਂਸ ਬਿਸ਼ਨੋਈ ਬਣਾ ਰਿਹਾ ਸਲਮਾਨ ਖ਼ਾਨ ਨੂੰ ਮਾਰਨ ਦਾ ਪਲਾਨ! ਕਿਹਾ- ‘ਲੋਕਾਂ ਸਾਹਮਣੇ ਮੁਆਫ਼ੀ ਮੰਗੇ’
ਇਸ ਮੌਕੇ ਨਿਰਮਲ ਰਿਸ਼ੀ ਨੇ ਕਿਹਾ ਕਿ ਸਿੱਧੂ ਹਮੇਸ਼ਾ ਉਨ੍ਹਾਂ ਦੇ ਦਿਲਾਂ ’ਚ ਵੱਸਦਾ ਰਹੇਗਾ। ਸਾਰੇ ਕਲਾਕਾਰਾਂ ਨੇ ਇਸ ਮੌਕੇ ਮੌਨ ਧਾਰ ਕੇ ਸਿੱਧੂ ਤੇ ਫ਼ਿਲਮ ਅਦਾਕਾਰ ਡਾ. ਸੁਰਿੰਦਰ ਸ਼ਰਮਾ ਨੂੰ ਸ਼ਰਧਾਂਜਲੀ ਦਿੱਤੀ।
ਦੱਸ ਦੇਈਏ ਕਿ ਇਸ ਮੌਕੇ ਪਾਰਟੀ ਦੇ ਨਵੇਂ ਮੈਂਬਰਾਂ ਦੀ ਚੋਣ ਵੀ ਕੀਤੀ ਗਈ ਹੈ। ਗੁੱਗੂ ਗਿੱਲ ਨੂੰ ਚੇਅਰਮੈਨ, ਨਿਰਮਲ ਰਿਸ਼ੀ ਨੂੰ ਸਰਪ੍ਰਸਤ, ਕਰਮਜੀਤ ਅਨਮੋਲ ਨੂੰ ਪ੍ਰਧਾਨ, ਸ਼ਵਿੰਦਰ ਮਾਹਲ ਤੇ ਦੇਵ ਖਰੌੜ ਨੂੰ ਮੀਤ ਪ੍ਰਦਾਨ, ਮਲਕੀਤ ਸਿੰਘ ਰੌਣੀ ਨੂੰ ਜਨਰਲ ਸਕੱਤਰ ਤੇ ਭਾਰਤ ਭੂਸ਼ਣ ਵਰਮਾ ਨੂੰ ਖਜ਼ਾਨਚੀ ਚੁਣਿਆ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।