ਪੰਜਾਬੀ ਫ਼ਿਲਮ ਇੰਡਸਟਰੀ ’ਤੇ ਗੈਂਗਸਟਰਾਂ ਦਾ ਸਾਇਆ, ਪਰਮੀਸ਼ ਵਰਮਾ ਤੇ ਗਿੱਪੀ ਗਰੇਵਾਲ ’ਤੇ ਵੀ ਹੋ ਚੁੱਕੈ ਹਮਲਾ
Monday, May 30, 2022 - 12:38 PM (IST)

ਮੁੰਬਈ- ਦੁਨੀਆ ਭਰ 'ਚ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਪਿੱਛੇ ਫਿਰੌਤੀ ਦੇ ਐਂਗਲ 'ਤੇ ਵੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮੇਸ਼ਾ ਹੀ ਪੰਜਾਬੀ ਫਿਲਮ ਇੰਡਸਟਰੀ ਅਤੇ ਗਾਇਕ ਕਲਾਕਾਰਾਂ ਨੂੰ ਗੈਂਗਸਟਰਾਂ ਵਲੋਂ ਫਿਰੌਤੀ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਤੋਂ ਪਹਿਲੇ ਪਰਮੀਸ਼ ਵਰਮਾ 'ਤੇ ਵੀ ਅਜਿਹਾ ਹੀ ਹਮਲਾ ਹੋ ਚੁੱਕਾ ਹੈ।
ਕਲਾਕਾਰਾ ਨੂੰ ਮਿਲਣ ਵਾਲੀ ਫਿਰੌਤੀ ਲਈ ਧਮਕੀਆਂ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਪੁਲਸ ਵਲੋਂ ਉਨ੍ਹਾਂ ਨੂੰ ਸਕਿਓਰਿਟੀ ਮੁਹੱਈਆ ਕਰਵਾਈ ਜਾਂਦੀ ਰਹੀ ਹੈ। ਇਸ ਤੋਂ ਇਲਾਵਾ ਗਾਇਕ ਅਤੇ ਕਲਾਕਾਰ ਆਪਣੇ ਪੱਧਰ 'ਤੇ ਨਿੱਜੀ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਰੱਖਦੇ ਸਨ। 2 ਦਿਨ ਪਹਿਲੇ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ 'ਚ ਲੱਗੇ 4 'ਚੋਂ 2 ਪੁਲਸ ਮੁਲਾਜ਼ਮਾਂ ਨੂੰ ਸੂਬਾ ਸਰਕਾਰ ਵਲੋਂ ਵਾਪਸ ਬੁਲਾ ਲਿਆ ਗਿਆ ਸੀ ਅਤੇ ਜੋ 2 ਸੁਰੱਖਿਆਕਰਮੀ ਸਿੱਧੂ ਦੇ ਕੋਲ ਬਚੇ ਸਨ, ਘਟਨਾ ਦੇ ਸਮੇਂ ਉਹ ਵੀ ਨਾਲ ਨਹੀਂ ਸਨ।
ਪਰਮੀਸ਼ ਅਤੇ ਗਿੱਪੀ 'ਤੇ ਵੀ ਹੋਇਆ ਸੀ ਹਮਲਾ
2018 ਦੀ ਅਪ੍ਰੈਲ ਮਹੀਨੇ ਦੇ ਦੌਰਾਨ ਹੀ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ 'ਤੇ ਵੀ ਗੋਲੀਆਂ ਚਲਾਈਆਂ ਗਈਆਂ ਸਨ ਜਿਸ 'ਚ ਪਰਮੀਸ਼ ਵਰਮਾ ਵਾਲ-ਵਾਲ ਬਚ ਗਏ ਸਨ। ਹਮਲੇ ਦੇ ਕੁੱਝ ਦਿਨ ਬਾਅਦ ਹੀ ਪਰਮੀਸ਼ ਵਰਮਾ ਨੇ ਖੁਲਾਸਾ ਕੀਤਾ ਸੀ ਕਿ ਉਸ ਤੋਂ ਫਿਰੌਤੀ ਦੇ ਤੌਰ 'ਤੇ 50 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ, ਨਾ ਦੇਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਡਰਾਉਣ ਲਈ ਉਕਤ ਹਮਲਾ ਕੀਤਾ ਗਿਆ ਸੀ। ਇਸ ਘਟਨਾ ਦੇ ਕੁਝ ਹੀ ਦਿਨ ਬਾਅਦ 2018 'ਚ ਹੀ ਪੰਜਾਬੀ ਗਾਇਕ ਅਤੇ ਮਸ਼ਹੂਰ ਫਿਲਮੀਂ ਕਲਾਕਾਰ ਗਿੱਪੀ ਗਰੇਵਾਲ ਨੂੰ ਵੀ ਗੈਂਗਸਟਰਾਂ ਵਲੋਂ ਫਿਰੌਤੀ ਦੇ ਲਈ ਧਮਕਾਇਆ ਗਿਆ ਸੀ।
ਮਹੀਨਾ ਭਰ ਪਹਿਲੇ ਹੀ ਮੋਹਾਲੀ ਪੁਲਸ ਵਲੋਂ ਇਕ ਪੰਜਾਬੀ ਗਾਇਕ ਹਰਬੀਰ ਸਿੰਘ ਸੋਹਲ ਨੂੰ ਫਿਰੌਤੀ ਦੇ ਗਿਰੋਹ 'ਚ ਸ਼ਾਮਲ ਹੋਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਤੋਂ ਨਾਲ ਸਿਰਫ ਹਿੰਦੂਸਤਾਨੀ ਸਗੋਂ ਚਾਈਨੀਜ਼ ਹਥਿਆਰ ਵੀ ਬਰਾਮਦ ਹੋਏ ਸਨ। ਪੰਜਾਬ ਪੁਲਸ ਸਿੱਧੂ ਮੂਸੇਵਾਲ ਦੀ ਹੱਤਿਆ ਦੇ ਮਾਮਲੇ 'ਚ ਇਸ ਐਂਗਲ ਤੋਂ ਵੀ ਜਾਂਚ 'ਚ ਜੁੱਟ ਗਈ ਹੈ ਅਤੇ ਛੇਤੀ ਹੀ ਹੱਤਿਆ ਦੇ ਪਿੱਛੇ ਦੇ ਕਾਰਨਾਂ ਦਾ ਵੀ ਖੁਲਾਸਾ ਕੀਤਾ ਜਾ ਸਕਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਦੱਸੋ।