ਸਮ੍ਰਿਤੀ ਮੰਧਾਨਾ ਦੇ ਦੋਸਤ 'ਤੇ ਪਲਾਸ਼ ਮੁੱਛਲ ਦਾ ਵੱਡਾ ਪਲਟਵਾਰ, ਠੋਕਿਆ 10 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ
Sunday, Jan 25, 2026 - 11:24 AM (IST)
ਮੁੰਬਈ - ਸਟਾਰ ਕ੍ਰਿਕਟਰ ਸਮ੍ਰਿਤੀ ਮੰਧਾਨਾ ਅਤੇ ਮਿਊਜ਼ਿਕ ਕੰਪੋਜ਼ਰ ਪਲਾਸ਼ ਮੁੱਛਲ ਵਿਚਕਾਰ ਟੁੱਟੀ ਮੰਗਣੀ ਦਾ ਵਿਵਾਦ ਹੁਣ ਇਕ ਗੰਭੀਰ ਕਾਨੂੰਨੀ ਲੜਾਈ ਦਾ ਰੂਪ ਧਾਰਨ ਕਰ ਗਿਆ ਹੈ। ਲਗਭਗ ਦੋ ਮਹੀਨੇ ਪਹਿਲਾਂ ਇਸ ਜੋੜੀ ਦਾ ਰਿਸ਼ਤਾ ਟੁੱਟਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ, ਪਰ ਹੁਣ ਪਲਾਸ਼ ਮੁੱਛਲ ਨੇ ਸਖ਼ਤ ਕਾਰਵਾਈ ਕਰਦੇ ਹੋਏ ਮੰਧਾਨਾ ਦੇ ਦੋਸਤ 'ਤੇ 10 ਕਰੋੜ ਰੁਪਏ ਦਾ ਮਾਣਹਾਨੀ ਦਾ ਨੋਟਿਸ ਭੇਜ ਦਿੱਤਾ ਹੈ।

ਸਮ੍ਰਿਤੀ ਮੰਧਾਨਾ ਦੇ ਬਚਪਨ ਦੇ ਦੋਸਤ ਅਤੇ ਮਰਾਠੀ ਫਿਲਮ ਇੰਡਸਟਰੀ ਦੇ ਅਦਾਕਾਰ-ਨਿਰਮਾਤਾ ਵਿਗਿਆਨ ਮਾਨੇ ਨੇ ਪਲਾਸ਼ 'ਤੇ ਕਈ ਸਨਸਨੀਖੇਜ਼ ਦੋਸ਼ ਲਗਾਏ ਸਨ। ਮਾਨੇ ਦਾ ਦਾਅਵਾ ਸੀ ਕਿ ਪਲਾਸ਼ ਨੂੰ ਕਿਸੇ ਦੂਜੀ ਔਰਤ ਨਾਲ 'ਰੰਗੇ ਹੱਥੀਂ' ਫੜਿਆ ਗਿਆ ਸੀ, ਜਿਸ ਤੋਂ ਬਾਅਦ ਮੰਧਾਨਾ ਪਰਿਵਾਰ ਨੇ ਇਹ ਵਿਆਹ ਤੋੜਨ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ, ਮਾਨੇ ਨੇ ਇਹ ਵੀ ਇਲਜ਼ਾਮ ਲਾਇਆ ਕਿ ਪਲਾਸ਼ ਨੇ ਇਕ ਫਿਲਮ ਦੇ ਨਾਮ 'ਤੇ ਉਨ੍ਹਾਂ ਨਾਲ 40 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਪੁਲਸ ਕੋਲ ਵੀ ਦਰਜ ਕਰਵਾਈ ਸੀ।

ਇਨ੍ਹਾਂ ਇਲਜ਼ਾਮਾਂ 'ਤੇ ਚੁੱਪੀ ਤੋੜਦਿਆਂ ਪਲਾਸ਼ ਮੁੱਛਲ ਨੇ ਸ਼ਨੀਵਾਰ ਨੂੰ ਇੰਸਟਾਗ੍ਰਾਮ ਰਾਹੀਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਵਿਗਿਆਨ ਮਾਨੇ ਨੂੰ 10 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ ਹੈ। ਪਲਾਸ਼ ਦੇ ਵਕੀਲ ਅਨੁਸਾਰ, ਇਹ ਦੋਸ਼ ਪੂਰੀ ਤਰ੍ਹਾਂ ਝੂਠੇ, ਬੇਬੁਨਿਆਦ ਅਤੇ ਪਲਾਸ਼ ਦੀ ਸ਼ਖਸੀਅਤ ਨੂੰ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਵਿਚ ਡੇਗਣ ਲਈ ਇੱਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹਨ।
ਸੋਸ਼ਲ ਮੀਡੀਆ 'ਤੇ ਛਿੜੀ ਜੰਗ
ਇਸ ਖੁਲਾਸੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸਮ੍ਰਿਤੀ ਮੰਧਾਨਾ ਅਤੇ ਪਲਾਸ਼ ਦੇ ਪ੍ਰਸ਼ੰਸਕਾਂ ਵਿਚਕਾਰ ਬਹਿਸ ਤੇਜ਼ ਹੋ ਗਈ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਹਨ ਕਿ ਕੀ ਵਿਗਿਆਨ ਮਾਨੇ ਅਦਾਲਤ ਵਿੱਚ ਆਪਣੇ ਦਾਵਿਆਂ ਦੇ ਹੱਕ ਵਿੱਚ ਕੋਈ ਪੁਖ਼ਤਾ ਸਬੂਤ ਪੇਸ਼ ਕਰ ਸਕਣਗੇ ਜਾਂ ਪਲਾਸ਼ ਦਾ ਇਹ ਕਾਨੂੰਨੀ ਕਦਮ ਉਨ੍ਹਾਂ ਦੀਆਂ ਮੁਸ਼ਕਲਾਂ ਵਧਾਏਗਾ।
