Israel-Iran ਜੰਗ ਵਿਚਾਲੇ ਦੁਬਈ 'ਚ ਫਸਿਆ ਅਦਾਕਾਰ KRK ਦਾ ਪਰਿਵਾਰ, ਸੋਸ਼ਲ ਮੀਡੀਆ 'ਤੇ ਫੋਟੋ ਸਾਂਝੀ ਕਰ ਮੰਗੀ ਸਲਾਮਤੀ
Sunday, Mar 01, 2026 - 10:54 AM (IST)
ਨਵੀਂ ਦਿੱਲੀ - ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧ ਰਹੇ ਤਣਾਅ ਅਤੇ ਜਾਰੀ ਹਮਲਿਆਂ ਕਾਰਨ ਖਾੜੀ ਦੇਸ਼ਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਜੰਗੀ ਸਥਿਤੀ ਦਾ ਅਸਰ ਹੁਣ ਆਮ ਲੋਕਾਂ ਦੇ ਨਾਲ-ਨਾਲ ਫ਼ਿਲਮੀ ਸਿਤਾਰਿਆਂ ਦੇ ਪਰਿਵਾਰਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਬਾਲੀਵੁੱਡ ਅਦਾਕਾਰ ਅਤੇ ਫ਼ਿਲਮ ਆਲੋਚਕ ਕਮਾਲ ਆਰ ਖਾਨ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦਾ ਪਰਿਵਾਰ ਇਸ ਸਮੇਂ ਦੁਬਈ 'ਚ ਫਸਿਆ ਹੋਇਆ ਹੈ।ਕੇਆਰਕੇ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) 'ਤੇ ਆਪਣੀ ਪਤਨੀ ਅਤੇ ਬੱਚਿਆਂ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਕਾਰਨ ਉਨ੍ਹਾਂ ਦੀ ਪਤਨੀ ਅਤੇ ਬੱਚੇ ਦੁਬਈ ਗਏ ਹੋਏ ਸਨ। ਕੇਆਰਕੇ ਨੇ ਕੈਪਸ਼ਨ ਵਿੱਚ ਲਿਖਿਆ, "ਰਮਜ਼ਾਨ ਕਾਰਨ ਮੇਰੀ ਪਤਨੀ ਅਤੇ ਬੱਚੇ ਦੁਬਈ 'ਚ ਹਨ। ਭਗਵਾਨ ਉਨ੍ਹਾਂ ਦੀ ਰੱਖਿਆ ਕਰੇ।"
ਸੂਤਰਾਂ ਅਨੁਸਾਰ ਕੇਆਰਕੇ ਦੀ ਪਤਨੀ ਦਾ ਨਾਂ ਅਨੀਤਾ ਕੁਮਾਰ ਹੈ, ਜਿਨ੍ਹਾਂ ਨੂੰ ਆਇਸ਼ਾ ਕਮਾਲ ਖਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਦੋ ਬੱਚੇ ਹਨ - ਬੇਟਾ ਫੈਸਲ ਕਮਾਲ ਖਾਨ ਅਤੇ ਬੇਟੀ ਫਰਾਹ ਕਮਾਲ ਖਾਨ। ਕੇਆਰਕੇ ਮੁਤਾਬਕ ਉਨ੍ਹਾਂ ਦੀ ਪਤਨੀ ਕਾਫੀ ਪੜ੍ਹੀ-ਲਿਖੀ ਹੈ ਅਤੇ ਬੱਚਿਆਂ ਦੀ ਉੱਚ ਸਿੱਖਿਆ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਮਿਜ਼ਾਈਲ ਜੰਗ ਕਾਰਨ ਮੱਧ ਪੂਰਬ 'ਚ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ, ਜਿਸ 'ਚ ਦੁਬਈ ਵੀ ਸ਼ਾਮਲ ਹੈ। ਸਿਰਫ਼ ਕੇਆਰਕੇ ਹੀ ਨਹੀਂ, ਸਗੋਂ ਅਦਾਕਾਰਾ ਸੋਨਲ ਚੌਹਾਨ ਵੀ ਇਸ ਸਮੇਂ ਦੁਬਈ 'ਚ ਫਸੀ ਹੋਈ ਹੈ। ਸੋਨਲ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ 'ਚ ਮਦਦ ਕੀਤੀ ਜਾਵੇ।
ਭਾਰਤ ਸਰਕਾਰ ਵੀ ਖਾੜੀ ਦੇਸ਼ਾਂ 'ਚ ਮੌਜੂਦ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਕਿਉਂਕਿ ਇਨ੍ਹਾਂ ਹਮਲਿਆਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਨੇ ਉੱਥੇ ਰਹਿਣ ਵਾਲੇ ਲੋਕਾਂ ਦੇ ਪਰਿਵਾਰਾਂ 'ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
