‘ਪਾਣੀ ’ਚ ਮਧਾਣੀ’ ਟਰੇਲਰ : 80 ਦੇ ਦਹਾਕੇ ਦਾ ਉੱਭਰਦਾ ਗਾਇਕ ਬਣਿਆ ਗਿੱਪੀ ਗਰੇਵਾਲ (ਵੀਡੀਓ)

10/14/2021 11:08:59 AM

ਚੰਡੀਗੜ੍ਹ (ਬਿਊਰੋ)– ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਪਾਣੀ ’ਚ ਮਧਾਣੀ’ ਦਾ ਟਰੇਲਰ ਅੱਜ ਰਿਲੀਜ਼ ਹੋ ਗਿਆ ਹੈ। 4 ਨਵੰਬਰ ਯਾਨੀ ਕਿ ਦੀਵਾਲੀ ਮੌਕੇ ਰਿਲੀਜ਼ ਹੋਣ ਜਾ ਰਹੀ ਇਸ ਮਲਟੀ ਸਟਾਰਰ ਫ਼ਿਲਮ ’ਚ ਗਿੱਪੀ ਗਰੇਵਾਲ ਅਹਿਮ ਭੂਮਿਕਾ ਨਿਭਾਅ ਰਹੇ ਹਨ। ਟਰੇਲਰ ਤੋਂ ਪਤਾ ਲੱਗਦਾ ਹੈ ਕਿ ਗਿੱਪੀ ਗਰੇਵਾਲ ‘ਗੁੱਲੀ’ ਨਾਂ ਦੇ ਮੁੰਡੇ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਪੰਜਾਬ ਦਾ ਉੱਭਰਦਾ ਗਾਇਕ ਹੈ।

ਇਸ ਫ਼ਿਲਮ ’ਚ ਨੀਰੂ ਬਾਜਵਾ ਗਿੱਪੀ ਗਰੇਵਾਲ ਦੇ ਆਪੋਜ਼ਿਟ ਨਜ਼ਰ ਆ ਰਹੀ ਹੈ। ਗਿੱਪੀ ਤੇ ਨੀਰੂ ਲਗਭਗ 10 ਸਾਲਾਂ ਬਾਅਦ ਇਕੱਠੇ ਕਿਸੇ ਫ਼ਿਲਮ ’ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸਾਨੂੰ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਇਫਤਿਖ਼ਾਰ ਠਾਕੁਰ, ਹਾਰਬੀ ਸੰਘਾ, ਰੁਪਿੰਦਰ ਰੁਪੀ, ਸ਼ਿਵਮ ਸ਼ਰਮਾ, ਹਨੀ ਮੱਟੂ ਤੇ ਪਰਵੀਨ ਆਵਾਰਾ ਵੀ ਅਦਾਕਾਰੀ ਦੇ ਜੌਹਰ ਵਿਖਾਉਂਦੇ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਨੂੰ ਯਾਦ ਕਰਕੇ ਰੋਣ ਲੱਗ ਪਈ ਸੀ ਸ਼ਹਿਨਾਜ਼, ਸਾਹਮਣੇ ਆਇਆ ਹੱਸਦੇ ਚਿਹਰੇ ਦਾ ਸੱਚ

ਟਰੇਲਰ ’ਚ ਦਿਖਾਇਆ ਗਿਆ ਹੈ ਕਿ ਕਿਵੇਂ ਗਿੱਪੀ ਗਰੇਵਾਲ ਗਾਇਕ ਵਜੋਂ ਪ੍ਰੋਗਰਾਮ ਲਗਾਉਂਦੇ ਹਨ ਪਰ ਉਨ੍ਹਾਂ ਨੂੰ ਵਧੀਆ ਹੁੰਗਾਰਾ ਨਹੀਂ ਮਿਲਦਾ। ਫਿਰ ਉਹ ਨੀਰੂ ਬਾਜਵਾ ਨੂੰ ਆਪਣੇ ਨਾਲ ਪ੍ਰੋਗਰਾਮਾਂ ਲਈ ਰੱਖਦੇ ਹਨ। ਇਸ ਤੋਂ ਬਾਅਦ ਗਿੱਪੀ ਦੀ ਲਾਟਰੀ ਵੀ ਲੱਗਦੀ ਹੈ ਤੇ ਉਹ ਆਪਣੀ ਟੀਮ ਦੇ ਨਾਲ ਇੰਗਲੈਂਡ ਚਲੇ ਜਾਂਦੇ ਹਨ। ਉਥੇ ਲਾਟਰੀ ਨੂੰ ਲੈ ਕੇ ਅੱਗੇ ਕੀ-ਕੀ ਹੁੰਦਾ ਹੈ, ਇਹ ਤਾਂ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।

ਦੱਸ ਦੇਈਏ ਕਿ ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਹੈ। ਇਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਫ਼ਿਲਮ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ, ਜਦਕਿ ਗੀਤ ਹੈਪੀ ਰਾਏਕੋਟੀ ਨੇ ਲਿਖੇ ਹਨ। ਗੀਤਾਂ ਨੂੰ ਗਿੱਪੀ ਗਰੇਵਾਲ, ਅਫਸਾਨਾ ਖ਼ਾਨ, ਰਣਜੀਤ ਬਾਵਾ ਤੇ ਜਸਬੀਰ ਜੱਸੀ ਨੇ ਗਾਇਆ ਹੈ।

ਫ਼ਿਲਮ ਸੰਨੀ ਰਾਜ, ਡਾ. ਪ੍ਰਭਜੋਤ ਐੱਸ. ਸਿੱਧੂ (ਸਿਆਟਲ, ਯੂ. ਐੱਸ. ਏ.) ਤੇ ਮਨੀ ਧਾਲੀਵਾਲ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਯੂਟਿਊਬ ’ਤੇ ਟਰੇਲਰ ਹੰਬਲ ਮਿਊਜ਼ਿਕ ਦੇ ਚੈਨਲ ’ਤੇ ਰਿਲੀਜ਼ ਹੋਇਆ ਹੈ।

ਨੋਟ– ਇਸ ਫ਼ਿਲਮ ਦਾ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News