ਸਿਰਫ ਪੰਜਾਬ ਹੀ ਨਹੀਂ, ਜੰਮੂ-ਕਸ਼ਮੀਰ ’ਚ ਵੀ ਹੜ੍ਹ ਪੀੜਤਾਂ ਦੀ ਕੀਤੀ ਜਾ ਰਹੀ ਹੈ ਮਦਦ: ਮਾਲਵਿਕਾ ਸੂਦ

Saturday, Sep 06, 2025 - 05:30 PM (IST)

ਸਿਰਫ ਪੰਜਾਬ ਹੀ ਨਹੀਂ, ਜੰਮੂ-ਕਸ਼ਮੀਰ ’ਚ ਵੀ ਹੜ੍ਹ ਪੀੜਤਾਂ ਦੀ ਕੀਤੀ ਜਾ ਰਹੀ ਹੈ ਮਦਦ: ਮਾਲਵਿਕਾ ਸੂਦ

ਮੋਗਾ (ਗੋਪੀ ਰਾਊਕੇ)- ਪੰਜਾਬ ਮੁੜ ਇਕ ਵਾਰ ਹੜ੍ਹ ਦੀ ਮੁਸੀਬਤ ਦਾ ਸਾਹਮਣਾ ਕਰ ਰਿਹਾ ਹੈ। ਘਰ ਪਾਣੀ ਵਿਚ ਡੁੱਬੇ ਹੋਏ ਹਨ, ਲੋਕ ਬੇਘਰ ਹੋ ਚੁੱਕੇ ਹਨ ਅਤੇ ਜੀਵਨ ਦੁਖੀ ਹੋ ਰਿਹਾ ਹੈ। ਅਜਿਹੇ ਸਮੇਂ ਵਿਚ ਪੰਜਾਬੀਆਂ ਦੀਆਂ ਖੂਬੀਆਂ ਸਪੱਸ਼ਟ ਦਿਸਦੀਆਂ ਹਨ ਕਿ ਉਹ ਕਦੇ ਮੁਸੀਬਤ ਦੇ ਅੱਗੇ ਝੁਕਦੇ ਨਹੀਂ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੀ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਮੋਗਾ ਇੰਚਾਰਜ ਮਾਲਵਿਕਾ ਸੂਦ ਨੇ ਕੀਤਾ।

ਮਾਲਵਿਕਾ ਸੂਦ ਨੇ ਕਿਹਾ ਕਿ ਪੰਜਾਬ, ਜੋ ਦੇਸ਼ ਦਾ ਅੰਨ ਦਾਤਾ ਹੈ, ਅੱਜ ਆਪ ਹੀ ਮੁਸੀਬਤ ਵਿਚ ਹੈ। ਪਰ ਅਸੀਂ ਪੰਜਾਬੀ ਇਸ ਨੂੰ ਮੁਸੀਬਤ ਨਹੀਂ, ਸਗੋਂ ਰੱਬ ਵੱਲੋਂ ਲਿਆ ਗਿਆ ਇਕ ਇਮਤਿਹਾਨ ਮੰਨਦੇ ਹਾਂ, ਜਿਸ ਤਰ੍ਹਾਂ ਪਹਿਲਾਂ ਹਰ ਵਾਰ ਪੰਜਾਬ ਨੇ ਹੌਸਲੇ ਨਾਲ ਕਾਮਯਾਬੀ ਹਾਸਲ ਕੀਤੀ ਹੈ, ਉਸੇ ਤਰ੍ਹਾਂ ਇਸ ਵਾਰ ਵੀ ਅਸੀਂ ਕਾਮਯਾਬ ਹੋਵਾਂਗੇ। ਇਸ ਮੌਕੇ ਉਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਹੜ੍ਹ ਪੀੜਤਾਂ ਲਈ ਜ਼ਰੂਰੀ ਸਾਮਾਨ ਟਰਾਲੀਆਂ ਤੇ ਗੱਡੀਆਂ ਵਿਚ ਭਰਵਾਂ ਕੇ ਹਲਕਾ ਧਰਮਕੋਟ ਦੇ ਵੱਖ-ਵੱਖ ਪਿੰਡਾਂ ਅੰਦਰ ਜਾ ਕੇ ਹੜ੍ਹ ਨਾਲ ਪੀੜਤ ਲੋਕਾਂ ਨੂੰ ਸਾਮਾਨ ਵੰਡਿਆ ਗਿਆ। ਇਸ ਮੌਕੇ ਲੋਕਾਂ ਨੇ ਉਨ੍ਹਾਂ ਦੀ ਇਸ ਸੇਵਾ ਭਾਵਨਾ ਦੀ ਵੱਡੀ ਪ੍ਰਸ਼ੰਸਾ ਕੀਤੀ।

ਮਾਲਵਿਕਾ ਸੂਦ ਨੇ ਕਿਹਾ ਕਿ ਉਹ ਆਪਣੇ ਪਿਤਾ ਸ਼ਕਤੀ ਸੂਦ ਦੀ ਧੀ ਹੋਣ ਦੇ ਨਾਤੇ ਹਮੇਸ਼ਾ ਪੰਜਾਬ ਦੀ ਸੇਵਾ ਲਈ ਖੜ੍ਹੇ ਰਹਿਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਰਾ, ਮਸ਼ਹੂਰ ਫਿਲਮੀ ਅਦਾਕਾਰ ਸੋਨੂੰ ਸੂਦ, ਜੋ ਇਸ ਸਮੇਂ ਵਿਦੇਸ਼ ਵਿਚ ਹਨ, ਉਨ੍ਹਾਂ ਨੇ ਵੀ ਖ਼ਾਸ ਤੌਰ ’ਤੇ ਆਪਣੀ ਡਿਊਟੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਲਾਈ ਹੈ। ਸੋਨੂੰ ਸੂਦ ਪਹਿਲਾਂ ਵੀ ਦੇਸ਼ ਭਰ ਵਿਚ ਹਰੇਕ ਮੁਸੀਬਤ ਵਿਚ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਂਦੇ ਰਹੇ ਹਨ। ਉਨ੍ਹਾਂ ਕਿਹਾ ਮਦਦ ਉਹੀ ਹੁੰਦੀ ਹੈ ਜੋ ਦਿਲੋਂ ਕੀਤੀ ਜਾਵੇ। ਜੋ ਵੀ ਜ਼ਰੂਰਤਮੰਦ ਹੈ, ਉਸ ਤੱਕ ਸਾਡੀ ਸਹਾਇਤਾ ਪਹੁੰਚੇਗੀ।

ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸੂਦ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਨਾ ਸਿਰਫ਼ ਪੰਜਾਬ, ਸਗੋਂ ਜੰਮੂ-ਕਸ਼ਮੀਰ ਵਿਚ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਲਈ ਵੀ ਸਹਾਇਤਾ ਚਲਾਈ ਜਾ ਰਹੀ ਹੈ। ਨਾਲ ਹੀ ਦੁਨੀਆ ਭਰ ਵਿਚ ਰਹਿਣ ਵਾਲੇ ਐੱਨ. ਆਰ. ਆਈ. ਪੰਜਾਬੀ ਵੱਡੇ ਪੱਧਰ ’ਤੇ ਇਸ ਮੁਹਿੰਮ ਨਾਲ ਜੁੜ ਰਹੇ ਹਨ ਅਤੇ ਆਪਣਾ ਯੋਗਦਾਨ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਹਾਇਤਾ ਮੁਹਿੰਮ ਸਾਬਤ ਕਰਦੀ ਹੈ ਕਿ ਜਦੋਂ ਪੰਜਾਬ ਮੁਸੀਬਤ ਵਿਚ ਹੋਵੇ, ਤਾਂ ਪੰਜਾਬੀ ਭਾਈਚਾਰਾ ਇਕੱਠਾ ਹੋ ਕੇ ਕਿਸੇ ਨੂੰ ਵੀ ਇਕੱਲਾ ਨਹੀਂ ਛੱਡਦਾ।

 

 


author

cherry

Content Editor

Related News