ਨਸ਼ੇ ਦੇ ਮਾਮਲੇ 'ਚ ਐੱਨ. ਸੀ. ਬੀ. ਦੇ ਛਾਪੇ, ਸ਼ੱਕ ਦੇ ਘੇਰੇ 'ਚ ਕਈ ਟੀ. ਵੀ. ਕਲਾਕਾਰ

9/24/2020 2:02:20 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ 'ਚ ਡਰੱਗਜ਼ ਦਾ ਮਾਮਲਾ ਵੱਧਦਾ ਜਾ ਰਿਹਾ ਹੈ। ਫ਼ਿਲਮ ਇੰਡਸਟਰੀ ਦੇ ਕਈ ਵੱਡੇ ਨਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਖ਼ਬਰ ਹੈ ਕਿ ਕਈ ਟੀ. ਵੀ. ਕਲਾਕਾਰ ਵੀ ਸ਼ੱਕ ਦੇ ਦਾਇਰ 'ਚ ਹਨ। ਕੱਲ੍ਹ ਦੋ ਟੀ. ਵੀ ਕਲਾਕਾਰਾਂ ਤੋਂ ਪੁੱਛਗਿੱਛ ਤੋਂ ਬਾਅਦ ਅੱਜ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਮੁੰਬਈ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਕਈ ਹੋਰ ਵੱਡੇ ਨਾਂ ਸਾਹਮਣੇ ਆ ਸਕਦੇ ਹਨ। ਇਸ ਦੌਰਾਨ ਐੱਨ. ਸੀ. ਬੀ. ਨੇ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਹੀ ਸਾਰਾ ਆਲੀ ਖ਼ਾਨ, ਰਕੁਲ ਪ੍ਰੀਤ ਸਿੰਘ, ਸ਼ਰਧਾ ਕਪੂਰ ਨੂੰ ਪੁੱਛਗਿੱਛ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਸਿਮੋਨ ਖੰਬਾਟਾ ਤੋਂ ਅੱਜ ਪੁੱਛਗਿੱਛ ਹੋ ਰਹੀ ਹੈ, ਉਥੇ ਹੀ ਰਕੁਲ ਪ੍ਰੀਤ ਸਿੰਘ ਨੇ ਸੰਮਨ ਮਿਲਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ।

ਡਰੱਗਜ਼ ਮਾਮਲੇ 'ਚ ਬਲੀਵੁੱਡ ਦੀਆਂ ਵੱਡੀਆਂ ਹਸਤੀਆਂ ਨਜ਼ਰ ਆ ਰਹੀਆਂ ਹਨ। ਸਭ ਤੋਂ ਵੱਡਾ ਨਾਂ ਦੀਪਿਕਾ ਪਾਦੂਕੋਣ ਦਾ ਹੈ, ਜਿਸ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਸ਼ੁੱਕਰਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਉਥੇ ਹੀ ਦੀਪਿਕਾ ਪਾਦੂਕੋਣ ਨੇ ਵੀ ਆਪਣੇ ਬਚਾਅ ਦੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਕ ਮੀਡੀਆ ਰਿਪੋਰਟ ਅਨੁਸਾਰ ਦੀਪਿਕਾ ਪਾਦੂਕੋਣ ਨੇ 12 ਵਕੀਲਾਂ ਦੀ ਟੀਮ ਬਣਾਈ ਹੈ। ਦੀਪਿਕਾ ਦੇ ਪਤੀ ਤੇ ਸੁਪਰਸਟਾਰ ਰਣਵੀਰ ਸਿੰਘ ਵੀ ਇਸ ਟੀਮ ਨਾਲ ਲਗਾਤਾਰ ਸੰਪਰਕ 'ਚ ਹਨ ਤੇ ਦੀਪਿਕਾ ਨੂੰ ਬਚਾਉਣ ਦੀ ਰਣਨੀਤੀ 'ਚ ਲੱਗੇ ਹੋਏ ਹਨ। ਖ਼ਬਰ ਹੈ ਕਿ ਐੱਨ. ਸੀ. ਬੀ. ਵੱਲੋਂ ਪੁੱਛਗਿੱਛ 'ਚ ਦੀਪਿਕਾ ਪਾਦੂਕੋਣ ਪੂਰਾ ਦੋਸ਼ ਆਪਣੀ ਮੈਨਜੇਰ ਕ੍ਰਿਸ਼ਮਾ ਪ੍ਰਕਾਸ਼ 'ਤੇ ਮੜ੍ਹ ਸਕਦੀ ਹੈ।

ਜ਼ਿਕਰਯੋਗ ਹੈ ਕਿ ਕ੍ਰਿਸ਼ਮਾ ਨਾਲ ਹੋਈ ਚੈਟ ਤੋਂ ਬਾਅਦ ਹੀ ਇਸ ਮਾਮਲੇ 'ਚ ਦੀਪਿਕਾ ਪਾਦੂਕੋਣ ਦਾ ਨਾਂ ਸਾਹਮਣੇ ਆਇਆ ਹੈ। ਦੀਪਿਕਾ ਨਾਲ ਜੁੜੀ ਇਸ ਚੈਟ 'ਚ ਉਸ ਦਾ ਨਾਂ 'ਡੀ' ਦੱਸਿਆ ਗਿਆ ਹੈ। ਕ੍ਰਿਸ਼ਮਾ ਦੀਪਿਕਾ ਦੀ ਮੈਨੇਜਰ ਹੈ। ਚੈਟ 'ਚ ਡੀ ਨੇ ਲਿਖਿਆ ਕਿ ਕੀ ਤੁਹਾਡੇ ਕੋਲ ਮਾਲ ਹੈ? ਕੇ ਦਾ ਜਵਾਬ ਹੈ- ਪਰ ਘਰ 'ਚ, ਮੈਂ ਅਜੇ ਬਾਂਦਰਾ 'ਚ ਹਾਂ। ਜੇ ਤੁਹਾਨੂੰ ਚਾਹੀਦਾ ਹੈ ਤਾਂ ਅਮਿਤ ਨੂੰ ਕਹਿ ਦਿੰਦੀ ਹਾਂ। ਡੀ ਨੇ ਲਿਖਿਆ-ਹਾਂ ਪਲੀਜ਼। ਨਾਲ ਹੀ ਪੁੱਛਿਆ, Hash ਨਾ, ਗਾਂਜਾ ਨਹੀਂ।

ਦੀਪਿਕਾ ਹੁਣ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਦੇ ਮਾਮਲੇ 'ਚ ਗੋਆ 'ਚ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਮੁੰਬਈ ਆਉਣ ਤੋਂ ਬਾਅਦ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਰਣਵੀਰ ਵੀ ਉਨ੍ਹਾਂ ਨਾਲ ਹੋ ਸਕਦੇ ਹਨ। ਸ਼ੁੱਕਰਵਾਰ ਨੂੰ ਹੀ ਦੀਪਿਕਾ ਨਾਲ ਉਨ੍ਹਾਂ ਦੀ ਮੈਨੇਜਰ ਕ੍ਰਿਸ਼ਮਾ ਪ੍ਰਕਾਸ਼ ਤੋਂ ਪੁੱਛਗਿੱਛ ਹੋਵੇਗੀ। ਪੂਰੇ ਮਾਮਲੇ 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਪਹਿਲਾਂ ਤੋਂ ਹੀ ਜੇਲ੍ਹ 'ਚ ਹੈ।


sunita

Content Editor sunita