ਨਸੀਰੂਦੀਨ ਸ਼ਾਹ ਨੇ ਸ਼ਾਹਰੁਖ, ਸਲਮਾਨ ਤੇ ਆਮਿਰ ਖ਼ਾਨ ’ਤੇ ਵਿੰਨ੍ਹਿਆ ਨਿਸ਼ਾਨਾ

Wednesday, Sep 15, 2021 - 01:26 PM (IST)

ਨਸੀਰੂਦੀਨ ਸ਼ਾਹ ਨੇ ਸ਼ਾਹਰੁਖ, ਸਲਮਾਨ ਤੇ ਆਮਿਰ ਖ਼ਾਨ ’ਤੇ ਵਿੰਨ੍ਹਿਆ ਨਿਸ਼ਾਨਾ

ਮੁੰਬਈ (ਬਿਊਰੋ)– ਬਾਲੀਵੁੱਡ ਇੰਡਸਟਰੀ ਦੇ ਦਿੱਗਜ ਅਦਾਕਾਰ ਨਸੀਰੂਦੀਨ ਸ਼ਾਹ ਨੇ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ ਤੇ ਆਮਿਰ ਖ਼ਾਨ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਤਿੰਨੇ ਸਮਾਜਿਕ-ਰਾਜਨੀਤਕ ਮੁੱਦਿਆਂ ’ਤੇ ਬੋਲਣ ਲਈ ਸਟੈਂਡ ਨਹੀਂ ਲੈਂਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਤਿੰਨੇ ਬਾਲੀਵੁੱਡ ’ਤੇ ਅਜੇ ਵੀ ਰਾਜ ਕਰਦੇ ਹਨ। ਨਸੀਰੂਦੀਨ ਭਾਰਤ ਜਾਂ ਵਿਦੇਸ਼ਾਂ ’ਚ ਧਾਰਮਿਕ ਭੇਦਭਾਵ ਦੇ ਮਾਮਲਿਆਂ ’ਤੇ ਖੁੱਲ੍ਹ ਕੇ ਬੋਲਣ ਲਈ ਜਾਣੇ ਜਾਂਦੇ ਹਨ।

ਹਾਲ ਹੀ ’ਚ ਨਸੀਰੂਦੀਨ ਸ਼ਾਹ ਉਨ੍ਹਾਂ ਲੋਕਾਂ ਦੀ ਨਿੰਦਿਆ ਕਰਨ ਲਈ ਵਿਵਾਦਾਂ ’ਚ ਘਿਰ ਗਏ ਸਨ, ਜੋ ਅਫਗਾਨਿਸਤਾਨ ’ਚ ਤਾਲਿਬਾਨ ਸ਼ਾਸਨ ਦੀ ਵਾਪਸੀ ਦਾ ਜਸ਼ਨ ਮਨਾ ਰਹੇ ਸਨ। ਹਾਲਾਂਕਿ ਸ਼ਾਹਰੁਖ, ਸਲਮਾਨ ਤੇ ਆਮਿਰ ਵਰਗੇ ਸਿਤਾਰੇ ਅਫਗਾਨਿਸਤਾਨ ’ਤੇ ਤਾਲਿਬਾਨ ਦੇ ਸ਼ਾਸਨ ’ਤੇ ਕੁਮੈਂਟ ਕਰਨ ਤੋਂ ਬੱਚਦੇ ਨਜ਼ਰ ਆਏ। ਨਸੀਰੂਦੀਨ ਨੇ ਹੁਣ ਕਿਹਾ ਹੈ ਕਿ ਉਹ ਚੁੱਪ ਰਹਿਣਾ ਪਸੰਦ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਮਾਮਲੇ ’ਚ ਪ੍ਰਸਿੱਧੀ ਵੱਡੀ ਹੈ। ਜੇਕਰ ਉਹ ਕੁਝ ਕਹਿੰਦੇ ਹਨ ਤਾਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ।

ਨਸੀਰੂਦੀਨ ਨੇ ਐੱਨ. ਡੀ. ਟੀ. ਵੀ. ਨਾਲ ਗੱਲਬਾਤ ਕਰਦਿਆਂ ਕਿਹਾ, ‘ਜ਼ਾਹਿਰ ਹੈ ਕਿ ਉਹ ਇਸ ਗੱਲ ਤੋਂ ਚਿੰਤਿਤ ਹਨ ਕਿ ਉਨ੍ਹਾਂ ਨੂੰ ਕਿਸ ਹੱਦ ਤਕ ਪ੍ਰੇਸ਼ਾਨ ਕੀਤਾ ਜਾਵੇਗਾ। ਮੈਂ ਉਨ੍ਹਾਂ ਲਈ ਨਹੀਂ ਬੋਲ ਸਕਦਾ ਪਰ ਮੈਂ ਕਲਪਨਾ ਕਰ ਸਕਦਾ ਹਾਂ ਕਿ ਉਨ੍ਹਾਂ ਕੋਲ ਗੁਆਉਣ ਲਈ ਬਹੁਤ ਕੁਝ ਹੈ, ਨਾ ਸਿਰਫ ਪੈਸਾ, ਸਗੋਂ ਉਨ੍ਹਾਂ ਦਾ ਹਰ ਪਾਸਿਓਂ, ਹਰ ਤਰ੍ਹਾਂ ਨਾਲ ਸ਼ੋਸ਼ਣ ਕੀਤਾ ਜਾਵੇਗਾ।’

ਇਹ ਖ਼ਬਰ ਵੀ ਪੜ੍ਹੋ : ਗੁਰਦਾਸ ਮਾਨ ਨੂੰ ਹਾਈਕੋਰਟ ਤੋਂ ਮਿਲੀ ਰਾਹਤ, ਅਗਾਊਂ ਜ਼ਮਾਨਤ ਦੀ ਅਰਜ਼ੀ ਹੋਈ ਮਨਜ਼ੂਰ

ਨਸੀਰੂਦੀਨ ਸ਼ਾਹ ਨੇ ਕਿਹਾ ਕਿ ਭਾਰਤੀ ਫ਼ਿਲਮ ਇੰਡਸਟਰੀ ’ਚ ਹੁਣ ਤਕ ਧਾਰਮਿਕ ਭੇਦਭਾਵ ਤੇ ਇਸਲਾਮੋਫੋਬੀਆ ਨਹੀਂ ਰਿਹਾ ਹੈ ਪਰ ਹੁਣ ਪ੍ਰੋ ਐਸਟੈਬਲਿਸ਼ਮੈਂਟ ਫ਼ਿਲਮਾਂ ਬਣਾਉਣ ਲਈ ਸਰਕਾਰ ਫ਼ਿਲਮ ਮੇਕਰਜ਼ ਨੂੰ ਉਤਸ਼ਾਹਿਤ ਕਰ ਰਹੀ ਹੈ। ਇੰਨਾ ਹੀ ਨਹੀਂ, ਨਸੀਰੂਦੀਨ ਨੇ ਸਰਕਾਰ ਦੀ ਤੁਲਨਾ ਨਾਜੀ ਜਰਮਨੀ ਨਾਲ ਵੀ ਕੀਤੀ। ਟੀ. ਵੀ. 9 ਮੁਤਾਬਕ ਨਸੀਰੂਦੀਨ ਸ਼ਾਹ ਨੇ ਕਿਹਾ, ‘ਨਾਜੀ ਜਰਮਨੀ ’ਚ ਅਜਿਹਾ ਹੀ ਹੁੰਦਾ ਸੀ। ਉਥੇ ਸਰਕਾਰ ਫ਼ਿਲਮ ਮੇਕਰਜ਼ ਨੂੰ ਨਾਜੀ ਦੀ ਵਿਚਾਰਧਾਰਾ ਨੂੰ ਪ੍ਰਚਾਰ ਕਰਨ ਵਾਲੀਆਂ ਫ਼ਿਲਮਾਂ ਨੂੰ ਬਣਾਉਣ ਲਈ ਕਹਿੰਦੇ ਸਨ। ਹੁਣ ਭਾਰਤੀ ਸਿਨੇਮਾ ਬਾਰੇ ਅਜੇ ਮੇਰੇ ਕੋਲ ਮੱਕੇ ਸਬੂਤ ਨਹੀਂ ਹਨ ਪਰ ਜਿਸ ਤਰ੍ਹਾਂ ਦੀਆਂ ਫ਼ਿਲਮਾਂ ਇਨ੍ਹੀਂ ਦਿਨੀਂ ਆ ਰਹੀਆਂ ਹਨ, ਉਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News