ਮਿਥੁਨ ਚੱਕਰਵਰਤੀ ਹੋਏ ਕੋਰੋਨਾ ਪਾਜ਼ੇਟਿਵ, ਦੋ ਦਿਨ ਪਹਿਲਾਂ ਕੋਵਿਡ ਨਿਯਮ ਤੋੜਨ ਦੇ ਲੱਗੇ ਸਨ ਦੋਸ਼
Tuesday, Apr 27, 2021 - 02:55 PM (IST)
ਮੁੰਬਈ (ਬਿਊਰੋ)– ਦਿੱਗਜ ਅਦਾਕਾਰ ਤੇ ਰਾਜਨੇਤਾ ਮਿਥੁਨ ਚੱਕਰਵਰਤੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਰਿਪੋਰਟ ਮੁਤਾਬਕ ਮਿਥੁਨ ਫਿਲਹਾਲ ਘਰ ’ਚ ਇਕਾਂਤਵਾਸ ਹਨ ਤੇ ਸਾਵਧਾਨੀ ਵਰਤ ਰਹੇ ਹਨ। 70 ਸਾਲ ਦੇ ਮਿਥੁਨ ਨੇ ਆਪਣੇ ਪੂਰੇ ਕਰੀਅਰ ’ਚ 350 ਤੋਂ ਵੱਧ ਫ਼ਿਲਮਾਂ ਕੀਤੀਆਂ ਹਨ। ਇਨ੍ਹਾਂ ’ਚ ਹਿੰਦੀ ਤੋਂ ਇਲਾਵਾ ਬੰਗਾਲੀ, ਉੜੀਆ, ਭੋਜਪੁਰੀ, ਤਾਮਿਲ, ਤੇਲਗੂ ਤੇ ਕੰਨੜ ਭਾਸ਼ਾ ਦੀਆਂ ਫ਼ਿਲਮਾਂ ਵੀ ਸ਼ਾਮਲ ਹਨ।
ਦੋ ਦਿਨ ਪਹਿਲਾਂ ਹੀ ਮਿਥੁਨ ਚੱਕਰਵਰਤੀ ’ਤੇ ਕੋਵਿਡ ਪ੍ਰੋਟੋਕਾਲ ਤੋੜਨ ਦਾ ਦੋਸ਼ ਲੱਗਾ ਸੀ। ਤ੍ਰਿਣਮੂਲ ਕਾਂਗਰਸ ਦੀ ਨੇਤਾ ਸੌਗਤਾ ਰਾਏ ਨੇ ਦਾਅਵਾ ਕੀਤਾ ਸੀ ਕਿ ਬੀ. ਜੇ. ਪੀ. ਨੇਤਾ ਦਿਲੀਪ ਘੋਸ਼ ਤੇ ਮਿਥੁਨ ਚੱਕਰਵਰਤੀ ਨੇ ਕੋਵਿਡ ਨਿਯਮਾਂ ਨੂੰ ਦਰਕਿਨਾਰ ਕਰਕੇ 500 ਤੋਂ ਵੱਧ ਲੋਕਾਂ ਨੂੰ ਇਕੱਠਾ ਕਰਕੇ ਮੀਟਿੰਗਾਂ ਕੀਤੀਆਂ ਹਨ। ਇਸ ਮਾਮਲੇ ’ਚ ਉਸ ਨੇ ਚੋਣ ਕਮਿਸ਼ਨ ’ਚ ਵੀ ਸ਼ਿਕਾਇਤ ਕੀਤੀ ਸੀ ਤੇ ਕਾਰਵਾਈ ਦੀ ਮੰਗ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਫ਼ਿਲਮੀ ਵਿਲੇਨ ਤੋਂ ਲੋੜਵੰਦਾਂ ਦੇ ਫ਼ਰਿਸ਼ਤਾ ਬਣਨ ਤਕ ਦਾ ਸਫਰ
ਮਿਥੁਨ ਚੱਕਰਵਰਤੀ ਨੇ ਦੋ ਮਹੀਨੇ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦਾ ਲੜ ਫੜਿਆ ਹੈ। ਕੋਲਕਾਤਾ ਦੇ ਬ੍ਰਿਗੇਡ ਗਰਾਊਂਡ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਰੈਲੀ ਤੋਂ ਠੀਕ ਪਹਿਲਾਂ ਬੀ. ਜੇ. ਪੀ. ’ਚ ਸ਼ਾਮਲ ਹੋਣ ਤੋਂ ਬਾਅਦ ਮਿਥੁਨ ਨੇ ਕਿਹਾ ਸੀ, ‘ਮੈਂ ਜੋਲਧਰਾ ਜਾਂ ਬੇਲੇਬੋਰਾ ਸੱਪ ਨਹੀਂ ਹਾਂ, ਮੈਂ ਕੋਬਰਾ ਹਾਂ। ਇਕ ਡੰਗ ’ਚ ਹੀ ਕੰਮ ਤਮਾਮ ਕਰ ਦੇਵਾਂਗਾ।’ ਸਟੇਜ ਤੋਂ ਮਿਥੁਨ ਨੇ ਆਪਣੀਆਂ ਫ਼ਿਲਮਾਂ ਦੇ ਕਈ ਮਸ਼ਹੂਰ ਡਾਇਲਾਗਸ ਵੀ ਸੁਣਾਏ ਸਨ, ਿਜਨ੍ਹਾਂ ’ਚ ਉਨ੍ਹਾਂ ਦਾ ਮਸ਼ਹੂਰ ਡਾਇਲਾਗ ‘ਮਾਰੂੰਗਾ ਯਹਾਂ, ਲਾਸ਼ ਗਿਰੇਗੀ ਸ਼ਮਸ਼ਾਨ ਮੇਂ’ ਵੀ ਸ਼ਾਮਲ ਸੀ।
ਕੈਮਿਸਟਰੀ ’ਚ ਗ੍ਰੈਜੂਏਟ ਮਿਥੁਨ ਫ਼ਿਲਮਾਂ ’ਚ ਆਉਣ ਤੋਂ ਪਹਿਲਾਂ ਨਕਸਲੀ ਵਿਚਾਰਧਾਰਾ ਦੇ ਸਨ। ਪਰਿਵਾਰ ਦੇ ਦਬਾਅ ’ਚ ਉਨ੍ਹਾਂ ਨੇ ਨਕਸਲਵਾਦ ਤੋਂ ਦੂਰੀ ਬਣਾਈ ਤੇ ਬਾਲੀਵੁੱਡ ਦਾ ਰੁਖ਼ ਕੀਤਾ। ਫ਼ਿਲਮ ‘ਮ੍ਰਿਗਯਾ’ ਨਾਲ ਉਨ੍ਹਾਂ ਨੇ 1976 ’ਚ ਆਪਣਾ ਫ਼ਿਲਮੀ ਸਫਰ ਸ਼ੁਰੂ ਕੀਤਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।