ਸਲਮਾਨ ਖ਼ਾਨ ਤੋਂ ਬਾਅਦ ਹੁਣ ਮਨੋਜ ਬਾਜਪਾਈ ਨੇ ਕੀਤਾ ਕੇ. ਆਰ. ਕੇ. ’ਤੇ ਮਾਨਹਾਨੀ ਦਾ ਮਾਮਲਾ ਦਰਜ

Thursday, Aug 26, 2021 - 02:24 PM (IST)

ਸਲਮਾਨ ਖ਼ਾਨ ਤੋਂ ਬਾਅਦ ਹੁਣ ਮਨੋਜ ਬਾਜਪਾਈ ਨੇ ਕੀਤਾ ਕੇ. ਆਰ. ਕੇ. ’ਤੇ ਮਾਨਹਾਨੀ ਦਾ ਮਾਮਲਾ ਦਰਜ

ਮੁੰਬਈ (ਬਿਊਰੋ)– ਅਦਾਕਾਰ ਮਨੋਜ ਬਾਜਪਾਈ ਨੇ ਕਮਾਲ ਰਾਸ਼ਿਦ ਖ਼ਾਨ (ਕੇ. ਆਰ. ਕੇ.) ਖ਼ਿਲਾਫ਼ ਮਾਨਹਾਨੀ ਦਾ ਕੇਸ ਦਰਜ ਕੀਤਾ ਹੈ। ਇਹ ਸ਼ਿਕਾਇਤ ਮਨੋਜ ਨੇ ਕੇ. ਆਰ. ਕੇ. ਵਲੋਂ ਕੀਤੇ ਗਏ ਇਕ ਅਪਮਾਨਜਨਕ ਟਵੀਟ ਕਾਰਨ ਇੰਦੌਰ ਕੋਰਟ ’ਚ ਦਰਜ ਕਰਵਾਈ ਹੈ। ਮਨੋਜ ਬਾਜਪਾਈ ਦੇ ਵਕੀਲ ਪਰੇਸ਼ ਐੱਸ. ਜੋਸ਼ੀ ਨੇ ਦੱਸਿਆ ਕਿ ਅਦਾਕਾਰ ਆਪਣਾ ਬਿਆਨ ਦੇਣ ਖ਼ੁਦ ਕੋਰਟ ’ਚ ਪੇਸ਼ ਹੋਏ ਸਨ।

ਵਕੀਲ ਨੇ ਦੱਸਿਆ ਕਿ ਅਦਾਕਾਰ ਨੇ ਕੇ. ਆਰ. ਕੇ. ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 500 ਤਹਿਤ ਸ਼ਿਕਾਇਤ ਦਰਜ ਕਰਵਾਈ ਹੈ। ਮਨੋਜ ਨੇ ਕੋਰਟ ’ਚ ਕੇ. ਆਰ. ਕੇ. ਖ਼ਿਲਾਫ਼ ਅਪਰਾਧਿਕ ਮਾਨਹਾਨੀ ਦਾ ਕੇਸ ਦਰਜ ਕਰਨ ਦੀ ਵੀ ਮੰਗ ਕੀਤੀ ਹੈ।

ਜਿਸ ਟਵੀਟ ਕਾਰਨ ਮਨੋਜ ਬਾਜਪਾਈ ਨੇ ਇੰਨਾ ਵੱਡਾ ਕਦਮ ਚੁੱਕਿਆ ਹੈ, ਉਸ ’ਚ ਕੇ. ਆਰ. ਕੇ. ਨੇ ਅਦਾਕਾਰ ਨੂੰ ਚਰਸੀ, ਗੰਜੇੜੀ ਕਿਹਾ ਸੀ। ਉਸ ਨੇ ਟਵੀਟ ’ਚ ਲਿਖਿਆ, ‘ਮੈਂ ਲੁੱਖਾ ਜਾਂ ਫਾਲਤੂ ਨਹੀਂ ਹਾਂ, ਇਸ ਲਈ ਮੈਂ ਵੈੱਬ ਸੀਰੀਜ਼ ਨਹੀਂ ਦੇਖਦਾ। ਬਿਹਤਰ ਹੋਵੇਗਾ ਤੁਸੀਂ ਸੁਨੀਲ ਪਾਲ ਕੋਲੋਂ ਪੁੱਛੋ ਪਰ ਤੁਸੀਂ ਇਕ ਚਰਸੀ, ਗੰਜੇੜੀ ਮਨੋਜ ਨੂੰ ਕਿਉਂ ਦੇਖਦੇ ਹੋ। ਤੁਸੀਂ ਸਿਲੈਕਟਿਵ ਨਹੀਂ ਹੋ ਸਕਦੇ।’

ਕੇ. ਆਰ. ਕੇ. ਨੇ ਇਹ ਟਵੀਟ ਇਕ ਸ਼ਖ਼ਸ ਵਲੋਂ ਮਨੋਜ ਬਾਜਪਾਈ ਦੀ ਵੈੱਬ ਸੀਰੀਜ਼ ‘ਦਿ ਫੈਮਿਲੀ ਮੈਨ’ ਬਾਰੇ ਪੁੱਛਣ ’ਤੇ ਕੀਤਾ ਸੀ। ਸ਼ਖ਼ਸ ਨੇ ਪੁੱਛਿਆ ਸੀ, ‘ਦਿ ਫੈਮਿਲੀ ਮੈਨ ਸੀਰੀਜ਼ ’ਚ ਸਿਰਫ ਇਕ ਹੀ ਐਡਲਟ ਸੀਨ ਹੈ ਤੇ ਤੁਸੀਂ ਇਸ ਨੂੰ ਸਾਫਟ ਪੋਰਨ ਕਹਿ ਰਹੇ ਹੋ ਤੇ ਤੁਸੀਂ ਖ਼ੁਦ ਨੂੰ ਕ੍ਰਿਟਿਕ ਕਹਿੰਦੇ ਹੋ, ਜੋਕ।’

ਦੱਸ ਦੇਈਏ ਕਿ ਕੇ. ਆਰ. ਕੇ. ਪਹਿਲਾਂ ਹੀ ਮਾਨਹਾਨੀ ਦੇ ਇਕ ਹੋਰ ਕਾਨੂੰਨੀ ਮਾਮਲੇ ’ਚ ਫਸੇ ਹੋਏ ਹਨ। ਸਲਮਾਨ ਖ਼ਾਨ ਨੇ ਉਨ੍ਹਾਂ ’ਤੇ ਮਾਨਹਾਨੀ ਦਾ ਕੇਸ ਕੀਤਾ ਹੈ। ਕੇ. ਆਰ. ਕੇ. ਨੇ ਸਲਮਾਨ ਦੀ ਫ਼ਿਲਮ ‘ਰਾਧੇ’ ਦਾ ਨੈਗੇਟਿਵ ਰੀਵਿਊ ਕੀਤਾ ਸੀ ਪਰ ਉਸ ਨੇ ਸਲਮਾਨ ’ਤੇ ਨਿੱਜੀ ਹਮਲਾ ਕੀਤਾ ਸੀ। ਇਸ ਕਾਰਨ ਸਲਮਾਨ ਨੇ ਕੇ. ਆਰ. ਕੇ. ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News