ਮਨਮੋਹਨ ਸਿੰਘ ਦੀ ਮੌਤ ਨਾਲ ਸਦਮੇ ''ਚ ਦਿਲਜੀਤ ਤੇ ਕਪਿਲ, ਕਿਹਾ- ਆਪਣੇ ਪਿੱਛੇ ਤਰੱਕੀ ਤੇ ਉਮੀਦ ਦੀ ਛੱਡ ਗਏ ਵਿਰਾਸਤ
Friday, Dec 27, 2024 - 12:50 PM (IST)

ਐਂਟਰਟੇਨਮੈਂਟ ਡੈਸਕ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਵੀਰਵਾਰ (26 ਦਸੰਬਰ) ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਰਾਤ ਕਰੀਬ 8 ਵਜੇ ਨਵੀਂ ਦਿੱਲੀ ਦੇ ਏਮਜ਼ (ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼) 'ਚ ਦਾਖ਼ਲ ਕਰਵਾਇਆ ਗਿਆ ਸੀ। ਭਾਰਤ ਦੇ ਆਰਥਿਕ ਸੁਧਾਰਾਂ ਦੇ ਆਰਕੀਟੈਕਟ ਵਜੋਂ ਜਾਣੇ ਜਾਂਦੇ ਮਨਮੋਹਨ ਸਿੰਘ ਨੇ 92 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਪੂਰਾ ਦੇਸ਼ ਸੋਗ 'ਚ ਹੈ। ਇਸ ਦੇ ਨਾਲ ਹੀ ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਹਸਤੀਆਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਅਤੇ 2 ਵਾਰ ਪ੍ਰਧਾਨ ਮੰਤਰੀ ਰਹੇ ਮਨਮੋਹਨ ਸਿੰਘ ਦੀ ਵਿਰਾਸਤ ਨੂੰ ਵੀ ਯਾਦ ਕੀਤਾ ਹੈ।
ਦਿਲਜੀਤ ਦੋਸਾਂਝ
ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਸਾਬਕਾ ਪ੍ਰਧਾਨ ਮੰਤਰੀ ਦੇ ਦਿਹਾਂਤ ਨਾਲ ਸਦਮੇ 'ਚ ਹਨ। ਉਨ੍ਹਾਂ ਨੇ ਆਪਣੀ ਅਧਿਕਾਰਤ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਭਾਵਨਾਤਮਕ ਨੋਟ ਨਾਲ ਆਪਣਾ ਦੁੱਖ ਪ੍ਰਗਟ ਕੀਤਾ, ਜਿਸ 'ਚ ਉਨ੍ਹਾਂ ਨੇ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਨਾਲ 'ਓਹ ਵਾਹਿਗੁਰੂ' ਲਿਖਿਆ।
ਕਪਿਲ ਸ਼ਰਮਾ
ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਟਵੀਟ ਕਰਕੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ, 'ਅੱਜ ਭਾਰਤ ਨੇ ਆਪਣੇ ਇੱਕ ਬਿਹਤਰੀਨ ਨੇਤਾ ਨੂੰ ਗੁਆ ਦਿੱਤਾ ਹੈ। ਭਾਰਤ ਦੇ ਆਰਥਿਕ ਸੁਧਾਰਾਂ ਦੇ ਆਰਕੀਟੈਕਟ ਅਤੇ ਇਮਾਨਦਾਰੀ ਅਤੇ ਨਿਮਰਤਾ ਦੇ ਪ੍ਰਤੀਕ ਡਾ. ਮਨਮੋਹਨ ਸਿੰਘ ਆਪਣੇ ਪਿੱਛੇ ਤਰੱਕੀ ਅਤੇ ਉਮੀਦ ਦੀ ਵਿਰਾਸਤ ਛੱਡ ਗਏ ਹਨ। ਉਨ੍ਹਾਂ ਦੀ ਬੁੱਧੀ, ਸਮਰਪਣ ਅਤੇ ਦੂਰਦ੍ਰਿਸ਼ਟੀ ਨੇ ਸਾਡੇ ਦੇਸ਼ ਨੂੰ ਬਦਲ ਦਿੱਤਾ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਡਾ. ਮਨਮੋਹਨ ਸਿੰਘ ਤੁਹਾਡੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।'
ਗੁਰਪ੍ਰੀਤ ਘੁੱਗੀ
ਪੰਜਾਬੀ ਸਿਨੇਮਾ ਦੇ ਸ਼ਾਨਦਾਰ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਵੀ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕੀਤੀ ਅਤੇ ਦੁੱਖ ਪ੍ਰਗਟ ਕੀਤਾ, ਉਨ੍ਹਾਂ ਨੇ ਲਿਖਿਆ, 'ਡਾ. ਮਨਮੋਹਨ ਸਿੰਘ ਜੀ ਲੋਕਤੰਤਰ, ਮਨੁੱਖੀ ਅਧਿਕਾਰਾਂ ਅਤੇ ਟਿਕਾਊ ਵਿਕਾਸ ਦੇ ਸੱਚੇ ਚੈਂਪੀਅਨ ਸਨ। ਉਨ੍ਹਾਂ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।'
ਕਰਮਜੀਤ ਅਨਮੋਲ
ਪੰਜਾਬੀ ਸਿਨੇਮਾ ਦੇ ਇੱਕ ਹੋਰ ਸ਼ਾਨਦਾਰ ਕਾਮੇਡੀਅਨ ਅਤੇ ਅਦਾਕਾਰ ਕਰਮਜੀਤ ਅਨਮੋਲ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਅਤੇ ਲਿਖਿਆ, 'ਨਹੀਂ ਰਹੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ, ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।'
ਕੀ ਹੈ ਡਾ. ਮਨਮੋਹਨ ਸਿੰਘ ਦਾ ਪੰਜਾਬ ਨਾਲ ਸੰਬੰਧ
ਤੁਹਾਡੇ 'ਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਡਾ. ਮਨਮੋਹਨ ਸਿੰਘ ਦੀਆਂ ਜੜ੍ਹਾਂ ਪੰਜਾਬ ਅਤੇ ਚੰਡੀਗੜ੍ਹ 'ਚ ਹਨ। ਜੀ ਹਾਂ...26 ਸਤੰਬਰ 1932 ਨੂੰ ਪਾਕਿਸਤਾਨ 'ਚ ਜਨਮੇ ਡਾ. ਸਿੰਘ 1947 ਦੀ ਵੰਡ ਦਾ ਸਦਮਾ ਵੀ ਹੰਢਾ ਚੁੱਕੇ ਹਨ, ਉਸ ਸਮੇਂ ਸਿੰਘ ਦੀ ਉਮਰ ਲਗਭਗ 15 ਸਾਲ ਦੀ ਸੀ। ਫਿਰ ਵੱਡੇ ਪਰਵਾਸ ਦੌਰਾਨ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਛੱਡ ਕੇ ਪੰਜਾਬ ਦੇ ਧਾਰਮਿਕ ਜ਼ਿਲ੍ਹੇ ਸ੍ਰੀ ਅੰਮ੍ਰਿਤਸਰ 'ਚ ਵੱਸ ਗਏ। ਇੱਥੋਂ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ। ਏਮਜ਼ ਨੇ ਦੱਸਿਆ ਕਿ ਮਨਮੋਹਨ ਸਿੰਘ ਦੀ ਉਮਰ ਸੰਬੰਧੀ ਬੀਮਾਰੀਆਂ ਕਾਰਨ ਮੌਤ ਹੋਈ ਹੈ। ਉਨ੍ਹਾਂ ਨੇ 2004 ਤੋਂ 2014 ਤੱਕ ਦੋ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਕੀਤੀ। ਉਨ੍ਹਾਂ ਨੇ 2004 'ਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐੱਨ. ਡੀ. ਏ. ਵਿਰੁੱਧ 2004 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਜਿੱਤ ਤੋਂ ਬਾਅਦ ਪਹਿਲੀ ਵਾਰ ਅਹੁਦੇ ਦੀ ਸਹੁੰ ਚੁੱਕੀ ਸੀ। ਉਨ੍ਹਾਂ ਨੇ 2009 ਤੋਂ 2014 ਤੱਕ ਆਪਣਾ ਦੂਜਾ ਕਾਰਜਕਾਲ ਪੂਰਾ ਕੀਤਾ। ਇਸ ਤੋਂ ਬਾਅਦ 2014 'ਚ ਪੀ. ਐੱਮ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਥਾਂ ਲਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।