ਅਰਬਾਜ਼ ਖਾਨ ਨਾਲ ਤਲਾਕ ਤੋਂ ਬਾਅਦ ਦੂਜੀ ਵਾਰ ''ਦੁਲਹਨ'' ਬਣੇਗੀ ਮਲਾਇਕਾ ਅਰੋੜਾ !
Tuesday, Dec 30, 2025 - 02:10 PM (IST)
ਮੁੰਬਈ- ਬਾਲੀਵੁੱਡ ਦੀ ਸਭ ਤੋਂ ਚਰਚਿਤ ਅਦਾਕਾਰਾ ਮਲਾਇਕਾ ਅਰੋੜਾ ਨੇ ਲੰਬੇ ਸਮੇਂ ਬਾਅਦ ਆਪਣੇ ਨਿੱਜੀ ਰਿਸ਼ਤਿਆਂ, ਤਲਾਕ ਅਤੇ ਦੂਜੇ ਵਿਆਹ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ। ਇੱਕ ਸਮੇਂ ਬਾਲੀਵੁੱਡ ਦੇ 'ਪਾਵਰ ਕਪਲ' ਕਹੇ ਜਾਣ ਵਾਲੇ ਮਲਾਇਕਾ ਅਤੇ ਅਰਬਾਜ਼ ਖਾਨ ਦੇ ਵੱਖ ਹੋਣ ਦੇ ਫੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਅਦਾਕਾਰਾ ਨੇ ਦੱਸਿਆ ਹੈ ਕਿ ਉਸ ਸਮੇਂ ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।
"ਆਪਣਿਆਂ ਨੇ ਹੀ ਸੁਣਾਈਆਂ ਸੀ ਖਰੀਆਂ-ਖਰੀਆਂ"
ਮਲਾਇਕਾ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2016 ਵਿੱਚ ਤਲਾਕ ਦਾ ਐਲਾਨ ਕੀਤਾ ਸੀ ਅਤੇ 2017 ਵਿੱਚ ਇਹ ਕਾਨੂੰਨੀ ਤੌਰ 'ਤੇ ਫਾਈਨਲ ਹੋਇਆ। ਅਦਾਕਾਰਾ ਮੁਤਾਬਕ ਉਸ ਵਕਤ ਸਿਰਫ਼ ਆਮ ਜਨਤਾ ਨੇ ਹੀ ਨਹੀਂ, ਸਗੋਂ ਉਨ੍ਹਾਂ ਦੇ ਪਰਿਵਾਰ ਅਤੇ ਕਰੀਬੀ ਦੋਸਤਾਂ ਨੇ ਵੀ ਉਨ੍ਹਾਂ ਦੇ ਫੈਸਲੇ 'ਤੇ ਸਵਾਲ ਚੁੱਕੇ ਸਨ ਅਤੇ ਉਨ੍ਹਾਂ ਨੂੰ ਕਾਫੀ ਜੱਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸਵਾਲ ਕੀਤੇ ਸਨ ਕਿ ਉਹ ਆਪਣੀ ਖੁਸ਼ੀ ਨੂੰ ਸਭ ਤੋਂ ਉੱਪਰ ਕਿਵੇਂ ਰੱਖ ਸਕਦੀ ਹੈ, ਪਰ ਉਨ੍ਹਾਂ ਨੂੰ ਆਪਣੇ ਫੈਸਲੇ 'ਤੇ ਕੋਈ ਪਛਤਾਵਾ ਨਹੀਂ ਹੈ।
ਦੂਜੇ ਵਿਆਹ 'ਤੇ ਮਲਾਇਕਾ ਦਾ ਜਵਾਬ
ਦੂਜੇ ਵਿਆਹ ਬਾਰੇ ਗੱਲ ਕਰਦਿਆਂ ਮਲਾਇਕਾ ਨੇ ਕਿਹਾ, "ਮੈਂ ਅੱਜ ਵੀ ਵਿਆਹ ਦੀ ਸੰਸਥਾ ਵਿੱਚ ਵਿਸ਼ਵਾਸ ਰੱਖਦੀ ਹਾਂ"। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਵਿਆਹ ਦੇ ਪਿੱਛੇ ਨਹੀਂ ਭੱਜ ਰਹੀ ਅਤੇ ਆਪਣੀ ਜ਼ਿੰਦਗੀ ਵਿੱਚ ਬਹੁਤ ਸੰਤੁਸ਼ਟ ਹੈ, ਪਰ ਜੇਕਰ ਪਿਆਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੁਦਰਤੀ ਤੌਰ 'ਤੇ ਦੁਬਾਰਾ ਦਸਤਕ ਦਿੰਦਾ ਹੈ, ਤਾਂ ਉਹ ਇਸ ਨੂੰ ਜ਼ਰੂਰ ਸਵੀਕਾਰ ਕਰੇਗੀ। ਉਹ ਪਿਆਰ ਕਰਨ ਅਤੇ ਪਿਆਰ ਵੰਡਣ ਦੇ ਵਿਚਾਰ ਨੂੰ ਪਸੰਦ ਕਰਦੀ ਹੈ।
ਮਰਦ-ਪ੍ਰਧਾਨ ਸਮਾਜ 'ਤੇ ਚੁੱਕੇ ਸਵਾਲ
ਅਦਾਕਾਰਾ ਨੇ ਸਮਾਜਿਕ ਦੋਹਰੇ ਮਾਪਦੰਡਾਂ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜਦੋਂ ਕੋਈ ਮਰਦ ਤਲਾਕ ਲੈਂਦਾ ਹੈ, ਤਾਂ ਉਸ 'ਤੇ ਸਵਾਲ ਨਹੀਂ ਚੁੱਕੇ ਜਾਂਦੇ, ਪਰ ਜੇਕਰ ਕੋਈ ਔਰਤ ਆਪਣੇ ਹੱਕ ਲਈ ਅੱਗੇ ਵਧਦੀ ਹੈ, ਤਾਂ ਲੋਕ ਉਸ 'ਤੇ ਉਂਗਲਾਂ ਚੁੱਕਣ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਅਕਸਰ 'ਆਦਰਸ਼ ਔਰਤ' ਦੇ ਦਾਇਰੇ ਵਿੱਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ।
ਨੌਜਵਾਨਾਂ ਨੂੰ ਖ਼ਾਸ ਸਲਾਹ
ਮਲਾਇਕਾ ਨੇ ਦੱਸਿਆ ਕਿ ਅਰਬਾਜ਼ ਨਾਲ ਵਿਆਹ ਵੇਲੇ ਉਹ ਸਿਰਫ਼ 25 ਸਾਲ ਦੀ ਸੀ। ਉਨ੍ਹਾਂ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਉਹ ਛੋਟੀ ਉਮਰ ਵਿੱਚ ਵਿਆਹ ਕਰਨ ਦੀ ਕਾਹਲੀ ਨਾ ਕਰਨ। ਉਨ੍ਹਾਂ ਮੁਤਾਬਕ ਵਿਆਹ ਤੋਂ ਪਹਿਲਾਂ ਇਨਸਾਨ ਨੂੰ ਜ਼ਿੰਦਗੀ ਦਾ ਤਜਰਬਾ ਹਾਸਲ ਕਰਨਾ ਚਾਹੀਦਾ ਹੈ ਅਤੇ ਖ਼ਾਸ ਕਰਕੇ ਆਰਥਿਕ ਅਤੇ ਭਾਵਨਾਤਮਕ ਤੌਰ 'ਤੇ ਸੁਤੰਤਰ ਹੋਣਾ ਬਹੁਤ ਜ਼ਰੂਰੀ ਹੈ।
