ਲਵ ਸਟੋਰੀ ‘ਕਟਹਲ’ ਕਾਮੇਡੀ ਦੇ ਨਾਲ ਦਿੰਦੀ ਹੈ ਸਮਾਜਿਕ ਸੰਦੇਸ਼ : ਸਾਨਿਆ ਮਲਹੋਤਰਾ

05/27/2023 11:57:18 AM

ਫ਼ਿਲਮ ‘ਕਟਹਲ’ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਫ਼ਿਲਮ ਵਿਚ ਇੰਸਪੈਕਟਰ ਮਹਿਮਾ ਦੀ ਭੂਮਿਕਾ ਵਿਚ ਸਾਨਿਆ ਮਲਹੋਤਰਾ ਦੀ ਕਾਮੇਡੀ ਐਕਟਿੰਗ ਦੀ ਖੂਬ ਤਾਰੀਫ ਹੋ ਰਹੀ ਹੈ। ਰਾਜਨੀਤਕ ਦਬਾਅ ਵਿਚ ਪੁਲਸ ਸ਼ਹਿਰ ਵਿਚੋਂ ਗਾਇਬ ਹੋਈ ਲੜਕੀ ਦੇ ਮਾਮਲੇ ਨੂੰ ਦਰਕਿਨਾਰ ਕਰ ਕੇ ਵਿਧਾਇਕ ਦੇ ਕਟਹਲ ਲੱਭਣ ਵਿਚ ਜੁਟ ਜਾਂਦੀ ਹੈ। ਹਾਲਾਂਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਇੰਸਪੈਕਟਰ ਮਹਿਮਾ ਹੁਸ਼ਿਆਰੀ ਨਾਲ ਕਟਹਲ ਮਾਮਲੇ ਨੂੰ ਲੜਕੀ ਦੇ ਅਗਵਾ ਨਾਲ ਜੋੜ ਦਿੰਦੀ ਹੈ। ਇਸ ਤੋਂ ਬਾਅਦ ਪੂਰਾ ਮਹਿਕਮਾ ਉਸ ਲੜਕੀ ਨੂੰ ਲੱਭਣ ਵਿਚ ਲੱਗ ਜਾਂਦਾ ਹੈ। ਫ਼ਿਲਮ ਦੀ ਸਫ਼ਲਤਾ ਨੂੰ ਲੈ ਕੇ ਅਦਾਕਾਰਾ ਸਾਨਿਆ ਮਲਹੋਤਰਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :       

ਫ਼ਿਲਮ ਲਈ ਹਾਂ ਕਹਿੰਦੇ ਸਮੇਂ ਅਤੇ ਸ਼ੂਟ ਕਰਦੇ ਸਮੇਂ ਕੀ ਤੁਹਾਨੂੰ ਲੱਗਾ ਸੀ ਕਿ ਇਹ ਫ਼ਿਲਮ ਲੋਕਾਂ ਨੂੰ ਇੰਨੀ ਪਸੰਦ ਆਵੇਗੀ ?
ਹਾਂ, ਮੈਨੂੰ ਆਤਮਵਿਸ਼ਵਾਸ ਸੀ ਅਤੇ ਮੇਰੇ ਪ੍ਰੋਡਿਊਸਰ ਨੂੰ ਵੀ ਆਤਮਵਿਸ਼ਵਾਸ ਸੀ। ਜਦੋਂ ਗੁਨੀਤ ਮੇਰੇ ਕੋਲ ਆਏ ਸੀ ਤਾਂ ਉਨ੍ਹਾਂ ਨੇ ਸਿਰਫ ਇਕ ਲਾਈਨ ਵਿਚ ਮੈਨੂੰ ਸਕ੍ਰਿਪਟ ਸਮਝਾਈ ਸੀ, ਕਿ ਇਕ ਕਟਹਲ ਚੋਰੀ ਹੋ ਜਾਂਦਾ ਹੈ ਅਤੇ ਇਕ ਪੁਲਸ ਵਾਲੀ ਉਸਨੂੰ ਲੱਭਣ ਨਿਕਲੀ ਹੈ। ਜੋ ਪਹਿਲਾਂ ਮੈਨੂੰ ਅਜੀਬ ਲੱਗੀ, ਪਰ ਬਾਅਦ ਵਿਚ ਦਿਲਚਸਪ ਲੱਗੀ। ਉਸ ਸਮੇਂ ਮੈਨੂੰ ਲੱਗਾ ਕਿ ਹਾਂ, ਅਜਿਹੀ ਹੀ ਫ਼ਿਲਮ ਮੈਨੂੰ ਚਾਹੀਦੀ ਸੀ ਅਤੇ ਦਰਸ਼ਕਾਂ ਦੀ ਤਰ੍ਹਾਂ ਵੀ ਮੈਂ ਇਸ ਫ਼ਿਲਮ ਨੂੰ ਵੇਖਣਾ ਪਸੰਦ ਕਰਾਂਗੀ। ਇਹ ਇਕ ਵੱਖਰੀ ਤਰ੍ਹਾਂ ਦੀ ਕਾਮੇਡੀ ਹੈ, ਜਿਸ ਨੂੰ ਦਰਸ਼ਕਾਂ ਨੂੰ ਦੇਖਣ ਵਿਚ ਕਾਫ਼ੀ ਅਨੰਦ ਆਵੇਗਾ।

ਫ਼ਿਲਮ ਦਾ ਅਜਿਹਾ ਕਿਹੜਾ ਕਾਰਨ ਸੀ, ਜਿਸਦੇ ਨਾਲ ਤੁਸੀਂ ਜੁੜ ਗਏ ?
ਇਸ ਵਿਚ ਇਕ ਤਰ੍ਹਾਂ ਦਾ ਸਮਾਜਿਕ ਸੰਦੇਸ਼ ਹੈ, ਜੋ ਮੈਨੂੰ ਐਸੋਸੀਏਟ ਲੱਗਾ ਕਿ ਅਜਿਹੀ ਫ਼ਿਲਮ ਦਾ ਹਿੱਸਾ ਹੋਣਾ ਚਾਹੀਦਾ ਹੈ। ਇਹ ਫ਼ਿਲਮ ਦਰਸ਼ਕਾਂ ਨੂੰ ਇੰਨਾ ਕੁਝ ਆਫਰ ਕਰ ਰਹੀ ਹੈ, ਇਸ ਵਿਚ ਲਵ ਸਟੋਰੀ ਹੈ, ਕਾਮੇਡੀ ਹੈ ਅਤੇ ਇਕ ਸਮਾਜਿਕ ਸੰਦੇਸ਼ ਹੈ, ਜਿਸ ਵਿਚ ਵਿਖਾਇਆ ਗਿਆ ਹੈ ਕਿ ਕਿਵੇਂ ਇਸ ਤਰ੍ਹਾਂ ਦੇ ਕੇਸ ਛੁੱਟ ਜਾਂਦੇ ਹਨ।

ਇਸ ਰੋਲ ਲਈ ਤੁਸੀਂ ਕਿਵੇਂ ਤਿਆਰੀ ਕੀਤੀ ?
ਇਸ ਕਰੈਕਟਰ ਨੂੰ ਨਿਭਾਉਣ ਲਈ ਤੁਹਾਡੇ ਲਈ ਉਸ ਨੂੰ ਜਿਊਣਾ ਜ਼ਰੂਰੀ ਹੈ। ਉਂਝ ਤਾਂ ਮੈਂ ਆਪਣੀ ਤਿਆਰੀ ਵਿਚ ਸਾਈਡ ਸਟੋਰੀ ਲਿਖਦੀ ਹਾਂ, ਕਰੈਕਟਰਜ਼ ਦੀ ਸਾਈਡ ਸਮਝਣ ਦੀ ਕੋਸ਼ਿਸ਼ ਕਰਦੀ ਹਾਂ ਪਰ ਇਸ ਕੇਸ ਵਿਚ, ਮੈਂ ਕਦੇ ਕਿਸੇ ਅਜਿਹੇ ਵਰਲਡ ਵਿਚ ਰਹੀ ਨਹੀਂ ਹਾਂ। ਮੈਂ ਕਦੇ ਕਿਸੇ ਕਾਪ ਨਾਲ ਇੰਟਰੈਕਟ ਨਹੀਂ ਕੀਤਾ ਤਾਂ ਮੇਰੇ ਲਈ ਇਹ ਕਰਨਾ ਬਹੁਤ ਮੁਸ਼ਕਿਲ ਸੀ। ਮੈਨੂੰ ਬੁੰਦੇਲਖੰਡੀ ਸਿੱਖਣ ਵਿਚ ਕਾਫ਼ੀ ਮਿਹਨਤ ਲੱਗੀ ਪਰ ਹਾਂ, ਸਾਨੂੰ ਗਵਾਲੀਅਰ ਵਿਚ ਰਹਿਣ ਦਾ ਮੌਕਾ ਮਿਲਿਆ। ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ, ਇਕ ਪੁਲਸ ਥਾਣੇ ਵਿਚ ਜਾ ਕੇ ਕਾਪਸ ਨੂੰ ਵੇਖਿਆ, ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਵੇਖਿਆ, ਜੋ ਮੈਨੂੰ ਕਾਫ਼ੀ ਕੰਮ ਆਇਆ।

ਫ਼ਿਲਮ ਵਿਚ ਮਹਿਮਾ ਦਾ ਜੋ ਕਿਰਦਾਰ ਵਿਖਾਇਆ ਗਿਆ ਹੈ, ਉਸ ਨੂੰ ਲੈ ਕੇ ਤੁਹਾਡਾ ਕੀ ਰੀਐਕਸ਼ਨ ਸੀ?
ਮੈਂ ਬਹੁਤ ਖੁਸ਼ਕਿਸਮਤ ਹਾਂ, ਕਿ ਮੈਨੂੰ ਇਸ ਕਰੈਕਟਰ ਦੇ ਜ਼ਰੀਏ ਆਪਣੇ ਦੇਸ਼ ਬਾਰੇ ਸਿੱਖਣ ਲਈ ਮਿਲਦਾ ਹੈ, ਕਿਉਂਕਿ ਅਜਿਹੇ ਕਿਰਦਾਰਾਂ ਲਈ ਬਹੁਤ ਡੂੰਘੇ ਅਧਿਐਨ ਦੀ ਜ਼ਰੂਰਤ ਪੈਂਦੀ ਹੈ। ਤੁਸੀਂ ਇੰਝ ਹੀ ਸਕ੍ਰਿਪਟ ਪੜ੍ਹ ਕੇ ਇਸਨੂੰ ਨਹੀਂ ਕਰ ਸਕਦੇ। ਮੈਂ ਬਹੁਤ ਸਾਰੇ ਇੰਟਰਵਿਊ ਵੇਖੇ, ਬਹੁਤ ਕਿਤਾਬਾਂ ਪੜ੍ਹੀਆਂ। ਇਹ ਮੇਰੀ ਜ਼ਿੰਮੇਵਾਰੀ ਹੈ, ਮੇਰੀ ਜਾਬ ਹੈ ਕਿ ਮੈਂ ਇਸ ਤਰ੍ਹਾਂ ਦੀਆਂ ਫ਼ਿਲਮਾਂ ਦੇ ਜ਼ਰੀਏ ਅਜਿਹੇ ਮੁੱਦਿਆਂ ਨੂੰ ਅੱਗੇ ਰੱਖ ਸਕਾਂ ਅਤੇ ਲੋਕਾਂ ਨੂੰ ਪ੍ਰੇਰਿਤ ਕਰ ਸਕਾਂ।

ਫ਼ਿਲਮ ਦਾ ਟਾਈਟਲ ਕਟਹਲ ਸੁਣ ਕੇ ਤੁਹਾਡੀ ਪਹਿਲੀ ਪ੍ਰਤੀਕਿਰਿਆ ਕੀ ਸੀ ?
ਈਮਾਨਦਾਰੀ ਨਾਲ ਦੱਸਾਂ ਤਾਂ ਇਹ ਕਾਫ਼ੀ ਯੂਨੀਕ ਸੀ। ਬੱਸ ਇਹ ਸੀ ਲੋਕ ਕਟਹਲ ਬੋਲ ਸਕਣਗੇ ਕਿ ਨਹੀਂ, ਕਿਉਂਕਿ ਕਈ ਲੋਕ ਕਤਲ ਬੋਲ ਰਹੇ ਸਨ, ਤਾਂ ਨਾਲ ਹੀ ਸਾਨੂੰ ਜੈਕਫਰੂਟ ਲਗਾਉਣਾ ਪਿਆ।

ਅੱਜ ਆਪਣੇ 7-8 ਸਾਲ ਦੇ ਇਸ ਸਫ਼ਰ ਵਿਚ ਆਪਣੀ ਗ੍ਰੋਥ ਨੂੰ ਕਿਵੇਂ ਵੇਖਦੇ ਹੋ?
ਮੈਂ ਵੇਖਿਆ ਹੈ ਕਿ ਮਿਹਨਤ ਰੰਗ ਲਿਆਉਂਦੀ ਹੈ। ਜੇਕਰ ਤੁਸੀਂ ਕਿਸੇ ਕਿਰਦਾਰ ਲਈ ਮਿਹਨਤ ਕਰਦੇ ਹੋ, ਤਾਂ ਤੁਹਾਡੀ ਪੇਸ਼ਕਾਰੀ ਵਿਚ ਦਿਸਦੀ ਹੈ, ਝਲਕਦੀ ਹੈ। ਤਾਂ ਮੇਰੇ ਕਿਸੇ ਵੀ ਕਿਰਦਾਰ ਵਿਚ ਅਜਿਹਾ ਨਹੀਂ ਹੋਇਆ ਕਿ ਮੈਂ ਕਿਸੇ ਵੀ ਕਿਰਦਾਰ ਲਈ ਮਿਹਨਤ ਨਾ ਕੀਤੀ ਹੋਵੇ। ਅੱਜ ਵੀ ਮੇਰੀ ਉਹ ਮਿਹਨਤ ਜਾਰੀ ਹੈ। ਮੈਂ ਖੁਦ ਨੂੰ ਇਕ ਪਾਵਰਫੁਲ ਔਰਤ ਦੇ ਤੌਰ ’ਤੇ ਦਿਖਾਉਣਾ ਚਾਹੁੰਦੀ ਹਾਂ ਤਾਂ ਮੈਨੂੰ ਅਜਿਹੇ ਕਿਰਦਾਰ ਦੇ ਵਿਖਾਉਣ ਦਾ ਮੌਕਾ ਮਿਲ ਰਿਹਾ ਹੈ, ਤਾਂ ਮੈਂ ਇਸਨੂੰ ਆਪਣੇ ਸਫ਼ਰ ਵਿਚ ਗ੍ਰੋਥ ਮੰਨਦੀ ਹਾਂ।

ਰੋਲ ਚੁਣਦੇ ਸਮੇਂ ਕੀ ਤੁਸੀਂ ਉਸ ਦੀਆਂ ਕਠਿਨਾਈਆਂ ਨੂੰ ਵੇਖਦੇ ਹੋ?
ਹਰ ਰੋਲ ਚੈਲੇਂਜਿੰਗ ਤਾਂ ਹੁੰਦਾ ਹੈ, ਜਿਵੇਂ ‘ਪਟਾਕਾ’ ਲਈ ਮੈਂ ਬਹੁਤ ਸਾਰਾ ਭਾਰ ਵਧਾਇਆ ਸੀ। ਇੰਝ ਹੀ ਹਰ ਰੋਲ ਵਿਚ ਕੁਝ ਨਾ ਕੁਝ ਹੁੰਦਾ ਹੈ। ਹਰ ਰੋਲ ਵਿਚ ਵੱਖ ਦਿਖਣਾ ਹੀ ਹੈ, ਚਾਹੇ ਫਿਰ ਵੇਟ ਵਧਾਉਣਾ ਹੋਵੇ ਜਾਂ ਘਟਾਉਣਾ ਹੋਵੇ। ਇਹ ਸਭ ਮੇਰੇ ਦਿਮਾਗ ਵਿਚ ਚਲਦਾ ਰਹਿੰਦਾ ਹੈ, ਜਦੋਂ ਵੀ ਮੈਂ ਕਿਸੇ ਰੋਲ ਲਈ ਕੰਮ ਕਰ ਰਹੀ ਹੁੰਦੀ ਹਾਂ।

ਤੁਹਾਡੀ ਬਕੇਟ ਲਿਸਟ ਵਿਚ ਅਜਿਹੀ ਕਿਹੜੀ ਵਿਸ਼ ਹੈ, ਜੋ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ?
ਇਸ ਸਾਲ ਤਾਂ ਮੇਰੀਆਂ ਕਾਫ਼ੀ ਬਕੇਟ ਲਿਸਟ ਪੂਰੀਆਂ ਹੋ ਗਈਆਂ ਹਨ, ਜਿਵੇਂ ਐੱਸ. ਆਰ. ਦੇ ਨਾਲ ਕੰਮ ਕਰਨ ਦੀ ਵਿਸ਼ ਪੂਰੀ ਹੋ ਗਈ। ਕਾਮੇਡੀ ਫ਼ਿਲਮ ਕਰਨਾ ‘ਕਟਹਲ’ ਨਾਲ ਪੂਰਾ ਹੋ ਗਿਆ। ਮੇਘਨਾ ਗੁਲਜ਼ਾਰ ਨਾਲ ਕੰਮ ਕਰਨ ਦੀ ਵਿਸ਼ ਸੈਮ ਬਹਾਦਰ ਨਾਲ ਪੂਰੀ ਹੋ ਜਾਵੇਗੀ। ਹਾਂ, ਮੇਰੇ ਮਨ ਦੀ ਇਕ ਇੱਛਾ ਹੈ, ਉਹ ਇਕ ਡਾਂਸ ਫ਼ਿਲਮ ਹੈ। ਮੈਂ ਉਮੀਦ ਕਰਦੀ ਹਾਂ ਕਿ ਇਹ ਵੀ ਜਲਦੀ ਪੂਰੀ ਹੋਵੇ।


sunita

Content Editor

Related News