ਮਸ਼ਹੂਰ ਅਦਾਕਾਰ ਦੇ ਦੇਹਾਂਤ ਨਾਲ ਇੰਡਸਟਰੀ 'ਚ ਪਸਰਿਆ ਸੋਗ! ਸਾਹਮਣੇ ਆਈ ਆਖਰੀ ਪਲਾਂ ਦੀ ਵੀਡੀਓ
Monday, Nov 10, 2025 - 06:17 PM (IST)
ਮੁੰਬਈ- ਭਾਰਤੀ ਫਿਲਮਾਂ ਦੇ ਅਦਾਕਾਰ ਅਭਿਨਵ ਕਿੰਗਰ ਦਾ ਸੋਮਵਾਰ 10 ਨਵੰਬਰ 2025 ਨੂੰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਸਿਰਫ਼ 44 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਅਭਿਨਵ ਕਿੰਗਰ ਕਈ ਸਾਲਾਂ ਤੋਂ ਇੱਕ ਗੰਭੀਰ ਜਿਗਰ ਦੀ ਬੀਮਾਰੀ ਨਾਲ ਜੂਝ ਰਹੇ ਸਨ।
ਬੀਮਾਰੀ ਨੇ ਵਿਗਾੜੀ ਸੀ ਸਰੀਰਕ ਅਤੇ ਆਰਥਿਕ ਹਾਲਤ
ਜਾਣਕਾਰੀ ਅਨੁਸਾਰ ਅਦਾਕਾਰ ਨੂੰ ਜਿਗਰ ਦੀ ਗੰਭੀਰ ਬਿਮਾਰੀ ਸੀ, ਜਿਸ ਕਾਰਨ ਉਨ੍ਹਾਂ ਦਾ ਲਿਵਰ ਖਰਾਬ ਹੋ ਰਿਹਾ ਸੀ। ਇਸ ਬਿਮਾਰੀ ਦੇ ਚਲਦਿਆਂ ਉਨ੍ਹਾਂ ਦਾ ਸਰੀਰ ਸੁੱਕਦਾ ਜਾ ਰਿਹਾ ਸੀ ਅਤੇ ਉਨ੍ਹਾਂ ਦੇ ਪੇਟ ਵਿੱਚ ਪਾਣੀ ਭਰਨ ਕਾਰਨ ਵੀ ਉਨ੍ਹਾਂ ਦੀ ਹਾਲਤ ਖ਼ਰਾਬ ਸੀ। ਮੌਤ ਤੋਂ ਬਾਅਦ ਅਭਿਨਵ ਕਿੰਗਰ ਦਾ ਇੱਕ ਆਖਰੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਉਨ੍ਹਾਂ ਦੀ ਸਰੀਰਕ ਅਤੇ ਆਰਥਿਕ ਹਾਲਤ ਦੋਵੇਂ ਹੀ ਮਾੜੀਆਂ ਦਿਖਾਈ ਦੇ ਰਹੀਆਂ ਸਨ। ਬਿਮਾਰੀ ਕਾਰਨ ਉਨ੍ਹਾਂ ਦਾ ਵਜ਼ਨ ਕਾਫ਼ੀ ਘਟ ਗਿਆ ਸੀ, ਜਿਸ ਕਰਕੇ ਉਨ੍ਹਾਂ ਨੂੰ ਪਛਾਣਨਾ ਵੀ ਮੁਸ਼ਕਲ ਹੋ ਰਿਹਾ ਸੀ।
ਇਲਾਜ ਲਈ ਕੀਤੀ ਸੀ ਆਰਥਿਕ ਮਦਦ ਦੀ ਅਪੀਲ
ਇਲਾਜ 'ਤੇ ਲੱਗ ਰਹੇ ਭਾਰੀ ਖਰਚੇ ਕਾਰਨ ਉਨ੍ਹਾਂ ਦੀ ਮਾਲੀ ਹਾਲਤ ਵੀ ਚੰਗੀ ਨਹੀਂ ਸੀ। ਅਦਾਕਾਰ ਨੇ ਪੈਸਿਆਂ ਦੀ ਤੰਗੀ ਕਾਰਨ ਲੋਕਾਂ ਤੋਂ ਮਦਦ ਲਈ ਅਪੀਲ ਵੀ ਕੀਤੀ ਸੀ ਤਾਂ ਜੋ ਉਹ ਬਿਹਤਰ ਇਲਾਜ ਕਰਵਾ ਸਕਣ। ਇਸ ਤੋਂ ਪਹਿਲਾਂ, ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਕੋਲ ਜੀਣ ਲਈ ਸਿਰਫ਼ ਡੇਢ ਸਾਲ ਦਾ ਸਮਾਂ ਬਚਿਆ ਹੈ। ਦੱਸਣਯੋਗ ਹੈ ਕਿ ਅਭਿਨਵ ਦੇ ਪਿਤਾ ਦੀ ਮੌਤ ਵੀ ਕੈਂਸਰ ਕਾਰਨ ਹੋਈ ਸੀ।
ਧਨੁਸ਼ ਨਾਲ ਕੀਤੀ ਸੀ ਕਰੀਅਰ ਦੀ ਸ਼ੁਰੂਆਤ
ਅਭਿਨਵ ਕਿੰਗਰ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਧਨੁਸ਼ ਦੇ ਨਾਲ ਫਿਲਮ 'ਥੁਲੁਵਧੋ ਇਲਮਈ' ਤੋਂ ਕੀਤੀ ਸੀ। ਉਨ੍ਹਾਂ ਨੇ ਤਾਮਿਲ, ਤੇਲਗੂ ਅਤੇ ਕੰਨੜ ਸਿਨੇਮਾ ਵਿੱਚ 15 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਅਤੇ ਆਪਣੀ ਪਛਾਣ ਬਣਾਈ। ਉਹ ਕਈ ਪ੍ਰੋਜੈਕਟਾਂ ਵਿੱਚ ਆਪਣੇ ਵੌਇਸ-ਓਵਰ ਲਈ ਵੀ ਜਾਣੇ ਜਾਂਦੇ ਹਨ।
ਇਸ ਵੇਲੇ ਉਨ੍ਹਾਂ ਦਾ ਪਾਰਥਿਵ ਸਰੀਰ ਚੇਨਈ ਸਥਿਤ ਉਨ੍ਹਾਂ ਦੇ ਘਰ 'ਚ ਰੱਖਿਆ ਗਿਆ ਹੈ। ਉਨ੍ਹਾਂ ਦਾ ਪਰਿਵਾਰ ਸ਼ਹਿਰ ਤੋਂ ਦੂਰ ਹੋਣ ਕਾਰਨ ਨਦੀਗਰ ਸੰਗਮ ਦੇ ਨੁਮਾਇੰਦਿਆਂ ਨੂੰ ਅੰਤਿਮ ਸੰਸਕਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
