ਟੀ. ਵੀ. ਸੀਰੀਅਲ ''ਕੁਮਕੁਮ ਭਾਗਯ'' ਫੇਮ ''ਇੰਦੂ ਦਾਦੀ'' ਦਾ ਦਿਹਾਂਤ

10/19/2020 3:50:42 PM

ਮੁੰਬਈ (ਬਿਊਰੋ) : ਮਸ਼ਹੂਰ ਟੀ. ਵੀ. ਸੀਰੀਅਲ ਕੁਮਕੁਮ ਭਾਗਯ 'ਚ ਇੰਦੂ ਦਾਦੀ ਦੀ ਭੂਮਿਕਾ ਨਿਭਾਉਣ ਵਾਲੀ ਜ਼ਰੀਨਾ ਰੋਸ਼ਨ ਖ਼ਾਨ ਦਾ ਦਿਹਾਂਤ ਹੋ ਗਿਆ ਹੈ। ਉਹ 54 ਸਾਲ ਦੀ ਸਨ। ਅਚਾਨਕ ਦਿਹਾਂਤ ਦੀ ਖ਼ਬਰ ਆਉਣ ਨਾਲ ਨਾ ਸਿਰਫ਼ ਉਨ੍ਹਾਂ ਦੇ ਚਾਹੁਣ ਵਾਲੇ ਸਗੋਂ ਸੀਰੀਅਲ 'ਚ ਉਨ੍ਹਾਂ ਨਾਲ ਕੰਮ ਕਰਨ ਵਾਲੇ ਕਲਾਕਾਰ ਵੀ ਹੈਰਾਨ ਹਨ। ਹੁਣ ਤਕ ਦੀ ਜਾਣਕਾਰੀ ਮੁਤਾਬਿਕ, ਇੰਦੂ ਦਾਦੀ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ। ਹਾਲਾਂਕਿ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਪਰਿਵਾਰ ਵੱਲੋਂ ਅਧਿਕਾਰਤ ਬਿਆਨ ਆਉਣਾ ਬਾਕੀ ਹੈ।

ਦਿਹਾਂਤ ਦੀ ਖ਼ਬਰ ਆਉਣ ਤੋਂ ਬਾਅਦ ਟੀ. ਵੀ. ਇੰਡਸਟਰੀ ਨਾਲ ਜੁੜੇ ਲੋਕ ਸ਼ਰਧਾਂਜਲੀ ਭੇਟ ਕਰ ਰਹੇ ਹਨ। ਟੀ. ਵੀ. ਜਗਤ ਨਾਲ ਜੁੜੀ ਸ਼ਰੂਤੀ ਝਾਅ ਨੇ ਜ਼ਰੀਨਾ ਰੋਸ਼ਨ ਖ਼ਾਨ ਨਾਲ ਆਪਣਾ ਇਕ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ, ਜਿਸ ਵਿਚ ਦੋਵਾਂ ਨੇ ਇਕੱਠੇ ਡਾਂਸ ਕੀਤਾ ਸੀ। ਇਸੇ ਤਰ੍ਹਾਂ ਐਕਟਰ ਸ਼ਬੀਰ ਆਹਲੂਵਾਲੀਆ ਨੇ ਵੀ ਜ਼ਰੀਨਾ ਨਾਲ ਆਪਣੀ ਇਕ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, 'ਵੋ ਚਾਂਦ ਸਾ ਰੋਸ਼ਨ ਚੇਹਰਾ।'

ਜ਼ਰੀਨਾ ਦੇ ਨਾਲ ਕੰਮ ਕਰ ਚੁੱਕੇ ਕਲਾਕਾਰ ਦੱਸਦੇ ਹਨ ਕਿ ਉਹ ਇਕ ਜ਼ਿੰਦਾਦਿਲ ਔਰਤ ਸੀ। ਉਸ ਨਾਲ ਗੱਲ ਕਰਕੇ ਹਮੇਸ਼ਾ ਕੁਝ ਚੰਗਾ ਕਰਨ ਦਾ ਜੋਸ਼ ਜਾਗ ਜਾਂਦਾ ਸੀ। ਉਹ ਖ਼ੁਦ ਵੀ ਕਦੇ ਨਿਰਾਸ਼ ਨਹੀਂ ਹੁੰਦੀ ਸੀ ਤੇ ਨਿਰਾਸ਼ ਹੋਣ ਵਾਲਿਆਂ ਨੂੰ ਨਵੀਂ ਪ੍ਰੇਰਣਾ ਦਿੰਦੀ ਸੀ। Kumkum Bhagya ਤੋਂ ਇਲਾਵਾ ਜ਼ਰੀਨਾ ਰੋਸ਼ਨ ਖ਼ਾਨ ਨੇ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਵੀ ਰੋਲ ਕੀਤਾ ਸੀ ਤੇ ਲੋਕਾਂ ਨੇ ਉਨ੍ਹਾਂ ਨੂੰ ਖ਼ੂਬ ਪਸੰਦ ਕੀਤਾ ਸੀ।
 


sunita

Content Editor

Related News