‘ਨੋਟਾਂ ਵਾਲੇ ਹਾਰਾਂ’ ’ਤੇ ਵੀ ਪਈ ਮਹਿੰਗਾਈ ਦੀ ਮਾਰ: ਸ਼ਗਨ ਪਾਉਣਾ ਹੋਇਆ ਮਹਿੰਗਾ
Sunday, May 03, 2026 - 09:44 PM (IST)
ਅੰਮ੍ਰਿਤਸਰ (ਸਰਬਜੀਤ) - ਪੰਜਾਬ ’ਚ ਜਿੱਥੇ ਪਿਛਲੇ ਦਿਨੀਂ ਜੰਗ ਦੀ ਦਹਿਸ਼ਤ ਅਤੇ ਆਰਥਿਕ ਅਸਥਿਰਤਾ ਕਾਰਨ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਸੀ, ਉੱਥੇ ਹੀ ਹੁਣ ਇਸ ਦੀ ਮਾਰ ਵਿਆਹ-ਸ਼ਾਦੀਆਂ ਦੇ ਸ਼ਗਨਾਂ ’ਤੇ ਵੀ ਪੈਣੀ ਸ਼ੁਰੂ ਹੋ ਗਈ ਹੈ। ਰਸੋਈ ਦੇ ਰਾਸ਼ਨ ਅਤੇ ਘਰ ਦੀ ਵਰਤੋਂ ਵਾਲੀਆਂ ਚੀਜ਼ਾਂ ਦੇ ਰੇਟ ਵਧਣ ਤੋਂ ਬਾਅਦ ਹੁਣ ਖੁਸ਼ੀ ਦੇ ਮੌਕਿਆਂ ’ਤੇ ਵਰਤੇ ਜਾਣ ਵਾਲੇ ‘ਨੋਟਾਂ ਦੇ ਹਾਰ’ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਹਾਰ ਬਣਾਉਣ ਵਾਲੇ ਕਾਰੀਗਰ ਅਸਲ ਨਕਦੀ ਦੀ ਰਕਮ ਨਾਲੋਂ 80 ਫੀਸਦੀ ਤੱਕ ਜ਼ਿਆਦਾ ਪੈਸੇ ਵਸੂਲ ਰਹੇ ਹਨ।
ਧਾਰਮਿਕ ਅਤੇ ਇਤਿਹਾਸਕ ਨਗਰੀ ਅੰਮ੍ਰਿਤਸਰ, ਜੋ ਆਪਣੇ ਸ਼ਾਨਦਾਰ ਵਿਆਹਾਂ ਅਤੇ ਖੁੱਲ੍ਹੇ-ਖਰਚੇ ਲਈ ਜਾਣੀ ਜਾਂਦੀ ਹੈ, ਉੱਥੇ ਨੋਟਾਂ ਦੇ ਹਾਰਾਂ ਦਾ ਕਾਰੋਬਾਰ ਕਾਫੀ ਵੱਡਾ ਹੈ। ਅੰਮ੍ਰਿਤਸਰ ਦੇ ਹਾਲ ਬਾਜ਼ਾਰ, ਗੁਰੂ ਬਾਜ਼ਾਰ ਅਤੇ ਹੋਰ ਪ੍ਰਮੁੱਖ ਵਪਾਰਕ ਕੇਂਦਰਾਂ ’ਚ ਨੋਟਾਂ ਦੇ ਹਾਰ ਬਣਾਉਣ ਵਾਲੀਆਂ ਦੁਕਾਨਾਂ ’ਤੇ ਪਹਿਲਾਂ ਜਿੱਥੇ ਗਾਹਕਾਂ ਦੀ ਭੀੜ ਲੱਗੀ ਰਹਿੰਦੀ ਸੀ, ਉੱਥੇ ਹੁਣ ਮਹਿੰਗਾਈ ਕਰ ਕੇ ਸੰਨਾਟਾ ਵੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਦੇ ਕਾਰੀਗਰਾਂ ਦਾ ਕਹਿਣਾ ਹੈ ਕਿ ਹਾਰ ਬਣਾਉਣ ਲਈ ਵਰਤਿਆ ਜਾਣ ਵਾਲਾ ਸਾਮਾਨ ਜਿਵੇਂ ਗੱਟਾ, ਚਮਕੀਲੀ ਟੇਪ, ਮੋਤੀ ਅਤੇ ਫੁੱਲ ਵੀ ਮਹਿੰਗੇ ਹੋ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰੀ ਵੱਸ ਰੇਟ ਵਧਾਉਣੇ ਪਏ ਹਨ।
80 ਫੀਸਦੀ ਵਾਧੂ ਵਸੂਲੀ ਨੇ ਲੋਕਾਂ ਨੂੰ ਪਾਇਆ ਪ੍ਰੇਸ਼ਾਨੀ ’ਚ
ਜੇਕਰ ਕੋਈ ਵਿਅਕਤੀ 1000 ਰੁਪਏ ਦੇ ਨੋਟਾਂ ਵਾਲਾ ਹਾਰ ਬਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਇਸ ਲਈ ਲੱਗਭਗ 1800 ਰੁਪਏ ਤੱਕ ਖਰਚ ਕਰਨੇ ਪੈ ਰਹੇ ਹਨ। ਇਹ 80 ਫੀਸਦੀ ਦਾ ਵਾਧਾ ਸਿੱਧੇ ਤੌਰ ’ਤੇ ਗਾਹਕ ਦੀ ਜੇਬ ’ਤੇ ਡਾਕਾ ਮਾਰ ਰਿਹਾ ਹੈ। ਮੱਧ ਵਰਗੀ ਪਰਿਵਾਰਾਂ ਲਈ ਇਹ ਸਥਿਤੀ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਮਹਿੰਗੇ ਪੈਲੇਸਾਂ, ਕੈਟਰਿੰਗ ਅਤੇ ਕੱਪੜਿਆਂ ਦੇ ਖਰਚਿਆਂ ਨੇ ਲੱਕ ਤੋੜਿਆ ਹੋਇਆ ਹੈ ਅਤੇ ਹੁਣ ਨੋਟਾਂ ਦੇ ਹਾਰਾਂ ਵਰਗੀਆਂ ਰਵਾਇਤਾਂ ਨਿਭਾਉਣਾ ਵੀ ਮੁਸ਼ਕਿਲ ਹੋ ਗਿਆ ਹੈ।
ਕਾਰਨ ਅਤੇ ਪ੍ਰਭਾਵ
ਬਾਜ਼ਾਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ’ਚ ਵਧ ਰਹੀ ਮਹਿੰਗਾਈ ਨੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ। ਅੰਮ੍ਰਿਤਸਰ ਦੇ ਇਕ ਸਥਾਨਕ ਗਾਹਕ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਕਿਹਾ ਕਿ ਪਹਿਲਾਂ ਨੋਟਾਂ ਦੇ ਹਾਰਾਂ ਦੀ ਮੇਕਿੰਗ ਚਾਰਜ 10 ਤੋਂ 20 ਫੀਸਦੀ ਹੁੰਦੀ ਸੀ, ਪਰ ਹੁਣ 80 ਫੀਸਦੀ ਮੰਗਣਾ ਸਰਾਸਰ ਨਾਇਨਸਾਫੀ ਹੈ। ਦੂਜੇ ਪਾਸੇ, ਦੁਕਾਨਦਾਰਾਂ ਦਾ ਤਰਕ ਹੈ ਕਿ ਨਵੇਂ ਨੋਟਾਂ ਦੀ ਕਿੱਲਤ ਅਤੇ ਬੈਂਕਾਂ ਤੋਂ ਨਵੀਂ ਕਰੰਸੀ ਲੈਣ ਲਈ ਉਨ੍ਹਾਂ ਨੂੰ ਭਾਰੀ ਕਮਿਸ਼ਨ ਦੇਣਾ ਪੈਂਦਾ ਹੈ, ਜਿਸ ਦਾ ਬੋਝ ਅੰਤ ’ਚ ਗਾਹਕ ’ਤੇ ਹੀ ਪੈਂਦਾ ਹੈ।
ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ’ਚ ਇਸ ਵੇਲੇ ਨੋਟਾਂ ਦੇ ਹਾਰਾਂ ਦੇ ਕਾਰੋਬਾਰੀ ਮੰਦੀ ਦੇ ਦੌਰ ’ਚੋਂ ਗੁਜ਼ਰ ਰਹੇ ਹਨ। ਜੇਕਰ ਮਹਿੰਗਾਈ ਦੀ ਇਹ ਰਫ਼ਤਾਰ ਜਾਰੀ ਰਹੀ, ਤਾਂ ਆਉਣ ਵਾਲੇ ਸਮੇਂ ’ਚ ਨੋਟਾਂ ਦੇ ਹਾਰਾਂ ਦੀ ਇਹ ਪੁਰਾਣੀ ਰਵਾਇਤ ਸਿਰਫ ਅਮੀਰ ਵਰਗ ਤੱਕ ਹੀ ਸੀਮਤ ਰਹਿ ਜਾਵੇਗੀ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਧ ਰਹੀ ਮਹਿੰਗਾਈ ’ਤੇ ਨਕੇਲ ਪਾਵੇ ਤਾਂ ਜੋ ਆਮ ਆਦਮੀ ਆਪਣੀਆਂ ਖੁਸ਼ੀਆਂ ਨੂੰ ਬਿਨਾਂ ਕਿਸੇ ਆਰਥਿਕ ਬੋਝ ਦੇ ਮਨਾ ਸਕੇ।
