ਚੰਡੀਗੜ੍ਹ-ਮੋਹਾਲੀ ''ਚ ਅੱਜ ਵੀ ED ਦੀ ਛਾਪੇਮਾਰੀ ਜਾਰੀ
Friday, May 08, 2026 - 10:29 AM (IST)
ਚੰਡੀਗੜ੍ਹ : ਚੰਡੀਗੜ੍ਹ ਅਤੇ ਮੋਹਾਲੀ 'ਚ ਬਿਲਡਰਾਂ ਦੇ ਟਿਕਾਣਿਆਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਛਾਪੇਮਾਰੀ 24 ਘੰਟਿਆਂ ਮਗਰੋਂ ਅੱਜ ਵੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਵੀ ਮੋਹਾਲੀ ਅਤੇ ਚੰਡੀਗੜ੍ਹ 'ਚ ਬਿਲਡਰਾਂ ਦੇ ਟਿਕਾਣਿਆਂ 'ਤੇ ਈ. ਡੀ. ਦੀ ਟੀਮ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਬੀਤੇ ਦਿਨ ਤੋਂ ਹੀ ਈ. ਡੀ. ਦੇ ਅਧਿਕਾਰੀ ਰਿਕਾਰਡ ਖੰਗਾਲ ਰਹੇ ਹਨ। ਬੀਤੇ ਦਿਨ ਹੋਈ ਛਾਪੇਮਾਰੀ ਦੌਰਾਨ ਈ. ਡੀ. ਨੇ ਰੀਅਲ ਅਸਟੇਟ ਗਰੁੱਪਾਂ ਦੇ ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ।
ਪੰਜਾਬ ਤੇ ਚੰਡੀਗੜ੍ਹ ’ਚ ਕੀਤੀਆਂ ਗਈਆਂ ਤਲਾਸ਼ੀਆਂ ਦੌਰਾਨ ਨਾ ਸਿਰਫ਼ ਕਰੋੜਾਂ ਦੇ ਜ਼ਮੀਨੀ ਤੇ ਰੀਅਲ ਅਸਟੇਟ ਘਪਲਿਆਂ ਦੇ ਦੋਸ਼ ਸਾਹਮਣੇ ਆਏ, ਸਗੋਂ ਪੰਜਾਬ ਦੇ ਦੇ ਇਕ ਵੱਡੇ ਨੇਤਾ ਦਾ ਨਾਂ ਵੀ ਈ. ਡੀ. ਦੇ ਬਿਆਨ ’ਚ ਆਉਣ ਨਾਲ ਸਿਆਸੀ ਤੂਫ਼ਾਨ ਖੜ੍ਹਾ ਹੋ ਗਿਆ। ਈ. ਡੀ. ਨੇ ਦੋ ਵੱਡੇ ਰੀਅਲ ਅਸਟੇਟ ਗਰੁੱਪਾਂ ਸਨਟੈਕ ਸਿਟੀ ਪ੍ਰਾਜੈਕਟ ਨਾਲ ਜੁੜੀ ਇੰਡੀਅਨ ਕੋ-ਆਪਰੇਟਿਵ ਹਾਊਸਿੰਗ ਬਿਲਡਿੰਗ ਸੁਸਾਇਟੀ ਅਤੇ ਐਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਛਾਪੇਮਾਰੀ ਕੀਤੀ। ਏਜੰਸੀ ਦਾ ਦਾਅਵਾ ਹੈ ਕਿ ਇਨ੍ਹਾਂ ਕੰਪਨੀਆਂ ਨੇ ਫ਼ਰਜ਼ੀ ਦਸਤਾਵੇਜ਼ਾਂ, ਜਾਅਲਸਾਜ਼ੀ ਅਤੇ ਭੁਲੇਖੇ ’ਚ ਰੱਖ ਕੇ ਲੋਕਾਂ ਤੋਂ ਕਰੋੜਾਂ ਰੁਪਏ ਇਕੱਠੇ ਕੀਤੇ ਅਤੇ ਇਸ ਦੌਰਾਨ ਸਿਆਸੀ ਸਰਪ੍ਰਸਤੀ ਵੀ ਮਿਲਦੀ ਰਹੀ।
