‘ਦੀਆ ਔਰ ਬਾਤੀ ਹਮ’ ਦੀ ਅਦਾਕਾਰਾ ਨੇ ਸਾਜਿਦ ਖ਼ਾਨ ’ਤੇ ਲਾਏ ਗੰਭੀਰ ਦੋਸ਼, ਕਿਹਾ– ‘ਟਾਪ ਹਟਾ ਕੇ...’

10/13/2022 2:53:43 PM

ਮੁੰਬਈ (ਬਿਊਰੋ)– ਸਾਜਿਦ ਖ਼ਾਨ ਦੇ ‘ਬਿੱਗ ਬੌਸ 16’ ’ਚ ਆਉਣ ਤੋਂ ਬਾਅਦ ਉਨ੍ਹਾਂ ਦੇ ਪੁਰਾਣੇ ਕੇਸ ਮੁੜ ਤੋਂ ਚਰਚਾ ’ਚ ਆਉਣ ਲੱਗੇ ਹਨ। ਸ਼ਰਲਿਨ ਚੋਪੜਾ ਤੋਂ ਬਾਅਦ ਹੁਣ ‘ਦੀਆ ਔਰ ਬਾਤੀ ਹਮ’ ਫੇਮ ਕਨਿਸ਼ਕਾ ਸੋਨੀ ਦੀ ਪੋਸਟ ਚਰਚਾ ’ਚ ਹੈ। ਕਨਿਸ਼ਕਾ ਨੇ ਇਕ ਵੀਡੀਓ ਪੋਸਟ ਕੀਤੀ ਹੈ, ਨਾਲ ਹੀ ਲੰਮੀ ਕੈਪਸ਼ਨ ਵੀ ਲਿਖੀ ਹੈ।

ਪੋਸਟ ’ਚ ਲਿਖਿਆ ਹੈ ਕਿ ਉਹ ਉਸ ਇਨਸਾਨ ਦੇ ਨਾਂ ਦਾ ਖ਼ੁਲਾਸਾ ਕਰਨ ’ਚ ਡਰੀ ਹੋਈ ਹੈ, ਜਿਸ ਨੇ ਉਸ ਨੂੰ ਫ਼ਿਲਮ ’ਚ ਰੋਲ ਦੇਣ ਦੇ ਨਾਂ ’ਤੇ ਟਾਪ ਉੱਪਰ ਚੁਕਵਾਇਆ ਸੀ। ਕਨਿਸ਼ਕਾ ਨੇ ਕਿਹਾ ਕਿ ਉਸ ਨੂੰ ਪਤਾ ਲੱਗਾ ਹੈ ਕਿ ਉਹ ਡਾਇਰੈਕਟਰ ‘ਬਿੱਗ ਬੌਸ’ ’ਚ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ਵਿਵਾਦ : ਸੈਫ ਅਲੀ ਖ਼ਾਨ ਖ਼ਿਲਾਫ਼ ਸ਼ਿਕਾਇਤ ਦਰਜ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲੱਗਾ ਦੋਸ਼

ਕਨਿਸ਼ਕਾ ਨੇ ਦੱਸਿਆ, ‘‘ਉਸ ਡਾਇਰੈਕਟਰ ਦਾ ਨਾਂ ਸਾਜਿਦ ਖ਼ਾਨ ਹੈ। ਉਸ ਨੂੰ ਮੈਂ 2008 ’ਚ ਮਿਲੀ ਸੀ। ਉਸ ਸਮੇਂ ਮੈਂ 2 ਰਿਐਲਿਟੀ ਸ਼ੋਅਜ਼ ਕੀਤੇ ਸਨ। ਮੈਂ ਮੁੰਬਈ ’ਚ ਗੁਜ਼ਾਰਾ ਕਰਨ ਲਈ ਪ੍ਰੋਡਿਊਸਰਾਂ ਤੇ ਡਾਇਰੈਕਟਰਾਂ ਨੂੰ ਇੰਟਰਵਿਊ ਦਿੰਦੀ ਸੀ। ਉਦੋਂ ਮੇਰਾ ਸੰਪਰਕ ਸਾਜਿਦ ਖ਼ਾਨ ਨਾਲ ਹੋਇਆ। ਸਾਜਿਦ ਨੂੰ ਕਾਲ ਕੀਤੀ ਤਾਂ ਉਸ ਨੇ ਇੰਟਰਵਿਊ ਲੈਣ ਲਈ ਸਾਜਿਦ ਨਾਡਿਆਡਵਾਲਾ ਦੇ ਬੰਗਲੇ ’ਤੇ ਬੁਲਾਇਆ ਸੀ। ਉਸ ਸਮੇਂ ਮੇਰਾ ਕਰੀਅਰ ਸ਼ੁਰੂ ਹੀ ਹੋਇਆ ਸੀ। ਮੈਂ 2008 ਦੇ ਆਲੇ-ਦੁਆਲੇ ਜੂਨ ’ਚ ਮਿਲੀ ਸੀ। ਫਿਰ ਮੈਂ ਸਾਜਿਦ ਖ਼ਾਨ ਨੂੰ ਫੋਨ ’ਤੇ ਦੱਸਿਆ ਸੀ ਕਿ ਮੈਂ ਅਦਾਕਾਰੀ ’ਚ ਕਰੀਅਰ ਬਣਾਉਣਾ ਚਾਹੁੰਦੀ ਹਾਂ। ਉਸ ਨੇ ਫ਼ਿਲਮ ’ਚ ਰੋਲ ਦੇਣ ਦੀ ਗੱਲ ਵੀ ਆਖੀ ਸੀ।’’

ਸਾਜਿਦ ਨੇ ਫੋਨ ’ਤੇ ਇਕ-ਦੋ ਵਾਰ ਗੱਲ ਕਰਨ ਤੋਂ ਬਾਅਦ ਕਿਹਾ ਕਿ ਜੁਹੂ ਵਾਲੇ ਫਲੈਟ ’ਚ ਮਿਲਣ ਆਓ। ਮੈਂ ਅਹਿਮਦਾਬਾਦ ਤੋਂ ਆਈ ਸੀ। ਸ਼ਰਮੀਲੀ ਲੜਕੀ ਸੀ। ਉਸ ਨੇ ਮੈਨੂੰ ਸਮਝਾਇਆ ਸੀ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। ਮੈਂ ਆਪਣੀ ਮਾਂ ਨਾਲ ਰਹਿੰਦਾ ਹਾਂ। ਘਰ ’ਚ ਹੋਰ ਵੀ ਲੋਕ ਹਨ। ਕੰਮ ਕਰਨ ਵਾਲੇ ਵੀ ਹਨ। ਮੈਂ ਉਸ ਦੇ ਘਰ ਗਈ। ਮੈਂ ਆਪਣੀ ਪੋਰਟਫੋਲੀਓ ਪ੍ਰੋਫਾਈਲ ਲੈ ਕੇ ਉਸ ਨੂੰ ਮਿਲੀ। ਪੌੜੀਆਂ ਤੋਂ ਉੱਪਰ ਗਈ। ਖੱਬੇ ਪਾਸੇ ਉਸ ਦੀ ਮਾਂ ਦਾ ਕਮਰਾ ਸੀ। ਸੱਜੇ ਪਾਸੇ ਰਸੋਈ ਸੀ। ਕੰਮ ਕਰਨ ਵਾਲਿਆਂ ਨੇ ਸਾਜਿਦ ਖ਼ਾਨ ਦੇ ਕਮਰੇ ’ਚ ਭੇਜਿਆ।’’

ਕਨਿਸ਼ਕਾ ਨੇ ਅੱਗੇ ਕਿਹਾ, ‘‘ਸਾਜਿਦ ਨੇ ਗੱਲਬਾਤ ਕੀਤੀ। ਉਸ ਨੇ ਕਿਹਾ ਕਿ ਖੜ੍ਹੀ ਹੋ ਜਾਓ। ਫਿੱਗਰ ਦੇਖੀ ਤੇ ਕਿਹਾ ਕਿ ਤੁਸੀਂ ਪਰਫੈਕਟ ਮਟੀਰੀਅਲ ਹੋ ਤੇ ਮੈਂ ਇਕ ਫ਼ਿਲਮ ਬਣਾ ਰਿਹਾ ਹਾਂ, ਜਿਸ ’ਚ ਦੀਪਿਕਾ ਪਾਦੁਕੋਣ ਨੂੰ ਲੈ ਰਿਹਾ ਹਾਂ। ਫਿਰ ਉਸ ਨੇ ਮੈਨੂੰ ਕਿਹਾ, ‘ਮੈਂ ਤੁਹਾਡਾ ਢਿੱਡ ਦੇਖਣਾ ਹੈ। ਘਬਰਾਉਣਾ ਨਹੀਂ, ਮੈਂ ਤੁਹਾਨੂੰ ਟੱਚ ਨਹੀਂ ਕਰਾਂਗਾ।’’ ਮੈਂ ਕਿਹਾ ਕਿ ਸਰ ਪੋਰਟਫੋਲੀਓ ਤੁਹਾਡੇ ਕੋਲ ਹੈ। ਮੈਂ ਹੱਥ ਜੋੜ ਕੇ ਕਿਹਾ ਕਿ ਢਿੱਡ ਨਹੀਂ ਦਿਖਾ ਸਕਦੀ ਹਾਂ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਫ਼ਿਲਮ ’ਚ ਨਹੀਂ ਲੈ ਸਕਦਾ ਹਾਂ।’’

ਕਨਿਸ਼ਕਾ ਨੇ ਸਲਮਾਨ ਖ਼ਾਨ ਨੂੰ ਆਪਣਾ ਫੇਵਰੇਟ ਦੱਸਦਿਆਂ ਸਵਾਲ ਚੁੱਕਿਆ ਹੈ ਕਿ ਲੋਕਾਂ ਨੂੰ ‘ਬਿੱਗ ਬੌਸ’ ਲਈ ਚੁਣਨ ਤੋਂ ਪਹਿਲਾਂ ਉਨ੍ਹਾਂ ਦਾ ਕਿਰਦਾਰ ਕਿਉਂ ਨਹੀਂ ਦੇਖਦੇ ਹੋ?

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News