ਕੰਗਨਾ ਰਣੌਤ ਨੇ ਹੁਣ ਮਹਾਤਮਾ ਗਾਂਧੀ ’ਤੇ ਵਿੰਨ੍ਹਿਆ ਨਿਸ਼ਾਨਾ, ਆਖ ਦਿੱਤੀ ਇਹ ਗੱਲ

11/17/2021 10:06:17 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਮੇਸ਼ਾ ਸੁਰਖ਼ੀਆਂ ’ਚ ਰਹਿੰਦੀ ਹੈ। ਕੰਗਨਾ ਆਪਣੇ ਬਿਆਨਾਂ ਕਾਰਨ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਦੀ ਰਹਿੰਦੀ ਹੈ। ਹਾਲ ਹੀ ’ਚ ਆਜ਼ਾਦੀ ਨੂੰ ਲੈ ਕੇ ਦਿੱਤੇ ਬਿਆਨ ਕਾਰਨ ਵੀ ਉਹ ਕਾਫੀ ਵਿਵਾਦਾਂ ’ਚ ਘਿਰੀ ਰਹੀ। ਹੁਣ ਕੰਗਨਾ ਰਣੌਤ ਦੇ ਬੋਲ ਮੁੜ ਵਿਗੜ ਰਹੇ ਹਨ। ਇਸ ਵਾਰ ਕੰਗਨਾ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਕੰਗਨਾ ਨੇ ਇੰਸਟਾਗ੍ਰਾਮ ’ਤੇ ਦੋ ਲੰਬੇ-ਚੌੜੇ ਮੈਸਿਜ ਕੀਤੇ ਹਨ।

PunjabKesari

ਕੰਗਨਾ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਲਿਖੇ ਮੈਸਿਜ ’ਚ ਬਾਪੂ ਨੂੰ ਸੱਤਾ ਦਾ ਭੁੱਖਾ ਤੇ ਚਲਾਕ ਕਹਿਣ ਦੀ ਹਿੰਮਤ ਵੀ ਕੀਤੀ। ਇਸ ਤੋਂ ਪਹਿਲਾਂ ਕੰਗਨਾ ਨੇ ਭਾਰਤ ਦੀ ਆਜ਼ਾਦੀ ਨੂੰ ‘ਭੀਖ’ ਦੱਸਿਆ ਸੀ। ਹੁਣ ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਇਕ ਕਾਂਗਰਸੀ ਆਗੂ ਵਲੋਂ ਕੰਗਨਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ।

PunjabKesari

ਕੰਗਨਾ ਨੇ ਲਿਖਿਆ, ‘ਅਜ਼ਾਦੀ ਲਈ ਲੜਨ ਵਾਲਿਆਂ ਨੂੰ ਉਨ੍ਹਾਂ ਦੇ ਮਾਲਕਾਂ ਦੇ ਹਵਾਲੇ ਕਰ ਦਿੱਤਾ ਗਿਆ, ਜਿਨ੍ਹਾਂ ’ਚ ਜ਼ੁਲਮ ਕਰਨ ਵਾਲਿਆਂ ਨਾਲ ਲੜਨ ਦੀ ਨਾ ਤਾਂ ਹਿੰਮਤ ਸੀ ਤੇ ਨਾ ਹੀ ਖ਼ੂਨ ’ਚ ਉਬਾਲ। ਇਹ ਸੱਤਾ ਦੇ ਭੁੱਖੇ ਤੇ ਚਲਾਕ ਲੋਕ ਸਨ। ਉਨ੍ਹਾਂ ਨੇ ਹੀ ਸਾਨੂੰ ਸਿਖਾਇਆ ਸੀ ਕਿ ਜੇਕਰ ਕੋਈ ਤੁਹਾਡੀ ਇਕ ਗੱਲ੍ਹ ’ਤੇ ਥੱਪੜ ਮਾਰੇ ਤਾਂ ਦੂਜੀ ਗੱਲ ਉਸ ਦੇ ਸਾਹਮਣੇ ਕਰ ਦਿਓ, ਇਸ ਤਰ੍ਹਾਂ ਤੁਹਾਨੂੰ ਆਜ਼ਾਦੀ ਮਿਲੇਗੀ। ਇਸ ਤਰ੍ਹਾਂ ਆਜ਼ਾਦੀ ਹੀ ਨਹੀਂ, ਸਿਰਫ਼ ਭੀਖ ਮਿਲਦੀ ਹੈ। ਸਮਝਦਾਰੀ ਨਾਲ ਆਪਣੇ ਹੀਰੋ ਦੀ ਚੋਣ ਕਰੋ।’

PunjabKesari

ਆਪਣੀ ਦੂਜੀ ਪੋਸਟ ’ਚ ਕੰਗਨਾ ਰਣੌਤ ਨੇ ਲੋਕਾਂ ਨੂੰ ਇਤਿਹਾਸ ਬਾਰੇ ਸਿਖਾਉਂਦਿਆਂ ਲਿਖਿਆ ਕਿ ਗਾਂਧੀ ਜੀ ਚਾਹੁੰਦੇ ਸਨ ਕਿ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾਵੇ। ਕੰਗਨਾ ਨੇ ਲਿਖਿਆ, ‘ਗਾਂਧੀ ਨੇ ਕਦੇ ਵੀ ਭਗਤ ਸਿੰਘ ਤੇ ਨੇਤਾ ਜੀ ਦਾ ਸਮਰਥਨ ਨਹੀਂ ਕੀਤਾ। ਬਹੁਤ ਸਾਰੇ ਸਬੂਤ ਹਨ, ਜੋ ਦਰਸਾਉਂਦੇ ਹਨ ਕਿ ਗਾਂਧੀ ਜੀ ਚਾਹੁੰਦੇ ਸਨ ਕਿ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾਵੇ। ਇਸ ਲਈ ਤੁਹਾਨੂੰ ਇਹ ਚੁਣਨਾ ਪਵੇਗਾ ਕਿ ਤੁਸੀਂ ਕਿਸ ਦਾ ਸਮਰਥਨ ਕਰਦੇ ਹੋ ਕਿਉਂਕਿ ਹਰ ਸਾਲ ਉਨ੍ਹਾਂ ਦੇ ਜਨਮਦਿਨ ’ਤੇ ਉਨ੍ਹਾਂ ਸਾਰਿਆਂ ਨੂੰ ਆਪਣੀਆਂ ਯਾਦਾਂ ’ਚ ਰੱਖਣਾ ਤੇ ਉਨ੍ਹਾਂ ਨੂੰ ਯਾਦ ਕਰਨਾ ਕਾਫ਼ੀ ਨਹੀਂ ਹੈ। ਈਮਾਨਦਾਰੀ ਨਾਲ ਕਹਾਂ ਤਾਂ ਇਹ ਸਿਰਫ ਮੂਰਖਤਾ ਹੀ ਨਹੀਂ, ਸਗੋਂ ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਹੈ। ਲੋਕਾਂ ਨੂੰ ਆਪਣੇ ਇਤਿਹਾਸ ਤੇ ਆਪਣੇ ਨਾਇਕਾਂ ਨੂੰ ਜਾਣਨਾ ਚਾਹੀਦਾ ਹੈ।’

ਨੋਟ– ਕੰਗਨਾ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News