ਕਮਲ ਹਾਸਨ ਹਸਪਤਾਲ 'ਚ ਦਾਖ਼ਲ, ਕਰਵਾਉਣੀ ਪਈ ਸਰਜਰੀ

1/19/2021 2:08:08 PM

ਨਵੀਂ ਦਿੱਲੀ (ਬਿਊਰੋ) : ਸਾਊਥ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਕਮਲ ਹਾਸਨ ਹਸਪਤਾਲ 'ਚ ਦਾਖ਼ਲ ਹੈ। ਉਨ੍ਹਾਂ ਦੇ ਪੈਰ ਦੀ ਸਰਜਰੀ ਹੋਣੀ ਸੀ, ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਇਸੀ ਗੱਲ ਦੀ ਜਾਣਕਾਰੀ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਅਦਾਕਾਰਾ ਸ਼ਰੂਤੀ ਹਾਸਨ ਤੇ ਅਕਸ਼ਰਾ ਹਾਸਨ ਨੇ ਦਿੱਤੀ ਹੈ। ਹਾਸਨ ਭੈਣਾਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਮਲ ਹਾਸਨ ਸਰਜਰੀ ਕਰਵਾ ਰਹੇ ਹਨ।

PunjabKesari

ਜਾਰੀ ਬਿਆਨ 'ਚ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਕਿਹਾ ਇਲਾਜ ਦੌਰਾਨ ਸਾਡੇ ਪਿਤਾ ਲਈ ਚਿੰਤਾ ਜਾਹਿਰ ਕਰਨ, ਉਨ੍ਹਾਂ ਦਾ ਸਾਥ ਦੇਣ ਤੇ ਪ੍ਰਾਰਥਨਾ ਕਰਨ ਲਈ ਧੰਨਵਾਦ ਕਰਦੇ ਹਾਂ। ਸਾਨੂੰ ਤੁਹਾਨੂੰ ਸਾਰਿਆਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਦੀ ਸਰਜਰੀ ਸਫ਼ਲ ਰਹੀ। ਉਨ੍ਹਾਂ ਦੇ ਪੈਰ ਦੀ ਸਰਜਰੀ ਅੱਜ ਸਵੇਰੇ ਸ਼੍ਰੀ ਰਾਮਚੰਦਰ ਹਸਪਤਾਲ 'ਚ ਆਰਥੋਪੈਡਿਕ ਡਾ. ਮੋਹਨ ਕੁਮਾਰ ਤੇ ਡਾ. ਜੇ. ਐੱਮ. ਐੱਨ. ਮੂਰਤੀ ਨੇ ਕੀਤੀ ਹੈ। ਡਾਕਟਰ ਤੇ ਹਸਪਤਾਲ ਪ੍ਰਬੰਧਨ ਸਾਡੇ ਪਿਤਾ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਰਹੇ ਹਨ। ਉਨ੍ਹਾਂ ਅੱਗੇ ਲਿਖਿਆ, ਅਸੀਂ ਚਾਰ ਤੋਂ ਪੰਜ ਦਿਨਾਂ 'ਚ ਘਰ ਵਾਪਸ ਆ ਜਾਵਾਂਗੇ। ਕੁਝ ਦਿਨਾਂ ਦੇ ਆਰਾਮ ਅਤੇ ਸਰਜਰੀ ਤੋਂ ਬਾਅਦ ਉਹ ਹਮੇਸ਼ਾ ਦੀ ਤਰ੍ਹਾਂ ਲੋਕਾਂ ਨਾਲ ਗੱਲਬਾਤ ਕਰਨ ਲਈ ਤਿਆਰ ਰਹਿਣਗੇ। ਉਨ੍ਹਾਂ ਦੀ ਸਲਾਮਤੀ ਲਈ ਤੁਹਾਡੀ ਸਾਰਿਆਂ ਦੀ ਪ੍ਰਾਰਥਨਾ ਲਈ ਹਾਰਦਿਕ ਧੰਨਵਾਦ।'

PunjabKesari

ਦੱਸ ਦਈਏ ਕਿ ਕਮਲ ਹਾਸਨ ਦੇ ਪ੍ਰਸ਼ੰਸਕ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। ਇਸ ਤੋਂ ਪਹਿਲਾਂ ਕਮਲ ਹਾਸਨ ਦਿੱਗਜ ਅਦਾਕਾਰ ਰਜਨੀਕਾਂਤ ਦੇ ਸਿਆਸਤ 'ਚ ਆਉਣ ਨੂੰ ਲੈ ਕੇ ਬਿਆਨ ਦੇਣ ਕਾਰਨ ਚਰਚਾ 'ਚ ਸਨ। ਹਾਲ ਹੀ 'ਚ ਰਜਨੀਕਾਂਤ ਨੇ ਸਿਆਸਤ ਦਾ ਪੱਲਾ ਛੱਡਣ ਦਾ ਐਲਾਨ ਕੀਤਾ। ਉਨ੍ਹਾਂ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਹ ਫ਼ੈਸਲਾ ਲਿਆ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਆਸਤ ਤੋਂ ਬਿਨਾਂ ਉਹ ਤਾਮਿਲਨਾਡੂ ਦੀ ਜਨਤਾ ਲਈ ਪਹਿਲਾਂ ਵਾਂਗ ਕੰਮ ਕਰਦੇ ਰਹਿਣਗੇ।

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


sunita

Content Editor sunita