ਵੈਸਟਾ ਵੰਡਰ ਮੋਸ਼ਨ ਪਿਕਚਰਜ਼ ਤੇ ਅੰਬਰਸਰੀਏ ਪ੍ਰੋਡਕਸ਼ਨਜ਼ ਦੀ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਦਾ ਟਰੇਲਰ ਰਿਲੀਜ਼
Saturday, Jul 01, 2023 - 05:48 PM (IST)
ਜਲੰਧਰ (ਬਿਊਰੋ)– ਵੈਸਟਾ ਵੰਡਰ ਮੋਸ਼ਨ ਪਿਕਚਰਜ਼ ਤੇ ਅੰਬਰਸਰੀਏ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਵਿਲੱਖਣ ਕਹਾਣੀ, ਜੋ ਹੁਣ ਤੱਕ ਕਦੇ ਵੀ ਪਰਦੇ ’ਤੇ ਨਹੀਂ ਆਈ, ਨਿਰਮਾਤਾਵਾਂ ਨੇ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਤੇ ਉਨ੍ਹਾਂ ਦਾ ਦਿਲ ਜਿੱਤਣ ਲਈ ਪੂਰੀ ਤਿਆਰੀ ਕਰ ਲਈ ਹੈ। ਕਾਮੇਡੀ ਦੇ ਨਾਲ ਫ਼ਿਲਮ ’ਚ ਪੂਰੀ ਤਰ੍ਹਾਂ ਨਵਾਂਪਨ ਹੈ, ਜੋ ਯਕੀਨੀ ਤੌਰ ’ਤੇ ਇਸ ਨੂੰ ਸਫਲਤਾ ਦੀ ਰਾਹ ’ਤੇ ਲੈ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ‘ਕੈਰੀ ਆਨ ਜੱਟਾ 3’ ਨੇ ਰਚਿਆ ਇਤਿਹਾਸ, ਪਹਿਲੇ ਦਿਨ ਕੀਤੀ ਰਿਕਾਰਡਤੋੜ ਕਮਾਈ, ਜਾਣੋ ਕਲੈਕਸ਼ਨ
ਟਰੇਲਰ ਤੋਂ ਹੀ ਦਰਸ਼ਕਾਂ ਨੇ ਫ਼ਿਲਮ ਦੀ ਕਹਾਣੀ ਬਾਰੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਫ਼ਿਲਮ ’ਚ ਹਰੀਸ਼ ਵਰਮਾ ਤੇ ਸਿੰਮੀ ਚਾਹਲ ਲਵ ਬਰਡਜ਼ ਹਨ। ਹਰੀਸ਼ ਤੇ ਸਿਮੀ ਦੇ ਦਾਦਾ-ਦਾਦੀ ਦੀ ਮੌਤ ਹੋਣ ਤੋਂ ਬਾਅਦ ਕਹਾਣੀ ਮੋੜ ਲੈਂਦੀ ਹੈ। ਫਿਰ ਦਾਦਾ-ਦਾਦੀ, ਹਰੀਸ਼ ਵਰਮਾ ਤੇ ਸਿਮੀ ਚਾਹਲ ਵਿਚਕਾਰ ਕ੍ਰਾਸ ਕਨੈਕਸ਼ਨ ਹੁੰਦਾ ਹੈ। ਸਿਮੀ ਚਾਹਲ ਨੂੰ ਹਰੀਸ਼ ਵਰਮਾ ਦੇ ਦਾਦਾ ਤੇ ਹਰੀਸ਼ ਵਰਮਾ ਨੂੰ ਸਿਮੀ ਦੀ ਦਾਦੀ ਦੀ ਆਤਮਾ ਨਜ਼ਰ ਆਉਣ ਲੱਗਦੀ ਹੈ। ਇਸ ਤਰ੍ਹਾਂ ਦਾ ਕੰਟੈਂਟ ਤੇ ਦਰਸ਼ਕਾਂ ਵਲੋਂ ਨਿਰਮਾਤਾਵਾਂ ਦੀ ਸ਼ਲਾਘਾ ਤੇ ਇਸ ਦੇ ਪਿੱਛੇ ਦੀ ਧਾਰਨਾ ਨੂੰ ਦੇਖਣਾ ਬਹੁਤ ਰੋਮਾਂਚਕ ਹੋਵੇਗਾ।
ਹੁਣ ਦਰਸ਼ਕ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਕਿ ਹਰੀਸ਼ ਤੇ ਸਿਮੀ ਲਈ ਦਾਦਾ-ਦਾਦੀ ਦਾ ਅਸਲ ਕਿਰਦਾਰ ਕੀ ਹੋਵੇਗਾ? ਕੀ ਉਹ ਦੋਵਾਂ ਦਾ ਵਿਆਹ ਕਰਵਾਉਣ ’ਚ ਮਦਦ ਕਰਨਗੇ ਜਾਂ ਕਿਸ ਤਰ੍ਹਾਂ ਦਾ ਡਰਾਮਾ ਹੋਵੇਗਾ। ਇਹ ਉਦੋਂ ਹੀ ਸਾਹਮਣੇ ਆ ਸਕਦਾ ਹੈ, ਜਦੋਂ ਦਰਸ਼ਕ ਇਸ ਨੂੰ ਦੇਖਣ ਲਈ ਸਿਨੇਮਾਘਰਾਂ ’ਚ ਕਦਮ ਰੱਖਣਗੇ। ਫ਼ਿਲਮ ਦਾ ਪੋਸਟਰ ਹਰੀਸ਼ ਵਰਮਾ ਤੇ ਸਿਮੀ ਚਾਹਲ ਨੂੰ ਬੀ. ਐੱਨ. ਸ਼ਰਮਾ ਤੇ ਜਤਿੰਦਰ ਕੌਰ ਨੂੰ ਆਪਸ ’ਚ ਕਠਪੁਤਲੀ ਦੇ ਰੂਪ ’ਚ ਜੋੜਦਾ ਹੈ।
ਫ਼ਿਲਮ ਦੀ ਸਟਾਰ ਕਾਸਟ ’ਚ ਹਰੀਸ਼ ਵਰਮਾ, ਸਿਮੀ ਚਾਹਲ, ਬੀ. ਐੱਨ. ਸ਼ਰਮਾ, ਜਤਿੰਦਰ ਕੌਰ, ਸੁਖਵਿੰਦਰ ਚਾਹਲ, ਅਨੀਤਾ ਦੇਵਗਨ, ਧੀਰਜ ਕੁਮਾਰ, ਅਸ਼ੋਕ ਪਾਠਕ, ਸੁਮਿਤ ਗੁਲਾਟੀ, ਸੀਮਾ ਕੌਸ਼ਲ, ਪ੍ਰਕਾਸ਼ ਗਾਧੂ, ਨੇਹਾ ਦਿਆਲ, ਕਮਲਦੀਪ ਕੌਰ ਤੇ ਗੁਰਪ੍ਰੀਤ ਕੌਰ ਭੰਗੂ ਸ਼ਾਮਲ ਹਨ। ਫ਼ਿਲਮ ਜਤਿੰਦਰ ਸਿੰਘ ਲਵਲੀ ਵਲੋਂ ਨਿਰਮਿਤ ਹੈ ਤੇ ਧੀਰਜ ਕੁਮਾਰ ਤੇ ਕਰਨ ਸੰਧੂ ਵਲੋਂ ਸਹਿ-ਨਿਰਮਾਣ ਕੀਤਾ ਗਿਆ ਹੈ। ਧੀਰਜ ਕੁਮਾਰ ਤੇ ਕਰਨ ਸੰਧੂ ਵਲੋਂ ਫ਼ਿਲਮ ਲਿਖੀ ਗਈ ਹੈ ਤੇ ਗੁਰਚਰਨ ਸਿੰਘ ਵਲੋਂ ਬੈਕਗਰਊਂਡ ਸਕੋਰ ਦਿੱਤਾ ਗਿਆ ਹੈ, ਫ਼ਿਲਮ ਦਾ ਨਿਰਦੇਸ਼ਨ ਲਾਡਾ ਸਿਆਣ ਘੁੰਮਣ ਨੇ ਕੀਤਾ ਹੈ। ਰਿਧਮ ਬੁਆਏਜ਼ ਇਸ ਨੂੰ 14 ਜੁਲਾਈ, 2023 ਨੂੰ ਦੁਨੀਆ ਭਰ ’ਚ ਰਿਲੀਜ਼ ਕਰਨ ਜਾ ਰਿਹਾ ਹੈ।
ਨੋਟ– ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਫ਼ਿਲਮ ਦਾ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।