ਜੂਨੀਅਰ ਐੱਨ. ਟੀ. ਆਰ. ਨੇ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਤੋਹਫ਼ਾ, ਇਸ ਦਿਨ ਰਿਲੀਜ਼ ਹੋਵੇਗੀ ‘ਦੇਵਰਾ’ ਦੀ ਫਰਸਟ ਲੁੱਕ

Monday, Jan 01, 2024 - 06:17 PM (IST)

ਮੁੰਬਈ (ਬਿਊਰੋ)– ਸਾਊਥ ਸੁਪਰਸਟਾਰ ਜੂਨੀਅਰ ਐੱਨ. ਟੀ. ਆਰ. ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਦੇਵਰਾ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਪ੍ਰਸ਼ੰਸਕ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾਉਣ ਲਈ ਫ਼ਿਲਮ ਦੇ ਟੀਜ਼ਰ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਨਵੇਂ ਸਾਲ ਦੇ ਮੌਕੇ ’ਤੇ ਜੂਨੀਅਰ ਐੱਨ. ਟੀ. ਆਰ. ਨੇ ਪ੍ਰਸ਼ੰਸਕਾਂ ਨੂੰ ਤੋਹਫ਼ਾ ਦਿੱਤਾ ਤੇ ‘ਦੇਵਰਾ’ ਦੇ ਟੀਜ਼ਰ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ।

ਅੱਜ ਸੋਮਵਾਰ 1 ਜਨਵਰੀ ਨੂੰ ਜੂਨੀਅਰ ਐੱਨ. ਟੀ. ਆਰ. ਨੇ ਆਪਣੇ ਐਕਸ ਅਕਾਊਂਟ ’ਤੇ ਇਕ ਪੋਸਟ ਸਾਂਝੀ ਕੀਤੀ ਤੇ ਖ਼ੁਲਾਸਾ ਕੀਤਾ ਕਿ ‘ਦੇਵਰਾ’ ਦੀ ਪਹਿਲੀ ਝਲਕ 8 ਜਨਵਰੀ, 2024 ਨੂੰ ਰਿਲੀਜ਼ ਕੀਤੀ ਜਾਵੇਗੀ। ਉਨ੍ਹਾਂ ਨੇ ਲਿਖਿਆ, ‘‘8 ਜਨਵਰੀ ਨੂੰ ‘ਦੇਵਰਾ’ ਦੀ ਝਲਕ ਦੇਖਣ ਲਈ ਤੁਹਾਡੇ ਸਾਰਿਆਂ ਦਾ ਇੰਤਜ਼ਾਰ ਨਹੀਂ ਕਰ ਸਕਦਾ।’’ ਇਸ ਦੇ ਨਾਲ ਹੀ ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਤੇ ਲਿਖਿਆ, ‘‘ਤੁਹਾਡੇ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ।’’

ਇਹ ਖ਼ਬਰ ਵੀ ਪੜ੍ਹੋ : ਧਮਾਕੇਦਾਰ ਰਹੇਗਾ ਜਨਵਰੀ, 12 ਜਨਵਰੀ ਨੂੰ 6 ਫ਼ਿਲਮਾਂ ਇਕ-ਦੂਜੇ ਨਾਲ ਲੈਣਗੀਆਂ ਟੱਕਰ

ਇਸ ਐਲਾਨ ਦੇ ਨਾਲ ਜੂਨੀਅਰ ਐੱਨ. ਟੀ. ਆਰ. ਨੇ ਆਪਣੀ ਬਹੁ-ਉਡੀਕ ਫ਼ਿਲਮ ਦਾ ਇਕ ਨਵਾਂ ਪੋਸਟਰ ਵੀ ਸਾਂਝਾ ਕੀਤਾ। ਪੋਸਟਰ ’ਚ ਉਹ ਸਮੁੰਦਰ ਦੇ ਵਿਚਕਾਰ ਕਿਸ਼ਤੀ ’ਤੇ ਖੜ੍ਹੇ ਨਜ਼ਰ ਆ ਰਹੇ ਹਨ। ਉਸ ਨੇ ਕਾਲੇ ਰੰਗ ਦੀ ਪੈਂਟ ਦੇ ਨਾਲ ਕਮੀਜ਼ ਵੀ ਪਾਈ ਹੋਈ ਸੀ। ਅਜਿਹਾ ਲੱਗ ਰਿਹਾ ਸੀ ਕਿ ਜੂਨੀਅਰ ਐੱਨ. ਟੀ. ਆਰ. ਤੂਫ਼ਾਨ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।

‘ਦੇਵਰਾ’ ਰਾਹੀਂ ਜੂਨੀਅਰ ਐੱਨ. ਟੀ. ਆਰ. ਬਲਾਕਬਸਟਰ ਹਿੱਟ ‘ਜਨਤਾ ਗੈਰੇਜ’ ਦੇ ਪ੍ਰਤਿਭਾਸ਼ਾਲੀ ਫ਼ਿਲਮ ਨਿਰਮਾਤਾ ਕੋਰਤਾਲਾ ਸਿਵਾ ਨਾਲ ਦੁਬਾਰਾ ਕੰਮ ਕਰ ਰਹੇ ਹਨ। ‘ਦੇਵਰਾ’ ਜਾਨ੍ਹਵੀ ਕਪੂਰ ਦੀ ਦੱਖਣੀ ਫ਼ਿਲਮਾਂ ਦੀ ਸ਼ੁਰੂਆਤ ਤੇ ਜੂਨੀਅਰ ਐੱਨ. ਟੀ. ਆਰ. ਨਾਲ ਉਸ ਦੀ ਪਹਿਲੀ ਫ਼ਿਲਮ ਹੈ। ‘ਆਰ. ਆਰ. ਆਰ.’ ਦੀ ਤਰ੍ਹਾਂ ਇਸ ਤੇਲਗੂ ਫ਼ਿਲਮ ’ਚ ਵੀ ਹਾਈ-ਆਕਟੇਨ ਐਕਸ਼ਨ ਸੀਨ ਹੋਣਗੇ, ਜੋ ਦਰਸ਼ਕਾਂ ਦੇ ਹੋਸ਼ ਉਡਾ ਦੇਣਗੇ। ਖ਼ਬਰਾਂ ਮੁਤਾਬਕ ‘ਦੇਵਰਾ’ ਨੂੰ ਵੱਡੇ ਬਜਟ ’ਚ ਬਣਾਇਆ ਜਾ ਰਿਹਾ ਹੈ। ਮੇਕਰਸ ਇਸ ਦੇ VFX ’ਤੇ 140 ਕਰੋੜ ਰੁਪਏ ਖ਼ਰਚ ਕਰ ਰਹੇ ਹਨ। ਇਹ ਫ਼ਿਲਮ 5 ਅਪ੍ਰੈਲ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News