ਆਕਾਸ਼ਵਾਣੀ ਜਲੰਧਰ ਵੱਲੋਂ ਪ੍ਰਸਾਰਣ ਦੇ 75 ਸਾਲ ਪੂਰੇ ਹੋਣ ’ਤੇ ਜਸ਼ਨ-ਏ-ਆਕਾਸ਼ਵਾਣੀ ਮਨਾਇਆ
Wednesday, May 17, 2023 - 04:18 PM (IST)
ਜਲੰਧਰ (ਮਜ਼ਹਰ)- ਆਕਾਸ਼ਵਾਣੀ ਜਲੰਧਰ ਦੇ 75 ਸਾਲ ਪੂਰੇ ਹੋਣ ਦੇ ਮੌਕੇ ਅੱਜ ਦੂਰਦਰਸ਼ਨ ਜਲੰਧਰ ਦੇ ਸਟੂਡੀਓ ’ਚ ਸੱਭਿਆਚਾਰਕ ਪ੍ਰੋਗਰਾਮ ‘ਜਸ਼ਨ-ਏ-ਆਕਾਸ਼ਵਾਣੀ’ ਕਰਵਾਇਆ ਗਿਆ। ਸਮਾਗਮ ’ਚ ਸੂਫੀ ਗਾਇਕਾ ਮਮਤਾ ਜੋਸ਼ੀ ਅਤੇ ਯਾਕੂਬ ਨੇ ਆਪਣੀ ਆਵਾਜ਼ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਸਮਾਗਮ ਦੀ ਸ਼ੁਰੂਆਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ਼ਮ੍ਹਾਂ ਰੌਸ਼ਨ ਕਰ ਕੇ ਕੀਤੀ। ਆਕਾਸ਼ਵਾਣੀ ਜਲੰਧਰ ਦੇ ਕਲਾਕਾਰਾਂ ਨੇ ਕੇਂਦਰ ਦੇ ਪ੍ਰਸਿੱਧ ਪੇਂਡੂ ਪ੍ਰੋਗਰਾਮ ਦੀ ਝਲਕ ਪੇਸ਼ ਕੀਤੀ। ਇਸ ਮੌਕੇ ਆਕਾਸ਼ਵਾਣੀ ਜਲੰਧਰ ਤੋਂ ਸੇਵਾਮੁਕਤ ਹੋਏ ਕਈ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਆਕਾਸ਼ਵਾਣੀ ਜਲੰਧਰ ਦੇ ਸੁਨਹਿਰੀ ਇਤਿਹਾਸ ਨੂੰ ਦਰਸਾਉਂਦੀ ਦਸਤਾਵੇਜ਼ੀ ਫਿਲਮ ਨੇ ਸਰੋਤਿਆਂ ਨੂੰ ਪਿਛਲੇ 75 ਸਾਲਾਂ ਦੇ ਸਫ਼ਰ ’ਤੇ ਲੈ ਗਈ। ਦਸਤਾਵੇਜ਼ੀ ਵਿੱਚ ਦੱਸਿਆ ਗਿਆ ਕਿ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਧੀਨ ਪ੍ਰਸਾਰ ਭਾਰਤੀ ਦਾ ਮੁੱਖ ਅੰਗ ਆਲ ਇੰਡੀਆ ਰੇਡੀਓ ਦਾ ਜਲੰਧਰ ਕੇਂਦਰ ਪੰਜਾਬੀ ਸੱਭਿਆਚਾਰਕ ਇਤਿਹਾਸ ਦਾ ਇਕ ਵੱਡਾ ਪ੍ਰਤੀਕ ਹੈ। ਇਸ ਸਟੇਸ਼ਨ ਨੇ 16 ਮਈ 1948 ਨੂੰ ਉੱਘੇ ਲੇਖਕ ਤੇ ਪ੍ਰਸਾਰਕ ਕਰਤਾਰ ਸਿੰਘ ਦੁੱਗਲ ਦੀ ਅਗਵਾਈ ’ਚ ਪ੍ਰਸਾਰਣ ਸ਼ੁਰੂ ਕੀਤਾ। ਇਸ ਨੇ ਅਣਗਿਣਤ ਕਲਾਕਾਰਾਂ ਤੇ ਲੇਖਕਾਂ ਨੂੰ ਜਨਮ ਦਿੱਤਾ। ਆਕਾਸ਼ਵਾਣੀ ਜਲੰਧਰ ਰਾਹੀਂ ਕਈ ਨਾਮਵਰ ਪੰਜਾਬੀ ਕਲਾਕਾਰਾਂ ਨੇ ਆਪਣੇ ਕੈਰੀਅਰ ਨੂੰ ਬੁਲੰਦੀਆਂ 'ਤੇ ਪਹੁੰਚਾਇਆ। ਲਾਲ ਚੰਦ ਯਮਲਾ ਜੱਟ, ਬੀਬੀ ਨੂਰਾਂ, ਅਜੀਤ ਕੌਰ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਮੁਹੰਦ ਸਦੀਕ, ਕੁਲਦੀਪ ਮਾਣਕ, ਪੂਰਨ ਚੰਦ-ਪਿਆਰੇ ਲਾਲ ਗੁਰੂ ਕੀ ਵਡਾਲੀ, ਜਗਮੋਹਨ ਕੌਰ, ਨਰਿੰਦਰ ਬੀਬਾ, ਗੁਰਮੀਤ ਬਾਵਾ, ਸੁਰਿੰਦਰ ਛਿੰਦਾ, ਸਰਦੂਲ ਸਿਕੰਦਰ, ਹੰਸ ਰਾਜ ਹੰਸ। ਵਰਗੇ ਮਸ਼ਹੂਰ ਕਲਾਕਾਰ ਇਸ ਕੇਂਦਰ ਦਾ ਹਿੱਸਾ ਸਨ।
ਇਹ ਵੀ ਪੜ੍ਹੋ - ਡਰੋਨ ਤੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਲਈ ਪੰਜਾਬ ਪੁਲਸ ਦਾ ਵੱਡਾ ਐਲਾਨ
ਮਹਿਮਾਨਾਂ ਦਾ ਸਵਾਗਤ ਕਰਦਿਆਂ ਕੇਂਦਰ ਦੇ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਨੇ ਕਿਹਾ ਕਿ ਇਸ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪੇਂਡੂ ਪ੍ਰੋਗਰਾਮਾਂ ’ਚ ਆਮ ਭਾਸ਼ਾ ’ਚ ਤਕਨੀਕਾਂ ਸਿਖਾ ਕੇ ਕਿਸਾਨਾਂ ਨੂੰ ਵਿਗਿਆਨਕ ਖੇਤੀ ਵੱਲ ਉਤਸ਼ਾਹਿਤ ਕੀਤਾ ਜਾਂਦਾ ਹੈ। ਔਰਤਾਂ, ਨੌਜਵਾਨਾਂ, ਬੱਚਿਆਂ, ਬਜ਼ੁਰਗਾਂ ਤੇ ਸੈਨਿਕਾਂ ਲਈ ਪ੍ਰੋਗਰਾਮਾਂ ਨੇ ਸਮਾਜ ਦੇ ਹਰ ਵਰਗ ਨੂੰ ਦੇਸ਼ ਦੀ ਤਰੱਕੀ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਆਲ ਇੰਡੀਆ ਰੇਡੀਓ ਜਲੰਧਰ ਦੇ ਇੰਜੀਨੀਅਰਿੰਗ ਮੁਖੀ ਗੁਰਨਾਮ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਦੂਰਦਰਸ਼ਨ ਜਲੰਧਰ ਦੇ ਹੈੱਡ ਰਜਿੰਦਰ ਕੁਮਾਰ ਜਾਰੰਗਲ, (ਪਰਮਜੀਤ ਸਿੰਘ) ਪ੍ਰੋਗਰਾਮ ਹੈੱਡ, ਅਨੂਪ ਖਜੂਰੀਆ, ਪ੍ਰੋਗਰਾਮ ਹੈੱਡ ਵੀ ਹਾਜ਼ਰ ਸਨ। ਸਟੇਜ ਦਾ ਸੰਚਾਲਨ ਵਰਿੰਦਰ ਸਿੰਘ ਅਤੇ ਪੂਨਮ ਨੇ ਕੀਤਾ।
ਇਹ ਵੀ ਪੜ੍ਹੋ - ਅਮਰੀਕਾ ਦੀ ਧਰਤੀ 'ਤੇ ਪੰਜਾਬੀ ਪਿਓ-ਪੁੱਤ ਦੀ ਮੌਤ, ਵਾਪਰੇਗਾ ਅਜਿਹਾ ਭਾਣਾ ਕਿਸੇ ਸੋਚਿਆ ਨਾ ਸੀ