ਜੱਗੀ ਖਰੌੜ ਨੇ ਮਰਹੂਮ ਦੋਸਤ ਸਤਨਾਮ ਖੱਟੜਾ ਦੀ ਯਾਦ ‘ਚ ਬਣਵਾਇਆ ਟੈਟੂ, ਵੀਡੀਓ ਵਾਇਰਲ
Wednesday, Sep 09, 2020 - 10:29 AM (IST)
ਜਲੰਧਰ (ਬਿਊਰੋ) : ਪੰਜਾਬੀ ਗਾਇਕ ਤੇ ਅਦਾਕਾਰ ਜੱਗੀ ਖਰੌੜ ਇੰਨੀਂ ਦਿਨੀਂ ਬਹੁਤ ਵੱਡੇ ਦੁੱਖ ‘ਚੋਂ ਲੰਘ ਰਹੇ ਹਨ। ਪਿਛਲੇ ਮਹੀਨੇ ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ, ਮਾਡਲ ਅਤੇ ਫਿਟਨੈੱਸ ਟਰੇਨਰ ਸਤਨਾਮ ਖੱਟੜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ।
ਸਤਨਾਮ ਖੱਟੜਾ ਦੇ ਅਚਾਨਕ ਇਸ ਤਰ੍ਹਾਂ ਦੁਨੀਆ ਤੋਂ ਚੱਲੇ ਜਾਣ ਦੇ ਦੁੱਖ ਨੇ ਜੱਗੀ ਖਰੌੜ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹ ਆਪਣੇ ਭਰਾ ਵਰਗੇ ਦੋਸਤ ਦੀ ਯਾਦ ‘ਚ ਉਨ੍ਹਾਂ ਨੇ ਟੈਟੂ ਗੁੰਦਵਾਇਆ ਹੈ। ਹਾਲ ਹੀ ‘ਚ ਉਨ੍ਹਾਂ ਨੇ ਇੱਕ ਇਮੋਸ਼ਨਲ ਪੋਸਟ ਨਾਲ ਟੈਟੂ ਦੀ ਤਸਵੀਰ ਤੇ ਵੀਡੀਓ ਸਾਂਝੀ ਕੀਤੀ ਹੈ। ਜੱਗੀ ਖਰੌੜ ਵਲੋਂ ਸਾਂਝੀ ਕੀਤੀ ਵੀਡੀਓ ‘ਚ ਉਹ ਟੈਟੂ ਬਣਵਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਇਹ ਉਨ੍ਹਾਂ ਦਾ ਪਹਿਲਾ ਟੈਟੂ ਹੈ, ਜੋ ਉਨ੍ਹਾਂ ਨੇ ਆਪਣੇ ਦੋਸਤ ਦੀ ਯਾਦ ‘ਚ ਗੁੰਦਵਾਇਆ ਹੈ।
ਮਾਡਲਿੰਗ ਦੇ ਖ਼ੇਤਰ 'ਚ ਵੀ ਖੱਟ ਚੁੱਕੇ ਨੇ ਪ੍ਰਸਿੱਧੀ
ਦੱਸ ਦਈਏ ਕਿ ਸਤਨਾਮ ਖੱਟੜਾ ਫਿੱਟਨੈੱਸ ਵਜੋਂ ਹੀ ਨਹੀਂ ਸਗੋਂ ਮਾਡਲ ਵਜੋਂ ਵੀ ਕਾਫ਼ੀ ਮਸ਼ਹੂਰ ਸਨ। ਸਤਨਾਮ ਖੱਟੜਾ ਕਈ ਗੀਤਾਂ 'ਚ ਮਾਡਲ ਦੇ ਤੌਰ 'ਤੇ ਨਜ਼ਰ ਆ ਚੁੱਕੇ ਸਨ। ਦੱਸਿਆ ਜਾ ਰਿਹਾ ਹੈ ਕਿ ਸਤਨਾਮ ਖੱਟੜਾ 'ਟਿੱਕ ਟਾਕ' 'ਤੇ ਕਾਫ਼ੀ ਮਸ਼ਹੂਰ ਸਨ। ਲੋਕ ਇਨ੍ਹਾਂ ਦੀਆਂ ਵੀਡੀਓਜ਼ ਨੂੰ ਕਾਫ਼ੀ ਪਸੰਦ ਕਰਦੇ ਸਨ। ਸਤਨਾਮ ਖੱਟੜਾ 'ਡੋਲਾ ਜੱਟ ਦਾ', 'ਰੋਟੀ ਜੋਗਾ ਰੱਖੀ', '4 ਫਾਇਰ', 'ਡਸੀਜ਼ਨ', ਅਤੇ 'ਚਿੱਟਾ 2' ਵਰਗੇ ਗੀਤਾਂ 'ਚ ਮਾਡਲਿੰਗ ਕਰ ਚੁੱਕੇ ਹਨ।
2011 'ਚ ਕੇਨੈਡਾ ਗਿਆ ਸੀ ਸਤਨਾਮ ਖੱਟੜਾ
ਸਤਨਾਮ ਖੱਟੜਾ ਸਾਲ 2011 'ਚ ਕਬੱਡੀ ਖੇਡਣ ਕੇਨੈਡਾ ਗਏ ਸਨ। ਇਸ ਤੋਂ 1-2 ਸਾਲ ਬਾਅਦ ਹੀ ਸਤਨਾਮ ਖੱਟੜਾ ਨੇ ਬਾਡੀ ਬਿਲਡਰ ਬਣਨ ਦਾ ਸਫ਼ਰ ਸ਼ੁਰੂ ਕੀਤਾ ਸੀ। 2 ਸਾਲਾ 'ਚ ਸਤਨਾਮ ਖੱਟੜਾ ਨੇ ਬਾਡੀ ਬਿਲਡਰ ਵਜੋਂ ਇਨ੍ਹੀਂ ਪ੍ਰਸਿੱਧੀ ਖੱਟੀ ਕਿ ਪੰਜਾਬ ਦਾ ਹਰ ਨੌਜਵਾਨ ਉਨ੍ਹਾਂ ਨੂੰ ਜਾਣਨ ਲੱਗ ਪਿਆ। ਸਤਨਾਮ ਖੱਟੜਾ ਅਜਿਹਾ ਸਿਤਾਰਾ ਸੀ, ਜਿਸ ਨੇ ਹਰ ਖ਼ੇਤਰ 'ਚ ਪ੍ਰਸਿੱਧੀ ਖੱਟੀ। ਉਨ੍ਹਾਂ ਨੇ ਕਬੱਡੀ, ਬਾਡੀ ਬਿਲਡਰ ਤੇ ਮਾਡਲਿੰਗ ਦੇ ਖ਼ੇਤਰ 'ਚ ਵੀ ਵੱਡੀਆਂ ਮੱਲ੍ਹਾਂ ਮਾਰੀਆਂ ਸਨ। ਦੱਸਿਆ ਜਾਂਦਾ ਹੈ ਕਿ ਸਤਨਾਮ ਰੋਜ਼ਾਨਾ 20 ਕਿਲੋ ਮੀਟਰ ਦੌੜਦਾ ਸੀ। ਉਹ ਆਪਣੀ ਸਿਹਤ ਪ੍ਰਤੀ ਇੰਨੇ ਜ਼ਿਆਦਾ ਸੁਚੇਤ ਸਨ ਕਿ ਆਪਣੀ ਹਰ ਖਾਣ-ਪੀਣ ਵਾਲੀ ਚੀਜ਼ 'ਤੇ ਖ਼ਾਸ ਧਿਆਨ ਦਿੰਦੇ ਸਨ।
ਬਹੁਤ ਹੀ ਸਾਫ਼ ਤੇ ਨੇਕ ਦਿਲ ਇਨਸਾਨ ਸੀ ਸਤਨਾਮ
ਸਤਨਾਮ ਖੱਟੜਾ ਬਹੁਤ ਹੀ ਸਾਫ਼ ਤੇ ਨੇਕ ਦਿਲ ਇਨਸਾਨ ਸਨ। ਉਨ੍ਹਾਂ ਨੇ ਕਦੇ ਵੀ ਆਪਣੇ ਪ੍ਰਸਿੱਧੀ 'ਤੇ ਘਮੰਡ ਨਹੀਂ ਕੀਤਾ। ਉਹ ਹਮੇਸ਼ਾ ਹੀ ਗਰੀਬਾਂ ਦੀ ਮਦਦ ਲਈ ਅੱਗੇ ਆਉਂਦੇ ਸਨ। ਕਈ ਵਾਰ ਉਹ ਆਪਣੇ ਆਲੇ-ਦੁਆਲੇ ਦੇ ਗਰੀਬ ਲੋਕਾਂ ਦੀ ਮਦਦ ਕਰ ਚੁੱਕੇ ਹਨ। ਉਹ ਕਈ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਵੀ ਚੁੱਕਦੇ ਸਨ। ਗਰੀਬ ਲੋਕਾਂ ਨਾਲ ਉਨ੍ਹਾਂ ਨੂੰ ਕਿੰਨੀ ਹਮਦਰਦੀ ਸੀ, ਇਸ ਗੱਲ ਦਾ ਅੰਦਾਜ਼ਾ ਤੁਸੀਂ ਸਤਨਾਮ ਖੱਟੜਾ ਦੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਤੋਂ ਵੀ ਲਾ ਸਕਦੇ ਹੋ। ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਉਨ੍ਹਾਂ ਵਲੋਂ ਗਰੀਬ ਲੋਕਾਂ/ਬੱਚਿਆਂ ਦੀ ਮਦਦ ਕਰਦਿਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਇਹ ਆਖ ਸਕਦੇ ਹੋ ਕਿ ਸਤਨਾਮ ਖੱਟੜਾ ਲੋਕ ਭਲਾਈ ਦੇ ਕੰਮਾਂ 'ਚ ਆਪਣਾ ਸਹਿਯੋਗ ਦਿੰਦੇ ਸਨ। ਇਸ ਤੋਂ ਇਲਾਵਾ ਸਤਨਾਮ ਖੱਟੜਾ ਨੂੰ ਜਾਨਵਰਾਂ ਨਾਲ ਵੀ ਬੇਹੱਦ ਪਿਆਰ ਸੀ। ਉਹ ਜਦੋਂ ਵੀ ਕਿਸੇ ਜਾਨਵਰ ਨੂੰ ਜ਼ਖਮੀ ਦੇਖਦੇ ਸਨ ਤਾਂ ਉਨ੍ਹਾਂ ਦਾ ਇਲਾਜ ਕਰਵਾਉਂਦੇ ਸਨ। ਇਥੋਂ ਤੱਕ ਵੀ ਕੁੱਤਿਆਂ ਦੀ ਦੇਖਰੇਖ ਵੀ ਕਰਦੇ ਸਨ।
ਮੇਲਿਆਂ ਤੇ ਅਖਾੜਿਆਂ ਦੀ ਰੌਣਕ ਸਨ ਸਤਨਾਮ
ਕਬੱਡੀ ਦੇ ਖ਼ੇਤਰ 'ਚੋਂ ਬਾਡੀ ਬਿਲਡਰ ਦੇ ਖ਼ੇਤਰ 'ਚ ਪ੍ਰਸਿੱਧੀ ਖੱਟਣ ਵਾਲੇ ਖੱਟੜਾ ਹਮੇਸ਼ਾ ਹੀ ਮੇਲਿਆਂ ਤੇ ਅਖਾੜਿਆਂ ਦੀ ਰੌਣਕ ਬਣਦੇ ਸਨ। ਵੱਡੇ-ਵੱਡੇ ਟੂਰਨਾਮੈਂਟਾਂ 'ਚ ਸਤਨਾਮ ਖੱਟੜਾ ਮੁੱਖ ਮਹਿਮਾਨ ਵਜੋਂ ਜਾਇਆ ਕਰਦੇ ਸਨ ਅਤੇ ਖਿਡਾਰੀਆਂ ਨੂੰ ਡਾਈਟ ਤੇ ਹੋਰ ਪੌਸ਼ਕ ਤੱਤਾਂ ਬਾਰੇ ਗਿਆਨ ਦਿੰਦੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਸੀ।
ਇਸ ਕਰਕੇ ਹੋਈ ਸਤਨਾਮ ਦੀ ਮੌਤ
ਸਤਨਾਮ ਖੱਟੜਾ ਦੇ ਸੈੱਲ (ਓ. ਟੀ. ਪੀ, ਟੀ. ਐੱਲ. ਸੀ) ਬਹੁਤ ਜ਼ਿਆਦਾ ਘੱਟ ਗਏ ਸਨ, ਜਿਸ ਕਰਕੇ ਉਨ੍ਹਾਂ ਦੀ ਮੌਤ ਹੋਈ ਹੈ। ਹਾਲਾਂਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ। ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਤਨਾਮ ਖੱਟੜਾ ਨੂੰ 2 ਦਿਨਾਂ ਤੋਂ ਖੂਨ ਦੀਆਂ ਉਲਟੀਆਂ ਆ ਰਹੀਆਂ ਸਨ।