ਟਾਈਟਲ, ਕਹਾਣੀ ਦੋਵੇਂ ਦਮਦਾਰ ਸਨ, ਅਜਿਹਾ ਕਿਰਦਾਰ ਮੈਂ ਆਪਣੇ ਕਰੀਅਰ ’ਚ ਨਹੀਂ ਕੀਤਾ : ਰਾਜਕੁਮਾਰ ਰਾਓ
Saturday, Jul 12, 2025 - 03:45 PM (IST)

ਮੁੰਈਬ- ‘ਸਤ੍ਰੀ 2’ ਨਾਲ ਧੁੰਮਾਂ ਪਾਉਣ ਤੋਂ ਬਾਅਦ ਰਾਜਕੁਮਾਰ ਰਾਓ ਹੁਣ ਆਪਣੀ ਨਵੀਂ ਫਿਲਮ ‘ਮਾਲਿਕ’ ਲਈ ਪੂਰੀ ਤਰ੍ਹਾਂ ਤਿਆਰ ਹਨ, ਜੋ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਫਿਲਮ ਵਿਚ ਉਨ੍ਹਾਂ ਨਾਲ ਮਿਸ ਵਰਲਡ ਮਾਨੁਸ਼ੀ ਛਿੱਲਰ ਮੁੱਖ ਭੂਮਿਕਾ ਵਿਚ ਨਜ਼ਰ ਆਵੇਗੀ। ਪੁਲਕਿਤ ਦੇ ਨਿਰਦੇਸ਼ਨ ਵਿਚ ਬਣੀ ਇਹ ਫਿਲਮ ਇਕ ਅਜਿਹੇ ਨੌਜਵਾਨ ਦੀ ਕਹਾਣੀ ਹੈ, ਜੋ ਇਕ ਮਜਬੂਰ ਪਿਤਾ ਦਾ ਬੇਟਾ ਹੁੰਦਾ ਹੋਏ ਵੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹੀ ਫਿਲਮ ਨੂੰ ਲੈ ਕੇ ਦਰਸ਼ਕਾਂ ’ਚ ਖ਼ਾਸਾ ਉਤਸ਼ਾਹ ਦੇਖਿਆ ਜਾ ਰਿਹਾ ਹੈ। ਹਾਲ ਹੀ ਵਿਚ ਰਾਜਕੁਮਾਰ ਰਾਓ ਅਤੇ ਮਾਨੁਸ਼ੀ ਛਿੱਲਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਇਸ ਕਿਰਦਾਰ ਲਈ ਮੈਂ ਪੂਰੀ ਵੱਖਰੀ ਤਰ੍ਹਾਂ ਤਿਆਰੀ ਕੀਤੀ ਸੀ ਜੋ ਮੇਰੇ ਕਿਰਦਾਰ ਦੀ ਡਿਮਾਂਡ ਸੀ: ਰਾਜਕੁਮਾਰ ਰਾਓ
ਪ੍ਰ. ਮਾਲਿਕ ਵਰਗਾ ਪਾਵਰਫੁਲ ਟਾਈਟਲ ਅਤੇ ਕਿਰਦਾਰ ਤੁਹਾਨੂੰ ਕਿਵੇਂ ਮਿਲਿਆ?
ਟਾਈਟਲ ਅਤੇ ਕਹਾਣੀ ਦੋਵੇਂ ਹੀ ਦਮਦਾਰ ਸਨ। ਮੈਂ ਕੁਝ ਯੂਨੀਕ ਕਰਨਾ ਸੀ ਅਤੇ ਉਸੇ ਸਮੇਂ ‘ਮਾਲਿਕ’ ਮੇਰੇ ਕੋਲ ਆਈ। ਪੁਲਕਿਤ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਸਨ, ਜੋ ਮੇਰੇ ਚੰਗੇ ਦੋਸਤ ਹਨ ਅਤੇ ਬੇਹੱਦ ਪ੍ਰਤਿਭਾਸ਼ਾਲੀ ਵੀ ਹਨ। ਇਸ ਲਈ ਮੈਨੂੰ ਲੱਗਿਆ ਕਿ ਇਹ ਇਕ ਬਿਹਤਰੀਨ ਅਨੁਭਵ ਹੋਵੇਗਾ।
ਪ੍ਰ. ਇਸ ਫਿਲਮ ਵਿਚ ਤੁਹਾਡਾ ਕਿਰਦਾਰ ਬਾਕੀ ਫਿਲਮਾਂ ਨਾਲ ਕਿੰਨਾ ਮਿਲਦਾ ਹੈ?
ਇਸ ਫਿਲਮ ਵਿਚ ਕਿਰਦਾਰ ਬਾਕੀ ਫਿਲਮਾਂ ਦੇ ਕਿਰਦਾਰ ਨਾਲੋਂ ਕਾਫ਼ੀ ਅਲੱਗ ਹੈ। ‘ਮਾਲਿਕ’ ਦਾ ਸਫ਼ਰ ਕਾਫ਼ੀ ਅਲੱਗ ਹੈ, ਜੋ ਇਕ ਮਜਬੂਰ ਪਿਤਾ ਦਾ ਬੇਟਾ ਹੁੰਦਾ ਹੈ, ਜਿਸ ਨੂੰ ਮਾਲਿਕ ਬਣਨਾ ਹੁੰਦਾ ਹੈ ਅਤੇ ਉਹ ਬਣਦਾ ਹੈ। ਇਸ ਤੋਂ ਪਹਿਲਾਂ ਮੈਂ ਅਜਿਹਾ ਕੁਝ ਆਪਣੇ ਕਰੀਅਰ ਵਿਚ ਕੀਤਾ ਨਹੀਂ ਹੈ। ਇਸ ਕਿਰਦਾਰ ਲਈ ਮੈਂ ਪੂਰੀ ਵੱਖਰੀ ਤਰ੍ਹਾਂ ਤਿਆਰੀ ਕੀਤੀ ਸੀ, ਜੋ ਮੇਰੇ ਕਿਰਦਾਰ ਦੀ ਡਿਮਾਂਡ ਸੀ।
ਪ੍ਰ. ਇੰਡਸਟਰੀ ਤੋਂ ਬਾਹਰ ਤੋਂ ਆ ਕੇ ਇਸ ਮੁਕਾਮ ਤੱਕ ਪਹੁੰਚਣਾ ਕਿੰਨਾ ਮੁਸ਼ਕਲ ਸੀ?
ਬਹੁਤ ਮੁਸ਼ਕਲ ਸੀ। ਸਭ ਤੋਂ ਕਠਿਨ ਕੰਮ ਪਹਿਲੀ ਫਿਲਮ ਪਾਉਣਾ ਹੁੰਦਾ ਹੈ। ਤੁਸੀਂ ਆਊਟਸਾਈਡਰ ਹੋ ਤਾਂ ਕੋਈ ਗਾਈਡ ਕਰਨ ਵਾਲਾ ਨਹੀਂ ਹੁੰਦਾ ਕਿ ਕਿਹੜੀ ਫਿਲਮ ਲੈਣੀ ਹੈ ਤੇ ਕਿਹੜੀ ਨਹੀਂ। ਕਈ ਵਾਰ ਅਜਿਹਾ ਹੋਇਆ ਕਿ ਫਿਲਮ ਸਾਈਨ ਕਰ ਲਈ ਪਰ ਬਾਅਦ ਵਿਚ ਪਤਾ ਲੱਗਿਆ ਕਿ ਕਿਸੇ ਹੋਰ ਨੂੰ ਲੈ ਲਿਆ ਗਿਆ ਹੈ ਪਰ ਮੈਂ ਬਹੁਤ ਪਰਸਨਲ ਚੀਜ਼ਾਂ ਨੂੰ ਦਿਲ ’ਤੇ ਨਹੀਂ ਲੈਂਦਾ ਜਦੋਂ ਤੱਕ ਉਹ ਸੱਚੀ ਬਹੁਤ ਨਿੱਜੀ ਨਾ ਹੋਵੇ ਪਰ ਮੈਨੂੰ ਮੇਰੀ ਜਨਤਾ ਦਾ ਏਨਾ ਪਿਆਰ ਮਿਲਿਆ, ਜੋ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਤੇ ਉਹੀ ਮੈਨੂੰ ਚਾਹੀਦਾ।
ਪ੍ਰ. ਤੁਹਾਡੇ ਜੀਵਨ ਵਿਚ ਤੁਹਾਡੀ ਪਤਨੀ ਪਤਰਲੇਖਾ ਦਾ ਕੀ ਰੋਲ ਹੈ?
ਪਤਰਲੇਖਾ ਦਾ ਮੇਰੇ ਜੀਵਨ ਵਿਚ ਬਹੁਤ ਵੱਡਾ ਰੋਲ ਹੈ ਉਹ ਮੇਰੇ ਲਈ ਸਭ ਕੁਝ ਹੈ ਅਤੇ ਮੇਰੇ ਨਾਲ ਜਦੋਂ ਵੀ ਕੁਝ ਚੰਗਾ ਹੁੰਦਾ ਹੈ ਤਾਂ ਮੈਂ ਉਨ੍ਹਾਂ ਨੂੰ ਦੱਸਦਾ ਹਾਂ। ਜੇ ਕੁਝ ਹੋਰ ਵੀ ਹੁੰਦਾ ਹੈ ਤਾਂ ਮੈਂ ਉਨ੍ਹਾਂ ਨੂੰ ਹੀ ਸਭ ਤੋਂ ਪਹਿਲਾਂ ਦੱਸਦਾ ਹਾਂ। ਉਹ ਮੇਰੀ ਜ਼ਿੰਦਗੀ ਦਾ ਇਕ ਬੇਹੱਦ ਅਹਿਮ ਹਿੱਸਾ ਹੈ, ਜਿਨ੍ਹਾਂ ਨਾਲ ਮੈਂ ਬਹੁਤ ਪਿਆਰ ਕਰਦਾ ਹਾਂ।
ਇੱਥੇ ਹਰ ਦਿਨ ਨਵਾਂ ਹੈ ਅਤੇ ਹਰ ਰੋਲ ਅਲੱਗ ਹੈ, ਇਹ ਸਫ਼ਰ ਇਕ ਵਿਦਿਆਰਥੀ ਵਾਲੀ ਭਾਵਨਾ ਨਾਲ ਹੀ ਚੱਲਦੀ ਹੈ: ਮਾਨੁਸ਼ੀ ਛਿੱਲਰ
ਪ੍ਰ. ਤੁਹਾਡੇ ਲਈ ਇਹ ਰੋਲ ਇਕ ਗ੍ਰਾਫਿਕ ਅਤੇ ਇੰਟੈਂਸ ਕੈਰੇਕਟਰ ਹੈ। ਪਹਿਲਾ ਰੀਐਕਸ਼ਨ ਕੀ ਸੀ ਜਦੋਂ ਤੁਸੀਂ ਸਕ੍ਰਿਪਟ ਪੜ੍ਹੀ?
ਇਕ ਐਕਟ੍ਰੈੱਸ ਤੇ ਇਕ ਦਰਸ਼ਕ ਦੋਵੇਂ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਹ ਕਿਰਦਾਰ ਬਹੁਤ ਖ਼ਾਸ ਹੈ। ਰਾਜਕੁਮਾਰ ਵਰਗੇ ਸ਼ਾਨਦਾਰ ਐਕਟਰ ਨਾਲ ਕੰਮ ਕਰਨਾ ਅਤੇ ਸੈੱਟ ’ਤੇ ਉਨ੍ਹਾਂ ਦੀ ਤਿਆਰੀ ਨੂੰ ਦੇਖਣਾ ਮੇਰੇ ਲਈ ਸਿੱਖਣ ਵਰਗਾ ਸੀ। ਉਹ ਸਿਰਫ਼ ਆਪਣਾ ਹੀ ਨਹੀਂ ਬਲਕਿ ਆਸਪਾਸ ਦੇ ਹਰ ਇਨਸਾਨ ਦਾ ਵੀ ਧਿਆਨ ਰੱਖਦੇ ਹਨ। ਉਨ੍ਹਾਂ ਨੇ ਮੈਨੂੰ ਕਾਫ਼ੀ ਸਹਿਜ ਮਹਿਸੂਸ ਕਰਵਾਇਆ।
ਪ੍ਰ. ਆਪਣੇ ਕਿਰਦਾਰ ਬਾਰੇ ਦੱਸੋ?
ਮੇਰੇ ਕਿਰਦਾਰ ਦਾ ਨਾਮ ਸ਼ਾਲਿਨੀ ਹੈ ਜੋ ਇਕ ਛੋਟੇ ਸ਼ਹਿਰ ਦੀ ਸਧਾਰਨ ਲੜਕੀ ਹੈ ਅਤੇ ਕਾਫ਼ੀ ਹਿੰਮਤ ਵਾਲੀ ਹੈ, ਜੋ ਮਾਲਿਕ ਦੇ ਜੀਵਨ ਵਿਚ ਹਮਾਇਤੀ ਦਾ ਰੋਲ ਅਦਾ ਕਰਦੀ ਹੈ। ਮਾਲਿਕ ਵੀ ਇਕ ਹਿੰਮਤੀ ਇਨਸਾਨ ਹੈ ਜਿਸ ਦੀ ਇਕ ਕਿਯੋਟਿਕ ਦੁਨੀਆ ਹੈ ਪਰ ਉਸ ਤੋਂ ਅਲੱਗ ਉਸ ਦੀ ਇਕ ਦੁਨੀਆ ਸ਼ਾਲਿਨੀ ਦੇ ਨਾਲ ਹੈ।
ਪ੍ਰ. ਸੈੱਟ ’ਤੇ ਪਹਿਲਾ ਦਿਨ ਕਿਵੇਂ ਦਾ ਸੀ? ਕੀ ਤੁਸੀਂ ਨਰਵਸ ਸੀ?
ਬਿਲਕੁਲ! ਮੈਂ ਕਾਫ਼ੀ ਨਰਵਸ ਸੀ ਕਿਉਂਕਿ ਇਹ ਮੇਰੇ ਲਈ ਇਕ ਬਹੁਤ ਵੱਡੀ ਫਿਲਮ ਹੈ ਪਰ ਸੈੱਟ ’ਤੇ ਸਾਰੇ ਬਹੁਤ ਮਦਦਗਾਰ ਤੇ ਸੀਨੀਅਰ ਐਕਟਰ ਕਾਫ਼ੀ ਸਹਿਯੋਗੀ ਸਨ। ਉਹ ਮੈਨੂੰ ਫੀਡਬੈਕ ਦਿੰਦੇ ਸਨ ਅਤੇ ਇਹ ਮੇਰੇ ਲਈ ਬਹੁਤ ਕੀਮਤੀ ਸੀ। ਇਸ ਸਭ ’ਚ ਪੁਲਕਿਤ ਨੇ ਹਰ ਮੋੜ ’ਤੇ ਮੇਰੀ ਮਦਦ ਕੀਤੀ ਅਤੇ ਮੈਨੂੰ ਸਮਝਾਇਆ। ਸਾਰਿਆਂ ਦੇ ਆਪਣੇ ਕਿਰਦਾਰ ਹਨ, ਜਿਨ੍ਹਾਂ ਨੂੰ ਉਨ੍ਹਾਂ ਵੱਡੇ ਯੂਨਿਕ ਤਰੀਕੇ ਨਾਲ ਪਲੇਅ ਕੀਤਾ ਹੈ।
ਪ੍ਰ. ਮਿਸ ਵਰਲਡ ਤੋਂ ਲੈ ਕੇ ਮੈਡੀਕਲ ਵਿਦਿਆਰਥੀ ਅਤੇ ਹੁਣ ਐਕਟ੍ਰੈਸ ਤਾਂ ਇਸ ਸਫ਼ਰ ਵਿਚ ਤੁਸੀਂ ਕੀ ਸਭ ਤੋਂ ਜ਼ਿਆਦਾ ਸਿੱਖਿਆ?
ਮਿਸ ਵਰਲਡ ਦਾ ਅਨੁਭਵ ਅਲੱਗ ਸੀ ਪਰ ਜਦੋਂ ਮੈਂ ਅਦਾਕਾਰੀ ਵਿਚ ਆਈ ਤਾਂ ਮੈਨੂੰ ਬਹੁਤ ਕੁਝ ਅਨਲਰਨ ਕਰਨਾ ਪਿਆ। ਇੱਥੇ ਹਰ ਦਿਨ ਨਵਾਂ ਹੈ ਅਤੇ ਹਰ ਰੋਲ ਅਲੱਗ ਹੈ। ਮੈਨੂੰ ਲੱਗਦਾ ਹੈ ਇਹ ਸਫ਼ਰ ਇਕ ਵਿਦਿਆਰਥੀ ਵਾਲੀ ਭਾਵਨਾ ਨਾਲ ਹੀ ਚੱਲਦੀ ਹੈ ਹਰ ਦਿਨ ਕੁਝ ਸਿੱਖਣਾ। ਮੈਂ ਚਾਹਾਂਗੀ ਕਿ ਮੈਂ ਹੋਰ ਚੰਗਾ ਕੰਮ ਕਰ ਸਕਾਂ ਅਤੇ ਨਵਾਂ ਕੁਝ ਸਿੱਖਦੀ ਰਹਾਂ।