ਮੈਂ ਖ਼ੁਦ ਦਾ ਸਭ ਤੋਂ ਵੱਡਾ ਫੈਨ, ਆਪਣੀ ਹਰ ਫਿਲਮ 50 ਵਾਰ ਦੇਖਦਾ ਹਾਂ : ਕਮਲ ਹਾਸਨ
Saturday, May 24, 2025 - 05:09 PM (IST)

ਮੁੰਬਈ- 5 ਜੂਨ ਨੂੰ ਰਿਲੀਜ਼ ਹੋਣ ਵਾਲੀ ਕਮਲ ਹਾਸਨ ਦੀ 234ਵੀਂ ਫਿਲਮ ਆਪਣੇ-ਆਪ ’ਚ ਇਕ ਵੱਖਰਾ ਮੌਕਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਫਿਲਮ ਵਿਚ ਨਿਰਦੇਸ਼ਕ ਮਣੀ ਰਤਨਮ ਅਤੇ ਕਮਲ ਹਾਸਨ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮੇਂ ਬਾਅਦ ਇਕੱਠੇ ਆਏ ਹਨ। ਇਸ ਫਿਲਮ ਦੇ ਨਾਲ ਹੀ ਆਪਣੇ ਫਿਲਮੀ ਕਰੀਅਰ ’ਤੇ ਪ੍ਰਸਿੱਧ ਫਿਲਮ ਕਲਾਕਾਰ ਕਮਲ ਹਾਸਨ ਅਤੇ ਫਿਲਮ ਦੀ ਸਟਾਰ ਕਾਸਟ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...
ਸਾਡੀ ਫਿਲਮ ‘ਠੱਗ ਲਾਈਫ’ ਸ਼ਹਿਰ ਦੇ ਅਪਰਾਧੀਆਂ ਦੀ ਕਹਾਣੀ : ਕਮਲ ਹਾਸਨ
ਪ੍ਰ. ਫਿਲਮ ਦਾ ਨਾਂ ‘ਠੱਗ ਲਾਈਫ’ ਕਿਉਂ ਰੱਖਿਆ ਗਿਆ, ਤੁਹਾਡੀ ਨਜ਼ਰ ’ਚ ਠੱਗ ਦਾ ਕੀ ਮਤਲਬ ਹੈ?
ਅੱਜਕੱਲ ਠੱਗ ਨੂੰ ਲੋਕ ਸਮਾਰਟ ਜਾਂ ਤੇਜ਼-ਤਰਾਰ ਜਵਾਬ ਨਾਲ ਜੋੜਦੇ ਹਨ, ਅਸਲੀ ਮਤਲਬ ਭੁੱਲ ਗਏ। ਸਾਡੀ ਫਿਲਮ ਸ਼ਹਿਰ ਦੇ ਅਪਰਾਧੀਆਂ ਦੀ ਕਹਾਣੀ ਹੈ, ਜੋ ਠੱਗ ਹਨ ਪਰ ਆਪਣੀ ਚਲਾਕੀ ਦਿਖਾਉਂਦੇ ਹਨ। ਇਹ ਕਹਾਣੀ ਇਨ੍ਹਾਂ ਕਿਰਦਾਰਾਂ ਦੀ ਡੂੰਘਾਈ ਨੂੰ ਦਰਸਾਉਂਦੀ ਹੈ। ਸਾਡਾ ਮੰਤਵ ਪਹਿਲਾਂ ਦੀਆਂ ਫਿਲਮਾਂ ਤੋਂ ਬਿਹਤਰ ਕਰਨਾ ਸੀ ਪਰ ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਦਰਸ਼ਕਾਂ ਨੂੰ ਕੁਝ ਨਵਾਂ ਮਿਲੇ। ਉਮੀਦ ਹੈ, ਇਨ੍ਹਾਂ 36 ਸਾਲਾਂ ’ਚ ਅਸੀਂ ਸਿਨੇਮਾ ਨੂੰ ਅੱਗੇ ਵਧਾਇਆ ਹੈ।
ਪ੍ਰ. ਫਿਲਮ ਦੀ ਤਿਆਰੀ ’ਚ ਕੀ ਖ਼ਾਸ ਸੀ ਅਤੇ ਇਸ ਨਾਲ ਸੈੱਟ ’ਤੇ ਕਿਵੇਂ ਮਦਦ ਮਿਲੀ? ਮਣੀਰਤਨਮ ਨਾਲ ਕੰਮ ਕਰਨਾ ਦਾ ਤੁਹਾਡਾ ਤਜਰਬਾ ਕਿਵੇਂ ਰਿਹਾ?
ਸਾਡੀ ਟੀਮ ਵਿਚ ਬਿਹਤਰੀਨ ਕੈਮਰਾਮੈਨ, ਆਰਟ ਡਾਇਰੈਕਟਰ, ਮੇਕਅੱਪ ਮੈਨ ਅਤੇ ਫੋਕਸ ਪੁਲਰ ਸੀ, ਜਿਨ੍ਹਾਂ ਨੇ ਮੇਰੇ ਕੰਮ ਨੂੰ ਹੋਰ ਨਿਖਾਰਿਆ। ਮਣੀ ਅਤੇ ਮੈਂ ਸੈੱਟ ’ਤੇ ਸਮਾਂ ਬਚਾਉਣ ਲਈ ਪਹਿਲਾਂ ਖ਼ੂਬ ਰਿਹਰਸਲ ਕਰਦੇ। ਮਿਸਾਲ ਦੇ ਤੌਰ ’ਤੇ ਤ੍ਰਿਸ਼ਾ ਨਾਲ ਇਕ ਕਾਰ ਵਾਲਾ ਸੀਨ ਸੀ, ਜਿਸ ਵਿਚ ਬੱਚੇ ਸਨ ਅਤੇ ਇਸ ਨੂੰ ਪੈਰਿਸ ਵਿਚ ਸ਼ੂਟ ਕਰਨਾ ਸੀ। ਅਸੀਂ ਚੇਨਈ ’ਚ ਰਿਹਰਸਲ ਕੀਤੀ, ਜਿਸ ਨਾਲ ਸੈੱਟ ’ਤੇ ਸਭ ਕੁਝ ਆਸਾਨੀ ਨਾਲ ਹੋਇਆ। ਕੈਮਰੇ ਫਿਕਸ ਸੀ, ਯੂਨਿਟ ਨਾਲ ਨਹੀਂ ਸੀ ਪਰ ਰਿਹਰਸਲ ਕਾਰਨ ਅਸੀਂ ਸੀਨ ਬਿਨਾਂ ਕਿਸੇ ਗੜਬੜ ਤੋਂ ਪੂਰਾ ਕੀਤਾ। ਇਸ ਸਭ ਇਕ ਟੀਮ ਦੇ ਤੌਰ ’ਤੇ ਕੰਮ ਕਰਨਾ ਨਾਲ ਹੁੰਦਾ ਹੈ।
ਪ੍ਰ. ਤੁਸੀਂ ਸਿਨੇਮਾ ਨੂੰ ਅਜਿਹੀ ਭਾਸ਼ਾ ਦੱਸਿਆ ਹੈ, ਜੋ ਸਰਹੱਦਾਂ ਤੋੜੇਗੀ। ਫਿਲਮਾਂ ਵਿਚ ਕਿਵੇਂ ਇਸ ਸੋਚ ’ਤੇ ਅਮਲ ਕਰਦੇ ਹੋ?
ਸਿਨੇਮਾ ਸੰਗੀਤ ਵਰਗਾ ਹੈ, ਜਿਸ ਦੀ ਕੋਈ ਭਾਸ਼ਾ ਨਹੀਂ। ਜਿਵੇਂ ਰਵੀ ਸ਼ੰਕਰ ਨੂੰ ਜਾਰਜ ਹੈਰੀਸਨ ਸਮਝਦੇ ਹਨ, ਉਵੇਂ ਹੀ ਸਿਨੇਮਾ ਹਰ ਕਿਸੇ ਨਾਲ ਗੱਲ ਕਰੇਗਾ। ਇਸ ਨੂੰ ਛੋਟੇ ਦਾਇਰੇ ਵਿਚ ਨਹੀਂ ਬੰਨ੍ਹਣਾ ਚਾਹੀਦਾ। ‘ਠੱਗ ਲਾਈਫ’ ’ਚ ਅਸੀਂ ਅਜਿਹੀ ਕਹਾਣੀ ਚੁਣੀ, ਜੋ ਹਰ ਦਰਸ਼ਕ ਤੱਕ ਪਹੁੰਚੇ। ਮੇਰਾ ਸੁਪਨਾ ਹੈ, ਸਾਡਾ ਸਿਨੇਮਾ ਹਾਲੀਵੁੱਡ ਤੇ ਚੀਨੀ ਸਿਨੇਮਾ ਨੂੰ ਟੱਕਰ ਦੇਵੇ। ਦਿੱਲੀ ’ਚ ਵਿਦੇਸ਼ੀ ਕਲਾਕਾਰ ਆਉਣ ਅਤੇ ਪ੍ਰਸ਼ੰਸਾ ਕਰਨ।
ਪ੍ਰ. ਤੁਹਾਡੇ ਮੁਰੀਦ ਤਾਂ ਦੁਨੀਆ ਭਰ ’ਚ ਹਨ ਪਰ ਤੁਹਾਨੂੰ ਆਪਣਾ ਸਭ ਤੋਂ ਵੱਡਾ ਕ੍ਰਿਟਿਕ ਕੌਣ ਨਜ਼ਰ ਆਉਂਦਾ ਹੈ ਤੇ ਉਨ੍ਹਾਂ ਦੀਆਂ ਗੱਲਾਂ ਦਾ ਤੁਹਾਡੇ ’ਤੇ ਕੀ ਅਸਰ ਹੋਇਆ?
ਮੇਰੀ ਸਭ ਤੋਂ ਸਖ਼ਤ ਕ੍ਰਿਟਿਕ ਮੇਰੀ ਮਾਂ ਸੀ, ਫਿਰ ਮੇਰੀ ਭੈਣ ਪਰ ਸਭ ਤੋਂ ਵੱਡਾ ਫੈਨ ਮੈਂ ਖ਼ੁਦ ਹਾਂ। ਮੈਂ ਆਪਣੀ ਹਰ ਫਿਲਮ ਘੱਟ ਤੋਂ ਘੱਟ 50 ਵਾਰ ਦੇਖਦਾ ਹਾਂ ਤੇ ਉਸ ਦਾ ਮਜ਼ਾ ਲੈਂਦਾ ਹਾਂ। ਜੇ ਮੇਰਾ ਕੰਮ ਦਰਸ਼ਕਾਂ ਨੂੰ ਪਸੰਦ ਆਉਂਦਾ ਹੈ ਤਾਂ ਉਹ ਪ੍ਰਸ਼ੰਸਾ ਕਰਦੇ ਹਨ। ਜੇ ਕਹਾਣੀ ਕਮਜ਼ੋਰ ਹੋਵੇ ਤਾਂ ਐਕਟਰ ਕਿੰਨਾ ਵੀ ਚੰਗਾ ਕਰੇ, ਕੰਮ ਨਹੀਂ ਬਣਦਾ। ਇਹ ਸਿਰਫ਼ ਮੇਰੀ ਗ਼ਲਤੀ ਨਹੀਂ ਹੁੰਦੀ। ਮੈਂ ਆਪਣੀ ਕਮੀਆਂ ਨੂੰ ਮੰਨਦਾ ਹਾਂ ਤੇ ਅਗਲੀ ਫਿਲਮ ’ਚ ਬਿਹਤਰ ਕਰਨ ਦੀ ਕੋਸ਼ਿਸ਼ ਕਰਦਾ ਹਾਂ।
ਪ੍ਰ. ਤੁਹਾਡੇ ਵਰਗੇ ਕਲਾਕਾਰਾਂ ਨਾਲ ਭਾਰਤੀ ਫਿਲਮ ਦੇ ਭਵਿੱਖ ’ਤੇ ਗੱਲ ਕੀਤੀ ਜਾਣੀ ਚਾਹੀਦੀ ਹੈ। ਕੀ ਸੋਚਦੇ ਹੋ ਕੀ ਅਸੀਂ ਅੱਗੇ ਵਧਣ ’ਚ, ਨਵੀਆਂ ਤਕਨੀਕਾਂ ਦੀ ਵਰਤੋਂ ’ਚ ਦੇਰੀ ਕਰ ਦਿੱਤੀ।
ਇਹ ਸੱਚ ਹੈ ਕਿ ਇੰਡਸਟਰੀ ਸਿਰਫ਼ ਟਿਕਟ ਦੀ ਕਮਾਈ ਦੇਖਦੀ ਹੈ, ਦਰਸ਼ਕਾਂ ਦੀ ਖ਼ੁਸ਼ੀ ਨਹੀਂ। ਸਾਨੂੰ ਉਹੀ ਦੇਣਾ ਚਾਹੀਦਾ ਹੈ, ਜੋ ਦਰਸ਼ਕ ਚਾਹੁੰਦੇ ਹਨ। ਟਰੂਫੋ ਅਤੇ ਗੋਡਾਰਡ ਨੇ ਫ੍ਰੈਂਚ ਸਿਨੇਮਾ ਨੂੰ ਬਦਲਿਆ ਕਿਉਂਕਿ ਉਨ੍ਹਾਂ ਨੇ ਦਰਸ਼ਕਾਂ ਦੀ ਜ਼ਰੂਰਤ ਸਮਝੀ। ਮੈਂ ਚਾਹੁੰਦਾ ਹਾਂ ਕਿ ਨਵੀਂ ਪੀੜ੍ਹੀ ਆਵੇ ਅਤੇ ਸਿਨੇਮਾ ਦੇ ਪੁਰਾਣੇ ਢਾਂਚੇ ਤੋੜੇ। ਮੇਰਾ ਸੁਪਨਾ ਹੈ ਕਿ ਅਸੀਂ ਹਾਲੀਵੁੱਡ ਤੇ ਚੀਨੀ ਸਿਨੇਮਾ ਨੂੰ ਪਛਾੜੀਏ। ਇਸ ਲਈ ਸਾਨੂੰ ਨਵੀਂ ਤਕਨੀਕ ਅਪਣਾਉਣੀ ਪਵੇਗੀ ਤੇ 50 ਸਾਲ ਅੱਗੇ ਦੀ ਸੋਚ ਰੱਖਣੀ ਹੋਵੇਗੀ ਨਾ ਕਿ 10 ਸਾਲ ਪਿੱਛੇ ਰਹਿਣਾ।
ਪ੍ਰ. ਤੁਸੀਂ ਆਪਣੀਆਂ ਉਪਲਬਧੀਆਂ ਨੂੰ ਕਿਵੇਂ ਦੇਖਦੇ ਹੋ? ਆਪਣੀ ਕੋਈ ਫਿਲਮ ਜਾਂ ਰੋਲ ਦੁਬਾਰਾ ਕਰਨਾ ਚਾਹੁੰਦੇ ਹੋ?
ਨਹੀਂ, ਮੈਂ ਆਪਣੀਆਂ ਪੁਰਾਣੀਆਂ ਫਿਲਮਾਂ ਤੋਂ ਅੱਕ ਚੁੱਕਿਆ ਹਾਂ। ਉਨ੍ਹਾਂ ਕਲਾਸਿਕਸ ਨੂੰ ਬਣਾਉਣ ਵਾਲੇ ਕੁਝ ਡਾਇਰੈਕਟਰ ਹੁਣ ਨਹੀਂ ਹਨ ਤਾਂ ਉਨ੍ਹਾਂ ਨੂੰ ਉਵੇਂ ਹੀ ਦੁਬਾਰਾ ਬਣਾਉਣਾ ਸੰਭਵ ਨਹੀਂ। ਜੇ ਪੁਰਾਣੀ ਕਹਾਣੀ ਦੁਬਾਰਾ ਬਣਾਉਣੀ ਹੈ ਤਾਂ ਉਸ ਨੂੰ ਨਵੇਂ ਨਜ਼ਰੀਏ ਨਾਲ ਬਣਾਉਣਾ ਪਵੇਗਾ। ਦਰਸ਼ਕ ਬਦਲ ਰਹੇ ਹਨ, ਸਾਨੂੰ ਵੀ ਉਨ੍ਹਾਂ ਨਾਲ ਬਦਲਣਾ ਪਵੇਗਾ। ਪੁਰਾਣੀ ਕਾਮਯਾਬੀ ’ਤੇ ਟਿਕੇ ਰਹਿਣਾ ਠੀਕ ਨਹੀਂ।
ਪ੍ਰ. ‘ਠੱਗ ਲਾਈਫ’ ਲਈ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ?
‘ਠੱਗ ਲਾਈਫ’ 5 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਮੇਰੀ ਫੈਨਜ਼ ਨੂੰ ਗੁਜ਼ਾਰਿਸ਼ ਹੈ ਕਿ ਉਹ ਇਸ ਨੂੰ ਦੇਖਣ ਅਤੇ ਆਪਣੇ ਦੋਸਤਾਂ ਨੂੰ ਵੀ ਬੁਲਾਉਣ, ਇਹ ਸਾਡਾ ਮੈਸੇਜ਼ ਹੈ। ਅਸੀਂ ਖ਼ੂਬ ਮਿਹਨਤ ਕੀਤੀ ਹੈ ਅਤੇ ਸੈਂਸਰ ਬੋਰਡ ਜਲਦ ਇਸ ਨੂੰ ਦੇਖੇਗਾ। ਅਸੀਂ ਬਹੁਤ ਉਤਸ਼ਾਹਿਤ ਹਾਂ।
ਕਮਲ ਸਰ ਮੇਰੇ ਲਈ ਮੈਂਟਰ ਵਾਂਗ : ਤ੍ਰਿਸ਼ਾ
ਪ੍ਰ. ਤੁਸੀਂ ਕਮਲ ਹਾਸਨ ਨੂੰ ਆਪਣਾ ਮੈਂਟਰ ਦੱਸਿਆ। ਉਨ੍ਹਾਂ ਨਾਲ ਕੰਮ ਕਰਨ ਦਾ ਤਜਰਬਾ ਕਿਵੇਂ ਰਿਹਾ ਅਤੇ ਇਸ ਫਿਲਮ ’ਚ ਉਨ੍ਹਾਂ ਦੀ ਕੀ ਖ਼ਾਸੀਅਤ ਸੀ?
ਕਮਲ ਸਰ ਨਾਲ ਪਹਿਲਾਂ ਤੋਂ ਮੇਰੀ ਚੰਗੀ ਬਾਂਡਿੰਗ ਸੀ ਕਿਉਂਕਿ ਮੈਂ ਉਨ੍ਹਾਂ ਨਾਲ ਪਹਿਲਾਂ ਵੀ ਕੰਮ ਕਰ ਚੁੱਕੀ ਹਾਂ। ਉਹ ਮੇਰੇ ਲਈ ਮੈਂਟਰ ਵਰਗੇ ਹਨ। ਮੈਂ ਉਨ੍ਹਾਂ ਤੋਂ ਰਿਹਰਸਲ, ਡਬਿੰਗ ਤੇ ਕਿਰਦਾਰ ਨਿਭਾਉਣ ਦੇ ਟਿਪਸ ਸਿੱਖੇ। ਇਸ ਫਿਲਮ ’ਚ ਉਹ ਬਹੁਤ ਮਜ਼ਾਕੀਆ ਸਨ ਤੇ ਸੈੱਟ ’ਤੇ ਮਾਹੌਲ ਹਲਕਾ ਰੱਖਦੇ ਸਨ। ਉਹ ਹਰ ਕੋ-ਐਕਟਰ ਨੂੰ ਸਹਿਜ ਕਰਦੇ ਹਨ ਅਤੇ ਜ਼ਰੂਰਤ ਪੈਣ ’ਤੇ ਹਮੇਸ਼ਾ ਸਾਥ ਦਿੰਦੇ ਹਨ। ਉਨ੍ਹਾਂ ਨਾਲ ਕੰਮ ਕਰਨਾ ਮੇਰੇ ਲਈ ਇਕ ਸੁਰੱਖਿਅਤ ਜਗ੍ਹਾ ਵਰਗਾ ਹੈ।
ਪ੍ਰ. ਕਮਲ ਹਾਸਨ ਨਾਲ ਸੈੱਟ ਦਾ ਮਾਹੌਲ ਕਿਵੇਂ ਰਹਿੰਦਾ ਹੈ ਤੇ ਉਹ ਕੋ-ਐਕਟਰ ਨੂੰ ਕਿਵੇਂ ਪ੍ਰੇਰਿਤ ਕਰਦੇ ਹਨ?
ਕਮਲ ਸਰ ਸੈੱਟ ’ਤੇ ਬਹੁਤ ਮਜ਼ੇਦਾਰ ਹਨ ਅਤੇ ਮਾਹੌਲ ਨੂੰ ਹਲਕਾ ਰੱਖਦੇ ਹਨ। ਜੇ ਤੁਸੀਂ ਕਿਸੇ ਸੀਨ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਉਹ ਤੁਹਾਨੂੰ ਰੀਲੈਕਸ ਕਰਦੇ ਹਨ। ਮੈਂ ਉਨ੍ਹਾਂ ਨਾਲ ਚਾਰ ਫਿਲਮਾਂ ਕੀਤੀਆਂ ਹਨ ਤੇ ਦੇਖਿਆ ਹੈ ਕਿ ਹਰ ਕੋ-ਐਕਟਰ ਨਾਲ ਅਜਿਹਾ ਹੀ ਕਰਦੇ ਹਨ। ਉਹ ਡਰ ਨੂੰ ਦੂਰ ਕਰਦੇ ਹਨ ਤੇ ਬਹੁਤ ਘੱਟ ਦਖ਼ਲ ਦਿੰਦੇ ਹਨ। ਜਦੋਂ ਤੁਹਾਨੂੰ ਉਨ੍ਹਾਂ ਦੀ ਲੋੜ ਹੋਵੇ, ਉਹ ਤੁਹਾਡੇ ਲਈ ਮੌਜੂਦ ਰਹਿੰਦੇ ਹਨ ਅਤੇ ਤੁਹਾਡਾ ਬੈਸਟ ਕੱਢਦੇ ਹਨ।
ਇਸ ਬਿਹਤਰੀਨ ਕਾਸਟ ਨਾਲ ਕੰਮ ਕਰਨਾ ਮੇਰੇ ਲਈ ਬਹੁਤ ਵੱਡਾ ਸਬਕ ਸੀ : ਐੱਸ.ਟੀ.ਆਰ.
ਪ੍ਰ. ‘ਠੱਗ ਲਾਈਫ’ ’ਚ ਕੰਮ ਕਰਨਾ ਤੁਹਾਡੇ ਲਈ ਕਿਵੇਂ ਤਜਰਬਾ ਰਿਹਾ ਤੇ ਇਹ ਤੁਹਾਡੇ ਲਈ ਕਿਉਂ ਖ਼ਾਸ ਹੈ ?
ਇਹ ਤਜਰਬਾ ਸ਼ਾਨਦਾਰ ਸੀ। ਮੈਂ ਖ਼ੁਦ ਨੂੰ ਇਕ ਵਿਦਿਆਰਥੀ ਵਾਂਗ ਮਹਿਸੂਸ ਕੀਤਾ। ਮਣੀ ਸਰ, ਰਹਿਮਾਨ ਸਰ, ਕਮਲ ਸਰ ਤੇ ਇਸ ਬਿਹਤਰੀਨ ਕਾਸਟ ਨਾਲ ਕੰਮ ਕਰਨਾ ਮੇਰੇ ਲਈ ਬਹੁਤ ਵੱਡਾ ਸਬਕ ਸੀ। ਇਹ ਮੇਰੇ ਲਈ ਇਕ ਅਹਿਮ ਕਿਰਦਾਰ ਤੇ ਫਿਲਮ ਹੈ। ਮੈਂ ਇਸ ਲਈ ਬਹੁਤ ਉਤਸ਼ਾਹਿਤ ਹਾਂ ਅਤੇ ਖ਼ੁਦ ਨੂੰ ਖ਼ੁਸ਼ਕਿਸਮਤ ਮੰਨਦਾ ਹਾਂ।
ਸੈੱਟ ’ਤੇ ਤਣਾਅ ਘੱਟ ਕਰ ਕੇ ਚੰਗਾ ਮਾਹੌਲ ਬਣਾਉਂਦੇ ਹਨ ਕਮਲ ਸਰ : ਅਭਿਰਾਮੀ
ਪ੍ਰ. ਕਮਲ ਹਾਸਨ ਨਾਲ ਕੰਮ ਕਰਨ ਦਾ ਤਜਰਬਾ ਅਤੇ ਸੈੱਟ ’ਤੇ ਉਨ੍ਹਾਂ ਦਾ ਵਿਵਹਾਰ ਕਿਵੇਂ ਸੀ?
ਕਮਲ ਸਰ ਸੈੱਟ ’ਤੇ ਬਹੁਤ ਚੰਗਾ ਮਾਹੌਲ ਬਣਾਉਂਦੇ ਹਨ। ਉਹ ਮਜ਼ਾਕੀਆ ਹਨ ਅਤੇ ਤਣਾਅ ਨੂੰ ਘੱਟ ਕਰਦੇ ਹਨ। ਮੈਂ ਉਨ੍ਹਾਂ ਨਾਲ ਚਾਰ ਫਿਲਮਾਂ ਕੀਤੀਆਂ ਹਨ ਤੇ ਦੇਖਿਆ ਹੈ ਕਿ ਉਹ ਹਰ ਕੋ-ਐਕਟਰ ਨੂੰ ਰਿਲੈਕਸ ਕਰਦੇ ਹਨ। ਉਹ ਡਰ ਨੂੰ ਦੂਰ ਕਰਦੇ ਹਨ ਤੇ ਬਹੁਤ ਘੱਟ ਦਖ਼ਲ ਦਿੰਦੇ ਹਨ। ਜਦੋਂ ਤੁਹਾਨੂੰ ਉਨ੍ਹਾਂ ਦੀ ਜ਼ਰੂਰਤ ਹੋਵੇ, ਉਹ ਹਮੇਸ਼ਾ ਤੁਹਾਡੇ ਲਈ ਹੁੰਦੇ ਹਨ ਅਤੇ ਤੁਹਾਡਾ ਬੈਸਟ ਕੱਢਦੇ ਹਨ।